ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਚੈਂਪੀਅਨਸ਼ਿਪ ਲਈ ਤਿਆਰੀਆਂ ਮੁਕੰਮਲ

ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਚੈਂਪੀਅਨਸ਼ਿਪ ਲਈ ਤਿਆਰੀਆਂ ਮੁਕੰਮਲ
ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਚੈਂਪੀਅਨਸ਼ਿਪ ਲਈ ਤਿਆਰੀਆਂ ਮੁਕੰਮਲ

ਪੰਜਾਬ ਸਟੇਟ ਐਮ.ਟੀ.ਬੀ. ਸਾਈਕਲਿੰਗ ਚੈਂਪੀਅਨਸ਼ਿਪ-2026, 06 ਸਤੰਬਰ ਨੂੰ ਪਟਿਆਲਾ ਵਿਖੇ; ਸੂਬੇ ਭਰ ਦੇ ਪ੍ਰਤਿਭਾਸ਼ਾਲੀ ਸਾਈਕਲਿਸਟ ਦਿਖਾਉਣਗੇ ਆਪਣਾ ਦਮ: ਚਰਨਜੀਤ ਸਿੰਘ ਧਾਲੀਵਾਲ*

*ਪੰਜਾਬ ਵਿੱਚ ਸਾਈਕਲਿੰਗ ਨੂੰ ਜ਼ਮੀਨੀ ਪੱਧਰ ਤੋਂ ਮਜ਼ਬੂਤ ਕਰਨਾ ਐਸੋਸੀਏਸ਼ਨ ਦਾ ਮੁੱਖ ਟੀਚਾ: ਜਗਦੀਪ ਸਿੰਘ ਕਾਹਲੋਂ

ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਚੈਂਪੀਅਨਸ਼ਿਪ ਲਈ ਤਿਆਰੀਆਂ ਮੁਕੰਮਲ

ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਚੈਂਪੀਅਨਸ਼ਿਪ ਲਈ ਤਿਆਰੀਆਂ ਮੁਕੰਮਲ
ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਚੈਂਪੀਅਨਸ਼ਿਪ ਲਈ ਤਿਆਰੀਆਂ ਮੁਕੰਮਲ

*ਨੈਸ਼ਨਲ ਚੈਂਪੀਅਨਸ਼ਿਪ ਲਈ ਹੋਵੇਗੀ ਪੰਜਾਬ ਟੀਮ ਦੀ ਚੋਣ

ਪਟਿਆਲਾ, 4 ਸਤੰਬਰ: ਅਨੁਰਾਗ ਸ਼ਰਮਾ

ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ (ਸੀ.ਏ.ਪੀ.) ਵੱਲੋਂ ਪੰਜਾਬ ਸਟੇਟ ਐਮ.ਟੀ.ਬੀ. ਸਾਈਕਲਿੰਗ ਚੈਂਪੀਅਨਸ਼ਿਪ-2026, 06 ਸਤੰਬਰ 2026 ਨੂੰ ਪਟਿਆਲਾ ਵਿਖੇ ਸਵੇਰੇ 06 ਵਜੇ ਤੋਂ ਕਰਵਾਈ ਜਾ ਰਹੀ ਹੈ। ਇਹ ਚੈਂਪੀਅਨਸ਼ਿਪ ਜੋਤੀ ਸਿਟੀ ਦੇ ਬੈਕ ਗੇਟ, ਅਕਾਲ ਅਕੈਡਮੀ ਰੋਡ ਨੇੜੇ, ਪਿੰਡ ਰੀਠ ਖੇੜੀ, ਜ਼ਿਲ੍ਹਾ ਪਟਿਆਲਾ ਵਿਖੇ ਕਰਵਾਈ ਜਾਵੇਗੀ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਤਿਭਾਸ਼ਾਲੀ ਸਾਈਕਲਿਸਟ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਪੁਜੀਸ਼ਨ ਹਾਸਿਲ ਕਰਨ ਵਾਲੇ ਸਾਈਕਲਿਸਟਾਂ ਦੇ ਅਧਾਰ ‘ਤੇ ਪੰਜਾਬ ਦੀ ਐਮ.ਟੀ.ਬੀ. ਟੀਮ ਦੀ ਚੋਣ ਕੀਤੀ ਜਾਵੇਗੀ, ਜਿਹੜੀ ਕਿ ਨੈਸ਼ਨਲ ਮੁਕਾਬਲਿਆਂ ਵਿੱਚ ਹਿੱਸਾ ਲਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਚੈਂਪੀਅਨਸ਼ਿਪ ਨੂੰ ਸੁਚਾਰੂ ਅਤੇ ਖੇਡ ਮਿਆਰਾਂ ਅਨੁਸਾਰ ਕਰਵਾਉਣ ਲਈ ਐਸੋਸੀਏਸ਼ਨ ਵੱਲੋਂ ਲੋੜੀਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸੂਬਾ ਪੱਧਰੀ ਚੈਂਪੀਅਨਸ਼ਿਪ ਦਾ ਮੁੱਖ ਮਕਸਦ ਪੰਜਾਬ ਦੇ ਪ੍ਰਤਿਭਾਸ਼ਾਲੀ ਸਾਈਕਲਿਸਟਾਂ ਨੂੰ ਉੱਚ ਪੱਧਰੀ ਮੁਕਾਬਲੇ ਦਾ ਮੰਚ ਮੁਹੱਈਆ ਕਰਵਾਉਣਾ ਅਤੇ ਨਵੀਂ ਪ੍ਰਤਿਭਾ ਨੂੰ ਅੱਗੇ ਲਿਆਉਣਾ ਹੈ।

ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਸੂਬੇ ਵਿੱਚ ਸਾਈਕਲਿੰਗ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜ਼ਿਲ੍ਹਾ ਪੱਧਰੀ ਐਮ.ਟੀ.ਬੀ. ਸਾਈਕਲਿੰਗ ਮੁਕਾਬਲੇ ਕਰਵਾਏ ਗਏ ਹਨ, ਜਿਨ੍ਹਾਂ ਰਾਹੀਂ ਉੱਭਰਦੇ ਖਿਡਾਰੀਆਂ ਨੂੰ ਮੁਕਾਬਲੇ ਦਾ ਤਜਰਬਾ ਹਾਸਲ ਕਰਨ ਦੇ ਨਾਲ-ਨਾਲ ਸੂਬਾ ਪੱਧਰ ‘ਤੇ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਮਾਊਂਟੇਨ ਟੈਰਿਨ ਬਾਈਕ (ਐਮ.ਟੀ.ਬੀ.) ਸਾਈਕਲਿੰਗ ਸਰੀਰਕ ਸਮਰੱਥਾ, ਸਹਿਣਸ਼ੀਲਤਾ, ਤਕਨੀਕੀ ਹੁਨਰ, ਸੰਤੁਲਨ ਅਤੇ ਮਾਨਸਿਕ ਦ੍ਰਿੜ੍ਹਤਾ ਦਾ ਇਮਤਿਹਾਨ ਲੈਣ ਵਾਲੀ ਖੇਡ ਹੈ। ਪੰਜਾਬ ਦੇ ਨੌਜਵਾਨਾਂ ਵਿੱਚ ਇਸ ਖੇਡ ਪ੍ਰਤੀ ਵਧ ਰਹੀ ਦਿਲਚਸਪੀ ਉਤਸ਼ਾਹਜਨਕ ਹੈ ਅਤੇ ਐਸੋਸੀਏਸ਼ਨ ਦੀ ਕੋਸ਼ਿਸ਼ ਹੈ ਕਿ ਇਸ ਦਿਲਚਸਪੀ ਨੂੰ ਵਿਗਿਆਨਕ ਸਿਖਲਾਈ ਅਤੇ ਮਿਆਰੀ ਮੁਕਾਬਲਿਆਂ ਨਾਲ ਜੋੜਿਆ ਜਾਵੇ।

ਜਨਰਲ ਸਕੱਤਰ ਨੇ ਕਿਹਾ ਕਿ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦਾ ਉਦੇਸ਼ ਸਿਰਫ਼ ਚੈਂਪੀਅਨਸ਼ਿਪਾਂ ਕਰਵਾਉਣ ਤਕ ਸੀਮਤ ਨਹੀਂ ਹੈ, ਸਗੋਂ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚੋਂ ਹੁਨਰਮੰਦ ਸਾਈਕਲਿਸਟਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸੂਬਾਈ, ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਣ ਲਈ ਢੁਕਵਾਂ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਸਾਈਕਲਿੰਗ ਦੀ ਸ਼ਾਨਦਾਰ ਵਿਰਾਸਤ ਅਤੇ ਬੇਅੰਤ ਖੇਡ ਪ੍ਰਤਿਭਾ ਹੈ ਅਤੇ ਸਹੀ ਮਾਰਗਦਰਸ਼ਨ ਤੇ ਮੁਕਾਬਲੇ ਦੇ ਮੌਕੇ ਮਿਲਣ ਨਾਲ ਸੂਬੇ ਦੇ ਸਾਈਕਲਿਸਟ ਦੇਸ਼ ਅਤੇ ਦੁਨੀਆ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਦੀ ਸਮਰੱਥਾ ਰੱਖਦੇ ਹਨ।

