Punjab News : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਪਾਰਟੀ ਦੀ ਅੰਦਰੂਨੀ ਸਥਿਤੀ ਨੂੰ ਲੈ ਕੇ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਚੰਨੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਕਾਂਗਰਸ ਦੇ ਅੰਦਰ ਹੁਣ ਕੋਈ ਅੰਦਰੂਨੀ ਲੜਾਈ ਜਾਂ ਖਿੱਚੋਤਾਣ ਨਹੀਂ ਹੈ। ਨਿੱਜੀ ਚੈਨਲ ਨੂੰ ਬਿਆਨ ਦਿੰਦੇ ਉਨ੍ਹਾਂ ਦੱਸਿਆ ਕਿ ਪਾਰਟੀ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੀ ਨਿਯੁਕਤੀ ਤੋਂ ਬਾਅਦ ਆਗੂਆਂ ਵਿਚਾਲੇ ਚੱਲ ਰਹੇ ਸਾਰੇ ਵਿਅਕਤੀਗਤ ਮਤਭੇਦ ਖ਼ਤਮ ਹੋ ਚੁੱਕੇ ਹਨ।ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਪਾਰਟੀ ‘ਚ ਮੁੱਖ ਮੰਤਰੀ, ਮੰਤਰੀ ਜਾਂ ਪ੍ਰਧਾਨ ਬਣਨ ਲਈ ਕੋਈ ਦੌੜ ਜਾਂ ਲੜਾਈ ਨਹੀਂ ਚੱਲ ਰਹੀ।
ਚਰਨਜੀਤ ਸਿੰਘ ਚੰਨੀ ਨੇ ਅੱਗੇ ਕਿਹਾ ਕਿ ਇਹ ਲੜਾਈ ਹੁਣ ਅਹੁਦਿਆਂ ਜਾਂ ਕੁਰਸੀ ਦੀ ਨਹੀਂ ਹੈ, ਸਗੋਂ ਪੰਜਾਬ ਦੀ ਲੜਾਈ ਹੈ। ਉਨ੍ਹਾਂ ਅਨੁਸਾਰ ਕਾਂਗਰਸ ਦਾ ਮੁੱਖ ਏਜੰਡਾ ਸਿਰਫ਼ ਪੰਜਾਬੀਅਤ ਅਤੇ ਪੰਜਾਬ ਨੂੰ ਬਚਾਉਣਾ ਹੈ। ਇਥੇ ਇਹ ਵੀ ਦੱਸ ਦੇਈਏ ਕਿ ਅੱਜ ਚੰਡੀਗੜ੍ਹ ਵਿਚ ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ਦੇ ਸੈਕਟਰ-17 ‘ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਰਾਜਾ ਵੜਿੰਗ ਵੱਲੋਂ ਕੀਤੀ ਗਈ ਸੀ। ਇਸ ਪ੍ਰਦਰਸ਼ਨ ਵਿਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਗੈਰ-ਹਾਜ਼ਰ ਰਹੇ। ਇਹ ਮਾਰਚ ਆਰ. ਬੀ. ਆਈ. ਦਫ਼ਤਰ ਤੋਂ ਸ਼ੁਰੂ ਹੋ ਕੇ ਕਮਿਸ਼ਨ ਦਫ਼ਤਰ ਤੱਕ ਪਹੁੰਚਿਆ। ਪ੍ਰਦਰਸ਼ਨ ਦੌਰਾਨ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ ਅਤੇ ਰਾਜ ਕੁਮਾਰ ਵੇਰਕਾ ਸਮੇਤ ਕਈ ਆਗੂ ਸ਼ਾਮਲ ਰਹੇ।

