INTERNATIONAL NEWS : ਜ਼ਰਾ ਸੋਚੋ… ਤੁਸੀਂ ਆਪਣੇ ਕੁੱਤੇ ਨੂੰ ਲੈ ਕੇ ਆਮ ਦਿਨਾਂ ਵਾਂਗ ਸੈਰ ਲਈ ਨਿਕਲੋ… ਤੇ ਰਾਹ ਵਿਚ ਤੁਹਾਡੀ ਨਜ਼ਰ ਜ਼ਮੀਨ ਹੇਠਾਂ ਦੱਬੇ ਇੱਕ ਪੁਰਾਣੇ ਡੱਬੇ ’ਤੇ ਪੈ ਜਾਵੇ। ਤੁਸੀਂ ਉਸਨੂੰ ਕੂੜਾ ਜਾਂ ਕੋਈ ਪੁਰਾਣੀ ਚੀਜ਼ ਸਮਝ ਕੇ ਅੱਗੇ ਵਧ ਸਕਦੇ ਹੋ… ਪਰ ਜੇ ਉਹ ਡੱਬਾ ਖੋਲ੍ਹਣ ’ਤੇ ਅੰਦਰੋਂ ਸੋਨੇ ਦੇ ਸਿੱਕੇ ਨਿਕਲਣ ਤਾਂ? ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਉੱਤਰੀ ਕੈਲੀਫੋਰਨੀਆ ਦੇ ਗੋਲਡ ਕੰਟਰੀ ਇਲਾਕੇ ਤੋਂ, ਜਿੱਥੇ ਇੱਕ ਦੰਪਤੀ ਨੂੰ ਆਪਣੀ ਹੀ ਜ਼ਮੀਨ ਵਿਚੋਂ ਮਿਲਿਆ ਅਜਿਹਾ ਖ਼ਜ਼ਾਨਾ, ਜਿਸਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਕਰੀਬ 200 ਏਕੜ ਦੀ ਆਪਣੀ ਗ੍ਰਾਮੀਣ ਜ਼ਮੀਨ ’ਤੇ ਕੁੱਤੇ ਨੂੰ ਘੁਮਾਉਂਦੇ ਸਮੇਂ ਦੰਪਤੀ ਦੀ ਨਜ਼ਰ ਜ਼ਮੀਨ ਵਿਚ ਦੱਬੇ ਇੱਕ ਪੁਰਾਣੇ ਡੱਬੇ ’ਤੇ ਪਈ। ਜਦੋਂ ਉਨ੍ਹਾਂ ਨੇ ਆਸਪਾਸ ਦੀ ਜ਼ਮੀਨ ਦੀ ਜਾਂਚ ਕਰਕੇ ਖੁਦਾਈ ਸ਼ੁਰੂ ਕੀਤੀ ਤਾਂ ਇੱਕ ਤੋਂ ਬਾਅਦ ਇੱਕ ਕੁੱਲ 8 ਜੰਗ ਲੱਗੇ ਲੋਹੇ ਦੇ ਡੱਬੇ ਸਾਹਮਣੇ ਆ ਗਏ। ਪਰ ਅਸਲ ਹੈਰਾਨੀ ਤਾਂ ਉਦੋਂ ਹੋਈ, ਜਦੋਂ ਡੱਬੇ ਖੋਲ੍ਹੇ ਗਏ। ਇਨ੍ਹਾਂ ਵਿਚ ਪਏ ਸਨ 1,427 ਇਤਿਹਾਸਿਕ ਸੋਨੇ ਦੇ ਸਿੱਕੇ। ਇਸ ਪੂਰੀ ਖੋਜ ਨੂੰ ਬਾਅਦ ਵਿਚ ‘ਸੈਡਲ ਰਿਜ ਹੋਰਡ’ ਦੇ ਨਾਮ ਨਾਲ ਜਾਣਿਆ ਗਿਆ।
