ਫਗਵਾੜਾ ‘ਚ ਕਿਸਾਨਾਂ ਦਾ ਵੱਡਾ ਐਕਸ਼ਨ! 26 ਨਵੰਬਰ ਨੂੰ ਸੜਕਾਂ ‘ਤੇ ਉਤਰਨਗੇ ਕਿਸਾਨ!

Punjab News : ਗੰਨਾ ਕਿਸਾਨਾਂ ਦੀ ਮਿਹਨਤ ਖੇਤਾਂ ‘ਚ ਤਾਂ ਪੱਕ ਕੇ ਤਿਆਰ ਹੋ ਗਈ, ਪਰ ਜਦੋਂ ਆਪਣੀ ਫ਼ਸਲ ਦੀ ਕਮਾਈ ਲੈਣ ਦੀ ਵਾਰੀ ਆਈ ਤਾਂ ਕਿਸਾਨਾਂ ਨੂੰ ਮਿਲ ਰਹੀਆਂ ਨੇ ਸਿਰਫ਼ ਉਡੀਕਾਂ! ਹੁਣ ਇਸੇ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਫੁੱਟ ਪਿਆ ਹੈ। ਫਗਵਾੜਾ ਦੀ ਖੰਡ ਮਿੱਲ ਵੱਲੋਂ ਕਰੋੜਾਂ ਰੁਪਏ ਦੀ ਅਦਾਇਗੀ ਨਾ ਕੀਤੇ ਜਾਣ ਦੇ ਵਿਰੋਧ ‘ਚ ਕਿਸਾਨਾਂ ਨੇ ਸੜਕਾਂ ‘ਤੇ ਉਤਰਨ ਦਾ ਐਲਾਨ ਕਰ ਦਿੱਤਾ ਹੈ। 26 ਨਵੰਬਰ ਨੂੰ ਹੋਣ ਵਾਲੇ ਇਸ ਪ੍ਰਦਰਸ਼ਨ ਦੌਰਾਨ ਨੈਸ਼ਨਲ ਹਾਈਵੇਅ ਜਾਮ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਦਰਅਸਲ, ਫਗਵਾੜਾ ਦੀ ਖੰਡ ਮਿੱਲ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦਾ 27 ਕਰੋੜ 84 ਲੱਖ ਰੁਪਏ ਦਾ ਬਕਾਇਆ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ। ਜਿਸ ਕਾਰਨ ਭਾਰਤੀ ਕਿਸਾਨ ਯੂਨੀਅਨ ਨੇ 26 ਨਵੰਬਰ ਨੂੰ ਮਿੱਲ ਚੌਕ ਵਿਖੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਮਨਜੀਤ ਸਿੰਘ ਰਾਏ ਮੁਤਾਬਕ, 26 ਨਵੰਬਰ ਨੂੰ ਸਵੇਰੇ 10 ਵਜੇ ਕਿਸਾਨ ਖੰਡ ਮਿੱਲ ਦੇ ਮੁੱਖ ਗੇਟ ਦੇ ਬਾਹਰ ਇਕੱਠੇ ਹੋਣਗੇ। ਇੱਥੋਂ ਇਕੱਠੇ ਹੋ ਕੇ ਮਿੱਲ ਚੌਕ ਵਿਖੇ ਧਰਨਾ ਦਿੱਤਾ ਜਾਵੇਗਾ। ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਫਗਵਾੜਾ ਨੈਸ਼ਨਲ ਹਾਈਵੇਅ ‘ਤੇ ਆਵਾਜਾਈ ਠੱਪ ਕੀਤੀ ਜਾਵੇਗੀ। ਇਸ ਪ੍ਰਦਰਸ਼ਨ ਵਿੱਚ ਕਈ ਕਿਸਾਨ ਜਥੇਬੰਦੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਗੰਨੇ ਦੀ ਫ਼ਸਲ ਦਾ ਬਕਾਇਆ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ। ਕਿਸਾਨ ਆਪਣੀ ਫ਼ਸਲ ਮਿੱਲ ਨੂੰ ਦੇ ਚੁੱਕੇ ਹਨ, ਪਰ ਉਨ੍ਹਾਂ ਨੂੰ ਆਪਣੀ ਮਿਹਨਤ ਦੀ ਕਮਾਈ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿਰਫ਼ ਖੰਡ ਮਿੱਲ ਵੱਲ ਹੀ ਨਹੀਂ, ਸਗੋਂ ਪੰਜਾਬ ਸਰਕਾਰ ਵੱਲ ਵੀ ਕਿਸਾਨਾਂ ਦਾ ਲਗਭਗ 18 ਕਰੋੜ 93 ਲੱਖ ਰੁਪਏ ਬਕਾਇਆ ਪਿਆ ਹੈ। ਯਾਨੀ ਕਿ ਖੰਡ ਮਿੱਲ ਅਤੇ ਪੰਜਾਬ ਸਰਕਾਰ ਵੱਲ ਕਿਸਾਨਾਂ ਦੀ ਕੁੱਲ 46 ਕਰੋੜ 77 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਬਕਾਇਆ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਖੰਡ ਮਿੱਲ ਵੱਲੋਂ 27.84 ਕਰੋੜ ਰੁਪਏ ਅਤੇ ਪੰਜਾਬ ਸਰਕਾਰ ਵੱਲੋਂ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ। ਇਸ ਦੇ ਨਾਲ ਹੀ ਗੰਨੇ ਦੀ ਖ਼ਰੀਦ ਕੀਮਤ ਵਿੱਚ ਵੀ ਵਾਧਾ ਕੀਤਾ ਜਾਵੇ। ਉੱਧਰ, 26 ਨਵੰਬਰ ਦੇ ਪ੍ਰਦਰਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਿਸਾਨ ਆਗੂਆਂ ਨੇ ਮਿੱਲ ਚੌਕ ਦਾ ਦੌਰਾ ਵੀ ਕੀਤਾ ਹੈ। ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੇ ਇਸ ਐਲਾਨ ਤੋਂ ਬਾਅਦ ਖੰਡ ਮਿੱਲ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਵੱਲੋਂ ਬਕਾਇਆ ਅਦਾਇਗੀ ਨੂੰ ਲੈ ਕੇ ਕੀ ਕਦਮ ਚੁੱਕੇ ਜਾਂਦੇ ਹਨ। ਫਿਲਹਾਲ ਕਿਸਾਨਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਤੇਜ਼ ਕਰਨ ਦਾ ਰੁਖ਼ ਅਖ਼ਤਿਆਰ ਕਰ ਲਿਆ ਹੈ।