ਜ਼ਿਲ੍ਹਾ ਪੱਧਰ ਤੋਂ ਸੂਬਾ ਪੱਧਰ ਤੱਕ ਇੱਕ ਮਜ਼ਬੂਤ ਮੁਕਾਬਲਾਤਮਕ ਢਾਂਚਾ ਵਿਕਸਤ ਕਰਨ ਨਾਲ ਨੌਜਵਾਨ ਖਿਡਾਰੀਆਂ ਨੂੰ ਆਪਣੀ ਕਾਰਗੁਜ਼ਾਰੀ ਵਿੱਚ ਲਗਾਤਾਰ ਸੁਧਾਰ ਕਰਨ ਦੀ ਪ੍ਰੇਰਣਾ ਮਿਲੇਗੀ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਖਾਸ ਤੌਰ ‘ਤੇ ਨੌਜਵਾਨ ਅਤੇ ਉੱਭਰਦੇ ਸਾਈਕਲਿਸਟਾਂ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚ ਸਾਈਕਲਿੰਗ ਲਈ ਮਜ਼ਬੂਤ ਨਰਸਰੀ ਤਿਆਰ ਹੋ ਸਕੇ।

ਉਨ੍ਹਾਂ ਦੱਸਿਆ ਕਿ 6 ਸਤੰਬਰ ਨੂੰ ਹੋਣ ਵਾਲੀ ਪੰਜਾਬ ਸਟੇਟ ਐਮ.ਟੀ.ਬੀ. ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਖਿਡਾਰੀਆਂ ਦੀ ਸੁਰੱਖਿਆ, ਮੁਕਾਬਲਿਆਂ ਦੇ ਸੁਚਾਰੂ ਸੰਚਾਲਨ ਅਤੇ ਲੋੜੀਂਦੀਆਂ ਤਕਨੀਕੀ ਵਿਵਸਥਾਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਐਸੋਸੀਏਸ਼ਨ ਦੇ ਅਹੁਦੇਦਾਰਾਂ, ਤਕਨੀਕੀ ਅਧਿਕਾਰੀਆਂ ਅਤੇ ਪ੍ਰਬੰਧਕੀ ਟੀਮ ਵੱਲੋਂ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਲਈ ਤਾਲਮੇਲ ਨਾਲ ਕੰਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਪੰਜਾਬ ਦੇ ਸਾਈਕਲਿੰਗ ਪ੍ਰੇਮੀਆਂ, ਖੇਡ ਸੰਸਥਾਵਾਂ, ਕੋਚਾਂ, ਸਾਬਕਾ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਚੈਂਪੀਅਨਸ਼ਿਪ ਨਾਲ ਜੁੜਨ ਅਤੇ ਖਿਡਾਰੀਆਂ ਦਾ ਹੌਸਲਾ ਵਧਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਸਟੇਟ ਐਮ.ਟੀ.ਬੀ. ਸਾਈਕਲਿੰਗ ਚੈਂਪੀਅਨਸ਼ਿਪ-2026 ਸੂਬੇ ਵਿੱਚ ਸਾਈਕਲਿੰਗ ਦੀ ਨਵੀਂ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਵੇਗੀ।

