ਪਨਾਮਾ ‘ਚ ਮੁੜ ਆਇਆ 6.0 ਤੀਬਰਤਾ ਦਾ ਭੂਚਾਲ, ਤਾਸ਼ ਦੇ ਪੱਤਿਆਂ ਵਾਂਗ ਡਿੱਗੀਆਂ ਇਮਾਰਤਾਂ

International News : ਮੱਧ ਅਮਰੀਕੀ ਦੇਸ਼ ਪਨਾਮਾ ‘ਚ ਕੁਦਰਤ ਦਾ ਕਹਿਰ ਟੁੱਟ ਪਿਆ ਹੈ। ਸ਼ੁੱਕਰਵਾਰ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਹੁਣ ਉੱਥੇ 6.0 ਤੀਬਰਤਾ ਦਾ ਇੱਕ ਹੋਰ ਨਵਾਂ ਝਟਕਾ ਮਹਿਸੂਸ ਕੀਤਾ ਗਿਆ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਮੁਤਾਬਕ, ਇਹ ਤਾਜ਼ਾ ਝਟਕਾ ਲਾ ਟ੍ਰੋਨੋਸਾ ਤੋਂ 7 ਕਿਲੋਮੀਟਰ ਉੱਤਰ ਵੱਲ ਦਰਜ ਕੀਤਾ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੇਸ਼ ਦੇ ਦੱਖਣੀ ਤੱਟ ‘ਤੇ ਇੱਕ ਬੇਹੱਦ ਸ਼ਕਤੀਸ਼ਾਲੀ ਭੂਚਾਲ ਆਇਆ ਸੀ, ਜਿਸ ਦੀ ਸ਼ੁਰੂਆਤੀ ਤੀਬਰਤਾ 8.0 ਮਾਪੀ ਗਈ ਸੀ, ਜਿਸ ਨੂੰ ਬਾਅਦ ‘ਚ ਸੋਧ ਕੇ 7.6 ਕਰ ਦਿੱਤਾ ਗਿਆ। ਇਸ ਭਿਆਨਕ ਝਟਕੇ ਨਾਲ ਪੂਰੇ ਦੇਸ਼ ‘ਚ ਹਫੜਾ-ਦਫੜੀ ਮਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਮਾਲ, ਦਫ਼ਤਰਾਂ ਅਤੇ ਘਰਾਂ ‘ਚੋਂ ਬਾਹਰ ਸੜਕਾਂ ਵੱਲ ਭੱਜ ਪਏ।

ਪਨਾਮਾ ਦੀ ਸਿਵਲ ਪ੍ਰੋਟੈਕਸ਼ਨ ਸਰਵਿਸ ਮੁਤਾਬਕ, ਵੇਰਾਗੁਆਸ, ਹੇਰੇਰਾ ਅਤੇ ਲੋਸ ਸਾਂਤੋਸ ਸੂਬਿਆਂ ‘ਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਪੇਨੋਨੋਮੇ ਸ਼ਹਿਰ ‘ਚ ਇੱਕ ਇਤਿਹਾਸਕ ਚਰਚ ਦਾ ਘੰਟਾਘਰ ਢਹਿ ਗਿਆ ਅਤੇ ਸੜਕਾਂ ‘ਤੇ ਵੱਡੀਆਂ-ਵੱਡੀਆਂ ਤਰੇੜਾਂ ਪੈ ਗਈਆਂ।ਪੇਨੋਨੋਮੇ ‘ਚ ਮਲਬੇ ਦੀ ਲਪੇਟ ‘ਚ ਆਉਣ ਕਾਰਨ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹਾਲਾਂਕਿ, ਰਾਸ਼ਟਰਪਤੀ ਰਾਊਲ ਮੁਲੀਨੋ ਨੇ ਸ਼ੁੱਕਰਵਾਰ ਸ਼ਾਮ ਤੱਕ ਕਿਸੇ ਦੀ ਵੀ ਮੌਤ ਨਾ ਹੋਣ ਦੀ ਪੁਸ਼ਟੀ ਕੀਤੀ ਹੈ, ਪਰ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ।ਇੰਨਾ ਹੀ ਨਹੀਂ, ਰਾਜਧਾਨੀ ਪਨਾਮਾ ਸਿਟੀ ‘ਚ ਵੀ ਝਟਕੇ ਇੰਨੇ ਤੇਜ਼ ਸਨ ਕਿ ਉੱਚੀਆਂ ਇਮਾਰਤਾਂ ਦੇ ਹਿੱਲਣ ਕਾਰਨ ਸਵਿਮਿੰਗ ਪੂਲ ਦਾ ਪਾਣੀ ਛਲਕ ਕੇ ਬਾਹਰ ਆ ਗਿਆ। ਲੋਕ ਪਾਰਕਾਂ ਅਤੇ ਖੁੱਲ੍ਹੇ ਮੈਦਾਨਾਂ ‘ਚ ਰਾਤ ਕੱਟਣ ਲਈ ਮਜਬੂਰ ਹੋ ਗਏ।
ਜ਼ਿਕਰਯੋਗ ਹੈ ਕਿ ਇਸ ਭਿਆਨਕ ਭੂਚਾਲ ਤੋਂ ਬਾਅਦ ਮੱਧ ਅਤੇ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਦੇ ਤੱਟਵਰਤੀ ਇਲਾਕਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਸੀ। ਪਨਾਮਾ, ਕੋਸਟਾ ਰੀਕਾ, ਅਲ ਸਲਵਾਡੋਰ, ਪੇਰੂ, ਮੈਕਸੀਕੋ, ਗੁਆਟੇਮਾਲਾ, ਨਿਕਾਰਾਗੁਆ, ਕੋਲੰਬੀਆ ਅਤੇ ਇਕਵਾਡੋਰ ਦੇ ਤੱਟਵਰਤੀ ਇਲਾਕਿਆਂ ‘ਤੇ ਖ਼ਤਰਾ ਮੰਡਰਾਉਣ ਲੱਗ ਪਿਆ ਸੀ।ਹਾਲਾਂਕਿ, ਬਾਅਦ ‘ਚ ਅਮਰੀਕਾ ਦੇ ਸੁਨਾਮੀ ਚਿਤਾਵਨੀ ਸਿਸਟਮ ਨੇ ਪਨਾਮਾ, ਕੋਲੰਬੀਆ, ਇਕਵਾਡੋਰ, ਨਿਕਾਰਾਗੁਆ ਅਤੇ ਗੁਆਟੇਮਾਲਾ ਦੇ ਤੱਟਾਂ ਲਈ ਸੁਨਾਮੀ ਦੀ ਚਿਤਾਵਨੀ ਵਾਪਸ ਲੈ ਲਈ। ਇਸ ਤੋਂ ਇਲਾਵਾ, ਇਸਲਾ ਕਾਨਾਸ ਦੇ ਨੇੜੇ 1 ਤੋਂ 3 ਮੀਟਰ ਉੱਚੀਆਂ ਲਹਿਰਾਂ ਉੱਠਣ ਦਾ ਖ਼ਦਸ਼ਾ ਜਤਾਇਆ ਗਿਆ ਸੀ ਅਤੇ ਸਮੁੰਦਰ ਦਾ ਪਾਣੀ ਉੱਥੇ ਸਥਿਤ ਘਰਾਂ ਤੱਕ ਵੀ ਪਹੁੰਚ ਗਿਆ ਸੀ।

Related Post