Canada News : ਕੈਨੇਡਾ ਵਿੱਚ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਵਾਲੀ ਹੈ ਜਾਂ ਤੁਸੀਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੀ.ਜੀ.ਡਬਲਿਊ.ਪੀ. ਲਈ ਅਰਜ਼ੀ ਦੇ ਚੁੱਕੇ ਹੋ? ਤਾਂ ਹੁਣ ਤੁਹਾਨੂੰ ਸਿਰਫ਼ ਇਹ ਅੰਦਾਜ਼ਾ ਨਹੀਂ ਲਗਾਉਣਾ ਪਵੇਗਾ ਕਿ ਤੁਹਾਡੀ ਅਰਜ਼ੀ ਦਾ ਫ਼ੈਸਲਾ ਕਦੋਂ ਆਵੇਗਾ। ਕਿਉਂਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਪ੍ਰੋਸੈਸਿੰਗ ਟਾਈਮ ਦੇ ਨਿਯਮ ਵਿੱਚ ਇੱਕ ਅਹਿਮ ਬਦਲਾਅ ਕੀਤਾ ਹੈ, ਜਿਸ ਨਾਲ ਹੁਣ ਕੁਝ ਬਿਨੈਕਾਰ ਆਪਣੀ ਅਰਜ਼ੀ ਦੀ ਤਾਰੀਖ ਦੇ ਹਿਸਾਬ ਨਾਲ ਬਚਿਆ ਹੋਇਆ ਇੰਤਜ਼ਾਰ ਦਾ ਸਮਾਂ ਦੇਖ ਸਕਣਗੇ। ਕੈਨੇਡਾ ਵਿੱਚ ਵਰਕ ਪਰਮਿਟ ਵਧਾਉਣ ਵਾਲਿਆਂ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੀ.ਜੀ.ਡਬਲਿਊ.ਪੀ. ਲਈ ਅਰਜ਼ੀ ਦੇਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਹ ਅਹਿਮ ਖ਼ਬਰ ਹੈ। ਸਤੰਬਰ 2026 ਦੇ ਅਖੀਰ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਆਪਣਾ ਪ੍ਰੋਸੈਸਿੰਗ ਟਾਈਮ ਵਾਲਾ ਵੈੱਬ ਪੰਨਾ ਅਪਡੇਟ ਕੀਤਾ ਹੈ। ਹੁਣ ਜਦੋਂ ਕੋਈ ਵਿਅਕਤੀ ਅਸਥਾਈ ਰਿਹਾਇਸ਼ ਵਾਲੀ ਸ਼੍ਰੇਣੀ ਚੁਣਦਾ ਹੈ, ਤਾਂ ਉਸਨੂੰ ਕੈਨੇਡਾ ਦੇ ਅੰਦਰੋਂ ਵਰਕ ਪਰਮਿਟ ਵਧਾਉਣ ਲਈ ਵੱਖਰਾ ਵਿਕਲਪ ਮਿਲਦਾ ਹੈ। ਇੱਥੇ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਬਿਨੈਕਾਰ ਆਪਣੀ ਅਰਜ਼ੀ ਦੇਣ ਦੀ ਤਾਰੀਖ ਦੇ ਆਧਾਰ ’ਤੇ ਇਹ ਦੇਖ ਸਕਦਾ ਹੈ ਕਿ ਉਸਨੂੰ ਅੰਦਾਜ਼ਨ ਹੋਰ ਕਿੰਨੇ ਹਫ਼ਤੇ ਇੰਤਜ਼ਾਰ ਕਰਨਾ ਪੈ ਸਕਦਾ ਹੈ। ਸਿਰਫ਼ ਇੰਨਾ ਹੀ ਨਹੀਂ। ਪ੍ਰੋਸੈਸਿੰਗ ਟਾਈਮ ਵਾਲੇ ਪੰਨੇ ’ਤੇ ਇਹ ਵੀ ਦੱਸਿਆ ਜਾ ਸਕਦਾ ਹੈ ਕਿ ਤੁਹਾਡੀ ਅਰਜ਼ੀ ਤੋਂ ਪਹਿਲਾਂ ਕਿੰਨੇ ਬਿਨੈਕਾਰ ਫ਼ੈਸਲੇ ਦੀ ਉਡੀਕ ਕਰ ਰਹੇ ਹਨ, ਅਤੇ ਕੁੱਲ ਕਿੰਨੀਆਂ ਅਰਜ਼ੀਆਂ ਪੈਂਡਿੰਗ ਹਨ।
26 ਸਤੰਬਰ 2026 ਨੂੰ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ, ਲਗਭਗ 2 ਲੱਖ 2 ਹਜ਼ਾਰ 900 ਵਰਕ ਪਰਮਿਟ ਬਿਨੈਕਾਰ ਫ਼ੈਸਲੇ ਦੀ ਉਡੀਕ ਵਿੱਚ ਸਨ। ਜੇਕਰ ਤੁਸੀਂ ਹਾਲੇ ਅਰਜ਼ੀ ਨਹੀਂ ਦਿੱਤੀ, ਤਾਂ ਵੀ ਤੁਸੀਂ ਉਸ ਸਮੇਂ ਦੀ ਅੰਦਾਜ਼ਨ ਪ੍ਰੋਸੈਸਿੰਗ ਮਿਆਦ ਦੇਖ ਸਕਦੇ ਹੋ, ਜਿੰਨੀ ਦੇਰ ਤੁਹਾਨੂੰ ਉਸ ਵੇਲੇ ਅਰਜ਼ੀ ਦੇਣ ’ਤੇ ਉਡੀਕ ਕਰਨੀ ਪੈ ਸਕਦੀ ਹੈ। ਪਰ ਇੱਥੇ ਇੱਕ ਜ਼ਰੂਰੀ ਗੱਲ ਹੈ। ਅਰਜ਼ੀ ਦੇਣ ਦੀ ਤਾਰੀਖ ਦੇ ਆਧਾਰ ’ਤੇ ਬਚਿਆ ਹੋਇਆ ਇੰਤਜ਼ਾਰ ਦੱਸਣ ਵਾਲੀ ਇਹ ਸਹੂਲਤ ਹਰ ਵਰਕ ਪਰਮਿਟ ਬਿਨੈਕਾਰ ਲਈ ਨਹੀਂ ਹੈ। ਇਹ ਮੁੱਖ ਤੌਰ ’ਤੇ ਉਨ੍ਹਾਂ ਲੋਕਾਂ ਲਈ ਹੈ ਜੋ ਕੈਨੇਡਾ ਦੇ ਅੰਦਰ ਰਹਿ ਕੇ ਆਪਣੇ ਮੌਜੂਦਾ ਵਰਕ ਪਰਮਿਟ ਨੂੰ ਵਧਾ ਰਹੇ ਹਨ, ਜਾਂ ਉਹ ਅੰਤਰਰਾਸ਼ਟਰੀ ਵਿਦਿਆਰਥੀ ਹਨ ਜੋ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਹਿਲੀ ਵਾਰ ਪੀ.