Related Post

More News

ਫੂਡ ਸੇਫਟੀ ਟੀਮ, ਪਟਿਆਲਾ ਵੱਲੋਂ ਵਿਸ਼ੇਸ਼ ਮੁਹਿੰਮ; ਸ਼ੱਕ ਦੇ ਆਧਾਰ ‘ਤੇ ਪੰਜ ਕੁਇੰਟਲ ਤੋਂ ਵੱਧ ਘਿਓ ਜ਼ਬਤ ਪਟਿਆਲਾ, 24 ਅਕਤੂਬਰ: ਖਪਤਕਾਰਾਂ ਨੂੰ ਸੁਰੱਖਿਅਤ, ਪੌਸ਼ਟਿਕ ਅਤੇ ਮਿਆਰੀ ਖੁਰਾਕੀ ਪਦਾਰਥਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ, ਫੂਡ ਸੇਫਟੀ ਟੀਮ, ਪਟਿਆਲਾ ਦੀ ਜਾਂਚ, ਨਮੂਨੇ ਲੈਣ ਅਤੇ ਕਾਨੂੰਨੀ ਕਾਰਵਾਈ ਦੀ ਮੁਹਿੰਮ ਜੋਰਾਂ ‘ਤੇ ਹੈ। ਇਸ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਫੂਡ ਸੇਫਟੀ ਟੀਮ ਨੇ ਪਟਿਆਲਾ ਵਿੱਚ ਵੱਖ-ਵੱਖ ਖੁਰਾਕੀ ਕਾਰੋਬਾਰੀ ਅਦਾਰਿਆਂ ਦੀ ਜਾਂਚ ਕੀਤੀ, ਜਿਸ ਵਿੱਚ ਗੁੜ ਮੰਡੀ ਅਤੇ ਜੇਲ੍ਹ ਰੋਡ ‘ਤੇ ਸਥਿਤ ਅਦਾਰੇ ਵੀ ਸ਼ਾਮਲ ਸਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ, ਟੀਮ ਨੇ ਕੁੱਲ 10 ਖੁਰਾਕੀ ਨਮੂਨੇ ਇਕੱਠੇ ਕੀਤੇ, ਜਿਨ੍ਹਾਂ ਵਿੱਚ ਘਿਓ ਦੇ ਚਾਰ ਨਮੂਨੇ ਅਤੇ ਬਦਾਮ ਗਿਰੀ ਦਾ ਇੱਕ ਨਮੂਨਾ ਸ਼ਾਮਲ ਹੈ। ਇਨ੍ਹਾਂ ਨਮੂਨਿਆਂ ਨੂੰ ਲੈਬ ਵਿੱਚ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਇਨ੍ਹਾਂ ਦੀ ਗੁਣਵੱਤਾ, ਸ਼ੁੱਧਤਾ ਅਤੇ ਨਿਰਧਾਰਤ ਖੁਰਾਕ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਦੀ ਪੁਸ਼ਟੀ ਕੀਤੀ ਜਾ ਸਕੇ। ਮੁਹਿੰਮ ਦੌਰਾਨ, ਫੂਡ ਸੇਫਟੀ ਟੀਮ ਨੇ ‘ਰਾਜੇਸ਼ ਟਰੇਡਰਜ਼’ ਤੋਂ ਪੰਜ ਕੁਇੰਟਲ ਤੋਂ ਵੱਧ ਘਿਓ ਜ਼ਬਤ ਕੀਤਾ। ਇਹ ਕਾਰਵਾਈ ਘਿਓ ਦੀ ਗੁਣਵੱਤਾ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਬਾਰੇ ਸ਼ੱਕ ਪੈਦਾ ਹੋਣ ‘ਤੇ ਕੀਤੀ ਗਈ। ਜ਼ਬਤ ਕੀਤੇ ਗਏ ਸਟਾਕ ਨੂੰ ਲਾਗੂ ਕਾਨੂੰਨੀ ਪ੍ਰਕਿਰਿਆ ਅਨੁਸਾਰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਅਤੇ ਜਾਂਚ ਦੇ ਨਤੀਜਿਆਂ ਅਤੇ ਪ੍ਰਯੋਗਸ਼ਾਲਾ ਵਿਸ਼ਲੇਸ਼ਣ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਨਿਰੀਖਣਾਂ ਦੌਰਾਨ ਇਕੱਠੇ ਕੀਤੇ ਗਏ ਨਮੂਨਿਆਂ ਨੂੰ ਇਹ ਪਤਾ ਲਗਾਉਣ ਲਈ ਜਾਂਚ ਵਾਸਤੇ ਭੇਜਿਆ ਗਿਆ ਹੈ ਕਿ ਕੀ ਇਹ ਉਤਪਾਦ ‘ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006’ ਅਤੇ ਇਸ ਦੇ ਅਧੀਨ ਬਣਾਏ ਗਏ ਨਿਯਮਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ ਜਾਂ ਨਹੀਂ। ਪ੍ਰਯੋਗਸ਼ਾਲਾ ਦੀਆਂ ਰਿਪੋਰਟਾਂ ਅਤੇ ਹੋਰ ਸਬੰਧਤ ਤੱਥਾਂ ਦੇ ਆਧਾਰ ‘ਤੇ, ਲੋੜ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਨਿਰੀਖਣ ਮੁਹਿੰਮ ਵਿਭਾਗ ਦੇ ਲਗਾਤਾਰ ਯਤਨਾਂ ਦਾ ਹਿੱਸਾ ਹੈ ਜਿਸ ਦਾ ਉਦੇਸ਼ ਘਟੀਆ ਜਾਂ ਅਸੁਰੱਖਿਅਤ ਖੁਰਾਕੀ ਪਦਾਰਥਾਂ ਦੀ ਵਿਕਰੀ ਨੂੰ ਰੋਕਣਾ ਅਤੇ ਜਨਤਕ ਸਿਹਤ ਦੀ ਰੱਖਿਆ ਕਰਨਾ ਹੈ। ਇਹ ਖਾਸ ਤੌਰ ‘ਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਹੱਤਵਪੂਰਨ ਹੋ ਜਾਂਦਾ ਹੈ, ਜਦੋਂ ਘਿਓ ਅਤੇ ਹੋਰ ਖੁਰਾਕੀ ਵਸਤਾਂ ਦੀ ਮੰਗ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿਭਾਗ, ਪਟਿਆਲਾ ਨੇ ਨਿਯਮਤ ਨਿਰੀਖਣਾਂ, ਯੋਜਨਾਬੱਧ ਢੰਗ ਨਾਲ ਨਮੂਨੇ ਲੈਣ ਅਤੇ ਢੁਕਵੀਂ ਕਾਨੂੰਨੀ ਕਾਰਵਾਈ ਰਾਹੀਂ ਖੁਰਾਕੀ ਕਾਰੋਬਾਰੀ ਅਦਾਰਿਆਂ ‘ਤੇ ਸਖ਼ਤ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਹੀ ਸਫਾਈ ਅਤੇ ਸੈਨੇਟਰੀ ਸਥਿਤੀਆਂ ਬਣਾਈ ਰੱਖਣ, ਅਧਿਕਾਰਤ ਅਤੇ ਟਰੇਸੇਬਲ ਸਰੋਤਾਂ ਤੋਂ ਭੋਜਨ ਉਤਪਾਦ ਖਰੀਦਣ, ਲੋੜੀਂਦੇ ਖਰੀਦ ਅਤੇ ਸਪਲਾਈ ਰਿਕਾਰਡ ਰੱਖਣ, ਅਤੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਅਹਾਤੇ ਵਿੱਚ ਵੇਚੇ ਜਾਂ ਸਟੋਰ ਕੀਤੇ ਗਏ ਸਾਰੇ ਭੋਜਨ ਪਦਾਰਥ ਨਿਰਧਾਰਤ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੇ ਹਨ। ਵਿਭਾਗ ਵੱਲੋਂ ਖਪਤਕਾਰਾਂ ਨੂੰ ਭਰੋਸੇਯੋਗ ਸਰੋਤਾਂ ਤੋਂ ਭੋਜਨ ਉਤਪਾਦ ਖਰੀਦਣ, ਜਿੱਥੇ ਵੀ ਲਾਗੂ ਹੋਵੇ ਉਤਪਾਦ ਲੇਬਲ ਅਤੇ ਪੈਕੇਜਿੰਗ ਦੀ ਜਾਂਚ ਕਰਨ, ਅਤੇ ਸ਼ੱਕੀ ਭੋਜਨ ਮਿਲਾਵਟ ਜਾਂ ਹੋਰ ਭੋਜਨ ਸੁਰੱਖਿਆ ਉਲੰਘਣਾਵਾਂ ਵਿਰੁੱਧ ਚੌਕਸ ਰਹਿਣ ਦੀ ਅਪੀਲ ਕਰਦਿਆਂ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਅਜਿਹੀਆਂ ਕਿਸੇ ਵੀ ਸੂਚਨਾਵਾਂ ਦੀ ਰਿਪੋਰਟ ਢੁਕਵੀਂ ਕਾਰਵਾਈ ਲਈ ਖੁਰਾਕ ਸੁਰੱਖਿਆ ਵਿਭਾਗ ਨੂੰ ਕੀਤੀ ਜਾ ਸਕਦੀ ਹੈ।