Related Post

More News

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੂਡੋ ਦਾ ਟੂਰਨਾਮੈਂਟ ਕਰਵਾਇਆ ਪਟਿਆਲਾ , 25 ਨਵੰਬਰ ਜਿਲਾ ਜੂਡੋ ਐਸੋਸੀਏਸ਼ਨ ਦੇ ਸੈਕਟਰੀ ਤੇ ਜਿਲਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ ਜੂਨੀਅਰ ਜੂਡੋ ਚੈਂਪੀਅਨਸ਼ਿੱਪ ਪਟਿਆਲਾ ਜੁੂਡੋ ਐਸੋਸੀਏਸ਼ਨ ਵੱਲੋਂ ਹਰਸ਼ ਜੂਡੋ ਟ੍ਰੇਨਿੰਗ ਸੈਂਟਰ ਸਾਹਿਬ ਨਗਰ ਥੇੜੀ ਵਿਖੇ ਕਰਵਾਈ ਗਈ। ਅੱਜ ਦੇ ਹੋਏ ਲੜਕੀਆਂ ਦੇ ਮੁਕਾਬਲਿਆਂ ਵਿੱਚ -32 ਕਿਲੋ ਭਾਰ ਵਰਗ ਵਿੱਚ ਅਨਮੋਲ ਨੇ ਪਹਿਲਾ ਸੰਜਨਾਂ ਨੇ ਦੂਜਾ,-40 ਕਿਲੋ ਭਾਰ ਵਰਗ ਵਿੱਚ ਆਇਸ਼ਾ ਨੇ ਪਹਿਲਾਂ,ਧਰੁਵੀ ਮਿੱਤਲ ਨੇ ਦੂਜਾ,ਲਵਿਸ਼ਕਾ ਤੇ ਵਿਸ਼ਾਲੀ ਨੇ ਤੀਜਾ,-48 ਕਿਲੋ ਭਾਰ ਵਰਗ ਵਿੱਚ ਬਵੀਕਾ ਨੇ ਪਹਿਲਾ, ਸੁਖਮਣੀ ਨੇ ਦੂਜਾ,ਨਮਨ ਨੇ ਤੀਜਾ,-57 ਕਿਲੋ ਭਾਰ ਵਰਗ ਵਿੱਚ ਮਨਸੀਰਤ ਕੌਰ ਨੇ ਪਹਿਲਾ,ਸਾਨੀਆ ਨੇ ਦੂਜਾ,+57 ਕਿਲੋ ਭਾਰ ਵਰਗ ਵਿੱਚ ਯਸ਼ਨੂਰ ਨੇ ਪਹਿਲਾ,ਵਿਪਨ ਜੋਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਲੜਕਿਆਂ ਦੇ ਹੋਏ ਮੁਕਾਬਲਿਆਂ ਵਿੱਚ -40 ਕਿਲੋ ਭਾਰ ਵਰਗ ਵਿੱਚ ਸੁਖਮਨ ਨੇ ਪਹਿਲਾ ਲਵ ਨੇ ਦੂਜਾ,-45 ਕਿਲੋ ਭਾਰ ਵਰਗ ਵਿੱਚ ਫਤਿਹਵੀਰ ਸਿੰਘ ਨੇ ਪਹਿਲਾ,ਮਨਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਜੂਡੋ ਦੇ ਕੋਚ ਤੇ ਅੰਤਰਰਾਸ਼ਟਰੀ ਆਫੀਸ਼ੀਅਲ ਸੁਰਜੀਤ ਸਿੰਘ ਵਾਲੀਆ, ਹਰਿੰਦਰ ਸਿੰਘ ਸਾਕੀ ਖਜਾਨਚੀ ਪਟਿਆਲਾ ਜੁੂਡੋ ਐਸੋਸੀਏਸ਼ਨ, ਇੰਦਰਪਾਲ ਸਿੰਘ ਸੋਨੀ ਸੈਕਟਰੀ ਫਰੀਡਮ ਫਾਈਟਰ ਐਸੋਸੀਏਸ਼ਨ ਪੰਜਾਬ,ਮੋਂਟੀ ਜੁਡੋ ਕੋਚ, ਰਾਜੇਸ਼ ਕੁਮਾਰ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਤੇ ਸਾਰੇ ਜਿਲ੍ਹਿਆਂ ਦੇ ਖਿਡਾਰੀ ਹਾਜਰ ਸਨ। ।