America ‘ਚ ਭਾਰਤੀਆਂ ਲਈ ਵਧੀਆਂ ਮੁਸ਼ਕਲਾਂ, 18 ਹਜ਼ਾਰ ਭਾਰਤੀ ਹੋਣਗੇ Deport!

America News : ਅਮਰੀਕਾ ਜਾਣ ਦਾ ਸੁਪਨਾ ਦੇਖ ਰਹੇ ਭਾਰਤੀਆਂ ਲਈ ਆਉਣ ਵਾਲਾ ਸਮਾਂ ਹੋਰ ਮੁਸ਼ਕਲਾਂ ਭਰਿਆ ਹੋ ਸਕਦਾ ਹੈ। ਇੱਕ ਪਾਸੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਭਾਰਤੀਆਂ ‘ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ, ਤਾਂ ਦੂਜੇ ਪਾਸੇ H-1B ਵੀਜ਼ਾ ਰਾਹੀਂ ਅਮਰੀਕਾ ‘ਚ ਨੌਕਰੀ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਲਈ ਵੀ ਨਵੇਂ ਨਿਯਮਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਲਗਭਗ 18 ਹਜ਼ਾਰ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਕਾਰਵਾਈ ਤੇਜ਼ ਕਰ ਸਕਦਾ ਹੈ। ਪਰ ਸਵਾਲ ਇਹ ਹੈ ਕਿ ਆਖ਼ਰ ਟਰੰਪ ਪ੍ਰਸ਼ਾਸਨ ਦਾ ਭਾਰਤੀਆਂ ਨੂੰ ਲੈ ਕੇ ਰੁਖ਼ ਇੰਨਾ ਸਖ਼ਤ ਕਿਉਂ ਹੋ ਰਿਹਾ ਹੈ? ਆਓ ਜਾਣਦੇ ਹਾਂ ਪੂਰੀ ਰਿਪੋਰਟ।ਅਮਰੀਕਾ ਦੀ ਸਿਆਸਤ ‘ਚ ਮਿਡਟਰਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਮੀਗ੍ਰੇਸ਼ਨ ਦਾ ਮੁੱਦਾ ਇੱਕ ਵਾਰ ਫਿਰ ਚਰਚਾ ‘ਚ ਆ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲਾ ਪ੍ਰਸ਼ਾਸਨ ਹੁਣ ਇਮੀਗ੍ਰੇਸ਼ਨ ਅਤੇ ਵੀਜ਼ਾ ਨੀਤੀਆਂ ਨੂੰ ਹੋਰ ਸਖ਼ਤ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੌਰਾਨ ਭਾਰਤੀ-ਅਮਰੀਕੀ ਵੋਟਰਾਂ ਦੀ ਸਿਆਸੀ ਭੂਮਿਕਾ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚੋਣਾਂ ਦੌਰਾਨ ਡੈਮੋਕ੍ਰੇਟਿਕ ਉਮੀਦਵਾਰਾਂ ਨੂੰ ਮਿਲੇ ਸਮਰਥਨ ਤੋਂ ਬਾਅਦ ਟਰੰਪ ਦੀਆਂ ਨੀਤੀਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ। ਪਹਿਲਾ ਵੱਡਾ ਝਟਕਾ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੱਗ ਸਕਦਾ ਹੈ। ਜਾਣਕਾਰੀ ਮੁਤਾਬਕ ਅਮਰੀਕਾ ‘ਚ ਰਹਿ ਰਹੇ ਲਗਭਗ 18 ਹਜ਼ਾਰ ਗੈਰ-ਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਦੀ ਤਿਆਰੀ ਹੈ।

 

ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਸਾਲ 2025 ਦੌਰਾਨ 3 ਹਜ਼ਾਰ 567 ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਪਿਛਲੇ 15 ਸਾਲਾਂ ਦਾ ਸਭ ਤੋਂ ਵੱਡਾ ਅੰਕੜਾ ਸੀ। ਉੱਥੇ ਹੀ ਸਾਲ 2026 ‘ਚ ਜੂਨ ਮਹੀਨੇ ਤੱਕ 1 ਹਜ਼ਾਰ 76 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਸੀ। ਯਾਨੀ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਰਹਿਣ ਵਾਲਿਆਂ ਲਈ ਆਉਣ ਵਾਲੇ ਦਿਨਾਂ ‘ਚ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਹੁਣ ਗੱਲ ਕਰਦੇ ਹਾਂ H-1B ਵੀਜ਼ੇ ਦੀ, ਜੋ ਭਾਰਤੀ ਨੌਜਵਾਨਾਂ ਅਤੇ IT ਪੇਸ਼ੇਵਰਾਂ ਲਈ ਅਮਰੀਕਾ ‘ਚ ਨੌਕਰੀ ਕਰਨ ਦਾ ਇੱਕ ਅਹਿਮ ਰਸਤਾ ਹੈ। ਇਸ ਵੀਜ਼ੇ ਨੂੰ ਲੈ ਕੇ ਵੀ ਸਖ਼ਤੀ ਦੇ ਸੰਕੇਤ ਮਿਲ ਰਹੇ ਹਨ।ਦਿੱਤੇ ਗਏ ਅੰਕੜਿਆਂ ਮੁਤਾਬਕ ਇਸ ਸਾਲ ਭਾਰਤ ਤੋਂ H-1B ਵੀਜ਼ੇ ਲਈ 1 ਲੱਖ 6 ਹਜ਼ਾਰ ਰਜਿਸਟ੍ਰੇਸ਼ਨਾਂ ਹੋਈਆਂ, ਜਦਕਿ ਪਿਛਲੇ ਸਾਲ ਇਹ ਗਿਣਤੀ 1 ਲੱਖ 72 ਹਜ਼ਾਰ ਦੇ ਕਰੀਬ ਸੀ। ਇਸ ਤੋਂ ਇਲਾਵਾ ਟਰੰਪ ਨੇ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦੇ ਸਮਰਥਕ ਸਟੀਫ਼ਨ ਮਿਲਰ ਨੂੰ ਵ੍ਹਾਈਟ ਹਾਊਸ ‘ਚ ਅਹਿਮ ਜ਼ਿੰਮੇਵਾਰੀ ਸੌਂਪਣ ਦਾ ਫੈਸਲਾ ਕੀਤਾ ਹੈ। ਮਿਲਰ ਨੂੰ H-1B ਵੀਜ਼ਾ ਪ੍ਰੋਗਰਾਮ ‘ਤੇ ਸਖ਼ਤ ਰੁਖ਼ ਰੱਖਣ ਵਾਲੇ ਆਗੂ ਵਜੋਂ ਦੇਖਿਆ ਜਾਂਦਾ ਹੈ। ਇਸ ਦੇ ਨਾਲ ਹੀ ਅਮਰੀਕੀ ਕਾਂਗਰਸ ‘ਚ ਅਜਿਹੇ ਬਿੱਲਾਂ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ, ਜਿਨ੍ਹਾਂ ਦਾ ਮਕਸਦ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਪੇਸ਼ੇਵਰਾਂ ਲਈ ਵੀਜ਼ਾ ਨਿਯਮ ਸਖ਼ਤ ਕਰਨਾ ਹੈ। ਕੁੱਲ ਮਿਲਾ ਕੇ ਅਮਰੀਕਾ ‘ਚ ਰਹਿ ਰਹੇ ਅਤੇ ਉੱਥੇ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਇਹ ਅਹਿਮ ਸਮਾਂ ਹੈ। ਇੱਕ ਪਾਸੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਡਿਪੋਰਟੇਸ਼ਨ ਦਾ ਖ਼ਤਰਾ ਹੈ, ਦੂਜੇ ਪਾਸੇ H-1B ਵੀਜ਼ਾ ਅਤੇ ਵਿਦਿਆਰਥੀ ਵੀਜ਼ਾ ਨਿਯਮਾਂ ‘ਚ ਸੰਭਾਵਿਤ ਬਦਲਾਅ ਦੀ ਚਰਚਾ ਹੈ। ਹੁਣ ਦੇਖਣਾ ਹੋਵੇਗਾ ਕਿ ਟਰੰਪ ਪ੍ਰਸ਼ਾਸਨ ਆਉਣ ਵਾਲੇ ਦਿਨਾਂ ‘ਚ ਇਮੀਗ੍ਰੇਸ਼ਨ ਨੂੰ ਲੈ ਕੇ ਕਿਹੜੇ ਨਵੇਂ ਕਦਮ ਚੁੱਕਦਾ ਹੈ ਅਤੇ ਇਸ ਦਾ ਭਾਰਤੀ ਪ੍ਰਵਾਸੀਆਂ ‘ਤੇ ਕਿੰਨਾ ਅਸਰ ਪੈਂਦਾ ਹੈ।

Related Post