ਜੀ.ਡਬਲਿਊ.ਪੀ. ਲਈ ਅਰਜ਼ੀ ਦੇ ਰਹੇ ਹਨ। ਇਸ ਵਿੱਚ ਕੈਨੇਡਾ ਦੇ ਅੰਦਰ ਰਹਿ ਕੇ ਆਪਣੇ ਮੌਜੂਦਾ ਵਰਕ ਪਰਮਿਟ ਦੀਆਂ ਸ਼ਰਤਾਂ ਬਦਲਣ ਲਈ ਅਰਜ਼ੀ ਦੇਣ ਵਾਲੇ ਕੁਝ ਲੋਕ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਵੈੱਬਸਾਈਟ ’ਤੇ ਸਿਰਫ਼ ਇੱਕ ਹੀ “ਕੈਨੇਡਾ ਵਿੱਚ ਵਰਕ ਪਰਮਿਟ” ਵਾਲਾ ਵਿਕਲਪ ਸੀ, ਜਿਸ ਵਿੱਚ ਸਿਰਫ਼ ਉਸ ਸਮੇਂ ਦੀ ਆਮ ਪ੍ਰੋਸੈਸਿੰਗ ਮਿਆਦ ਦਿਖਾਈ ਜਾਂਦੀ ਸੀ। ਹੁਣ ਇਹ ਵਿਕਲਪ ਵੀ ਮੌਜੂਦ ਹੈ, ਪਰ ਇਸਦਾ ਇਸਤੇਮਾਲ ਕੈਨੇਡਾ ਦੇ ਅੰਦਰੋਂ ਪਹਿਲੀ ਵਾਰ ਵਰਕ ਪਰਮਿਟ ਲਈ ਅਰਜ਼ੀ ਦੇਣ ਵਾਲੇ, ਗੈਰ-ਪੀ.ਜੀ.ਡਬਲਿਊ.ਪੀ. ਬਿਨੈਕਾਰਾਂ ਲਈ ਕੀਤਾ ਜਾਵੇਗਾ। ਇੱਕ ਹੋਰ ਬਹੁਤ ਅਹਿਮ ਗੱਲ ਵੀ ਸਮਝ ਲਓ। ਜੇਕਰ ਕੈਨੇਡਾ ਵਿੱਚ ਮੌਜੂਦਾ ਵਰਕ ਪਰਮਿਟ ਵਾਲਾ ਵਿਅਕਤੀ ਆਪਣਾ ਪਰਮਿਟ ਖ਼ਤਮ ਹੋਣ ਤੋਂ ਪਹਿਲਾਂ ਉਸਨੂੰ ਵਧਾਉਣ ਲਈ ਅਰਜ਼ੀ ਦੇ ਦਿੰਦਾ ਹੈ, ਤਾਂ ਉਸਨੂੰ ਮੈਂਟੇਨਡ ਸਟੇਟਸ ਦਾ ਲਾਭ ਮਿਲ ਸਕਦਾ ਹੈ। ਇਸਦਾ ਮਤਲਬ ਹੈ ਕਿ ਜੇਕਰ ਪੁਰਾਣਾ ਪਰਮਿਟ ਖ਼ਤਮ ਹੋ ਜਾਵੇ ਪਰ ਨਵੇਂ ਪਰਮਿਟ ਬਾਰੇ ਹਾਲੇ ਫ਼ੈਸਲਾ ਨਾ ਆਇਆ ਹੋਵੇ, ਤਾਂ ਬਿਨੈਕਾਰ ਕੈਨੇਡਾ ਵਿੱਚ ਰਹਿੰਦਿਆਂ ਆਪਣੀਆਂ ਮੌਜੂਦਾ ਸ਼ਰਤਾਂ ਅਨੁਸਾਰ ਕੰਮ ਜਾਰੀ ਰੱਖ ਸਕਦਾ ਹੈ।