ਮਾਹਿਰਾਂ ਮੁਤਾਬਕ ਇਹ ਸਿੱਕੇ 1847 ਤੋਂ 1894 ਦੇ ਵਿਚਕਾਰ ਦੇ ਸਨ। ਯਾਨੀ ਇਹ ਦੌਲਤ ਜ਼ਮੀਨ ਹੇਠਾਂ ਇੱਕ ਸਦੀ ਤੋਂ ਵੀ ਵੱਧ ਸਮੇਂ ਤੱਕ ਦੱਬੀ ਰਹੀ।ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 1,373 ਸਿੱਕੇ 20 ਡਾਲਰ ਵਾਲੇ ਡਬਲ ઈਗਲ ਸਨ। ਇਸ ਤੋਂ ਇਲਾਵਾ 10 ਡਾਲਰ ਦੇ 50 ਅਤੇ 5 ਡਾਲਰ ਦੇ 4 ਸਿੱਕੇ ਵੀ ਮਿਲੇ। ਜ਼ਿਆਦਾਤਰ ਸਿੱਕੇ ਸੈਨ ਫ੍ਰਾਂਸਿਸਕੋ ਮਿੰਟ ਤੋਂ ਜਾਰੀ ਕੀਤੇ ਗਏ ਸਨ। ਹੋਰ ਵੀ ਦਿਲਚਸਪ ਗੱਲ ਇਹ ਸੀ ਕਿ ਸਿੱਕੇ ਬੇਤਰਤੀਬ ਨਹੀਂ ਸਨ, ਸਗੋਂ ਲਗਭਗ ਕਾਲਾਨੁਕ੍ਰਮਿਕ ਕ੍ਰਮ ਵਿਚ ਰੱਖੇ ਗਏ ਸਨ। ਇਸ ਕਰਕੇ ਮਾਹਿਰਾਂ ਨੂੰ ਲੱਗਦਾ ਹੈ ਕਿ ਇਹ ਖ਼ਜ਼ਾਨਾ ਕਿਸੇ ਇੱਕ ਦਿਨ ਚੋਰੀ ਕਰਕੇ ਨਹੀਂ ਛੁਪਾਇਆ ਗਿਆ ਹੋਵੇਗਾ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖ਼ਿਰ ਇੰਨਾ ਸੋਨਾ ਜ਼ਮੀਨ ਹੇਠਾਂ ਦੱਬਿਆ ਕਿਉਂ ਗਿਆ? ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਿਸੇ ਚੋਰੀ ਜਾਂ ਬੈਂਕ ਡਕੈਤੀ ਦਾ ਮਾਲ ਹੋਣ ਦੀ ਬਜਾਏ ਕਿਸੇ ਵਿਅਕਤੀ ਦੀ ਲੰਮੇ ਸਮੇਂ ਤੱਕ ਇਕੱਠੀ ਕੀਤੀ ਬੱਚਤ ਹੋ ਸਕਦੀ ਹੈ। ਸੰਭਵ ਹੈ ਕਿ ਉਸ ਸਮੇਂ ਕਿਸੇ ਵਿਅਕਤੀ ਨੂੰ ਬੈਂਕਿੰਗ ਪ੍ਰਣਾਲੀ ’ਤੇ ਭਰੋਸਾ ਨਾ ਰਿਹਾ ਹੋਵੇ ਅਤੇ ਉਸਨੇ ਆਪਣੀ ਦੌਲਤ ਹੌਲੀ-ਹੌਲੀ ਸਿੱਕਿਆਂ ਦੇ ਰੂਪ ਵਿਚ ਇਕੱਠੀ ਕਰਕੇ ਜ਼ਮੀਨ ਹੇਠਾਂ ਛੁਪਾ ਦਿੱਤੀ ਹੋਵੇ।
ਪਰ ਉਹ ਵਿਅਕਤੀ ਕੌਣ ਸੀ? ਉਸਨੇ ਇਹ ਦੌਲਤ ਕਿਉਂ ਛੁਪਾਈ? ਅਤੇ ਫਿਰ ਇਸਨੂੰ ਵਾਪਸ ਲੈਣ ਕਿਉਂ ਨਹੀਂ ਆਇਆ?ਇਨ੍ਹਾਂ ਸਵਾਲਾਂ ਦੇ ਜਵਾਬ ਅੱਜ ਵੀ ਰਹੱਸ ਬਣੇ ਹੋਏ ਹਨ। ਇਨ੍ਹਾਂ ਸਿੱਕਿਆਂ ਦੀ ਅੰਕਿਤ ਕੀਮਤ ਲਗਭਗ 27,980 ਡਾਲਰ ਸੀ। ਪਰ ਉਨ੍ਹਾਂ ਦੀ ਦੁਰਲੱਭਤਾ, ਉਮਰ ਅਤੇ ਸ਼ਾਨਦਾਰ ਹਾਲਤ ਨੇ ਕੀਮਤ ਕਈ ਗੁਣਾ ਵਧਾ ਦਿੱਤੀ। ਪੂਰੇ ਖ਼ਜ਼ਾਨੇ ਦੀ ਅਨੁਮਾਨਿਤ ਬਾਜ਼ਾਰ ਕੀਮਤ 10 ਤੋਂ 11 ਮਿਲੀਅਨ ਡਾਲਰ, ਯਾਨੀ ਲਗਭਗ 85 ਤੋਂ 90 ਕਰੋੜ ਰੁਪਏ ਤੱਕ ਦੱਸੀ ਗਈ। ਇਨ੍ਹਾਂ ਵਿਚੋਂ ਇੱਕ ਬੇਹੱਦ ਦੁਰਲੱਭ 1866-S ਨੋ ਮੋਟੋ ਡਬਲ ਈਗਲ ਦੀ ਕੀਮਤ ਹੀ ਕਰੀਬ 10 ਲੱਖ ਡਾਲਰ, ਯਾਨੀ ਲਗਭਗ 8 ਕਰੋੜ ਰੁਪਏ ਤੋਂ ਵੱਧ ਅਨੁਮਾਨੀ ਗਈ। ਸੋਚੋ… ਜਿਸ ਵਿਅਕਤੀ ਨੇ ਕਦੇ ਆਪਣੀ ਜ਼ਿੰਦਗੀ ਦੀ ਬੱਚਤ ਡੱਬਿਆਂ ਵਿਚ ਭਰ ਕੇ ਜ਼ਮੀਨ ਹੇਠਾਂ ਛੁਪਾਈ ਸੀ, ਉਸਨੂੰ ਸ਼ਾਇਦ ਕਦੇ ਖ਼ਿਆਲ ਵੀ ਨਹੀਂ ਸੀ ਕਿ ਇੱਕ ਦਿਨ ਇੱਕ ਦੰਪਤੀ ਆਪਣੇ ਕੁੱਤੇ ਨੂੰ ਘੁਮਾਉਂਦੇ ਹੋਏ ਉਸੇ ਥਾਂ ਪਹੁੰਚੇਗਾ। ਇਸ ਖ਼ਜ਼ਾਨੇ ਨੇ ਸਿਰਫ਼ ਕਰੋੜਾਂ ਦੀ ਦੌਲਤ ਹੀ ਨਹੀਂ, ਸਗੋਂ ਇੱਕ ਸਦੀ ਤੋਂ ਵੱਧ ਪੁਰਾਣਾ ਰਹੱਸ ਵੀ ਦੁਨੀਆ ਸਾਹਮਣੇ ਲਿਆ ਦਿੱਤਾ।ਅਤੇ ਇਸੇ ਕਰਕੇ ‘ਸੈਡਲ ਰਿਜ ਹੋਰਡ’ ਅੱਜ ਵੀ ਅਮਰੀਕਾ ਦੇ ਸਭ ਤੋਂ ਰਹੱਸਮਈ ਦੱਬੇ ਹੋਏ ਖ਼ਜ਼ਾਨਿਆਂ ਵਿਚ ਗਿਣਿਆ ਜਾਂਦਾ ਹੈ।