ਇਸਦੇ ਨਾਲ ਹੀ, ਪੀ.ਐੱਨ.ਪੀ. ਰਾਹੀਂ ਸਥਾਈ ਨਿਵਾਸ ਲਈ ਅਰਜ਼ੀ ਦੇਣ ਵਾਲੇ ਕਈ ਉਮੀਦਵਾਰਾਂ ਲਈ ਵੀ ਰਾਹਤ ਵਾਲੀ ਵਿਵਸਥਾ ਚੱਲ ਰਹੀ ਹੈ। 9 ਜੂਨ 2026 ਤੋਂ ਲਾਗੂ ਕੀਤੀ ਗਈ ਅਸਥਾਈ ਵਿਵਸਥਾ ਤਹਿਤ, ਕੁਝ ਸੂਬਾਈ ਨਾਮਜ਼ਦਗੀ ਵਾਲੇ ਬਿਨੈਕਾਰ ਮਿਆਦ ਨੇੜੇ ਆ ਰਹੇ ਵਰਕ ਪਰਮਿਟ ਨੂੰ ਵਧਾਉਣ ਲਈ ਬ੍ਰਿਜਿੰਗ ਓਪਨ ਵਰਕ ਪਰਮਿਟ ਵਾਸਤੇ ਪਹਿਲਾਂ ਅਰਜ਼ੀ ਦੇ ਸਕਦੇ ਹਨ। ਇਸ ਲਈ ਸਥਾਈ ਨਿਵਾਸ ਦੀ ਅਰਜ਼ੀ ਦੀ ਪ੍ਰਾਪਤੀ ਦੀ ਪੁਸ਼ਟੀ ਵਾਲਾ ਪੱਤਰ ਮਿਲਣ ਦੀ ਆਮ ਲਾਜ਼ਮੀ ਸ਼ਰਤ ਤੋਂ ਛੋਟ ਦਿੱਤੀ ਗਈ ਹੈ। ਇਹ ਅਸਥਾਈ ਵਿਵਸਥਾ 31 ਦਸੰਬਰ 2026 ਤੱਕ ਰਹਿਣੀ ਤੈਅ ਹੈ। ਦੱਸ ਦਈਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਸ ਤੋਂ ਪਹਿਲਾਂ ਅਕਤੂਬਰ 2025 ਵਿੱਚ ਨਾਗਰਿਕਤਾ ਅਤੇ ਸਥਾਈ ਨਿਵਾਸ ਦੀਆਂ ਅਰਜ਼ੀਆਂ ਲਈ ਵੀ ਵਿਅਕਤੀਗਤ ਪ੍ਰੋਸੈਸਿੰਗ ਟਾਈਮ ਦਿਖਾਉਣ ਦੀ ਸਹੂਲਤ ਸ਼ੁਰੂ ਕੀਤੀ ਸੀ।ਹੁਣ ਵਰਕ ਪਰਮਿਟ ਵਧਾਉਣ ਅਤੇ ਪੀ.ਜੀ.ਡਬਲਿਊ.ਪੀ. ਵਾਲੀਆਂ ਕੁਝ ਅਰਜ਼ੀਆਂ ਲਈ ਵੀ ਅਰਜ਼ੀ ਦੀ ਤਾਰੀਖ ਦੇ ਆਧਾਰ ’ਤੇ ਇੰਤਜ਼ਾਰ ਦਾ ਅੰਦਾਜ਼ਾ ਦੇਖਣ ਦੀ ਸਹੂਲਤ ਮਿਲ ਰਹੀ ਹੈ। ਇਸ ਲਈ ਜੇਕਰ ਤੁਸੀਂ ਕੈਨੇਡਾ ਵਿੱਚ ਵਰਕ ਪਰਮਿਟ ਵਧਾਉਣ ਜਾਂ ਪੜ੍ਹਾਈ ਤੋਂ ਬਾਅਦ ਪੀ.ਜੀ.ਡਬਲਿਊ.ਪੀ. ਲਈ ਅਰਜ਼ੀ ਦਿੱਤੀ ਹੈ, ਤਾਂ ਆਪਣੀ ਅਰਜ਼ੀ ਦੀ ਸਥਿਤੀ ਅਤੇ ਨਵਾਂ ਪ੍ਰੋਸੈਸਿੰਗ ਟਾਈਮ ਜ਼ਰੂਰ ਜਾਂਚੋ। ਕਿਉਂਕਿ ਹੁਣ ਸਵਾਲ ਸਿਰਫ਼ ਇਹ ਨਹੀਂ ਕਿ “ਮੇਰੀ ਅਰਜ਼ੀ ਕਦੋਂ ਆਵੇਗੀ?” ਸਵਾਲ ਇਹ ਵੀ ਹੈ ਕਿ “ਮੇਰੇ ਤੋਂ ਅੱਗੇ ਕਿੰਨੇ ਲੋਕ ਹਨ ਅਤੇ ਮੇਰੀ ਉਡੀਕ ਕਿੰਨੀ ਬਾਕੀ ਹੈ?”

