ਪਟਿਆਲਾ ਨਗਰ ਨਿਗਮ ਚੋਣਾਂ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਲੋਕਤੰਤਰ ਦੀ ਵੱਡੀ ਜਿੱਤ: ਜੈ ਇੰਦਰ ਕੌਰ

ਸੁਪਰੀਮ ਕੋਰਟ ਵਲੋਂ ‘ਆਪ’ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਪਟਿਆਲਾ ਨਿਗਮ ਚੋਣਾਂ ਦੁਬਾਰਾ ਕਰਵਾਉਣ ਦੇ ਨਿਰਦੇਸ਼
ਰਾਜ ਚੋਣ ਕਮਿਸ਼ਨ ਅਤੇ ਚੀਫ ਸੈਕਟਰੀ ਤੋਂ 28 ਸਤੰਬਰ ਤੱਕ ਮੰਗਿਆ ਜਵਾਬ
ਪਟਿਆਲਾ 21 ਸਤੰਬਰ 2026, ਅਨੁਰਾਗ ਸ਼ਰਮਾ
ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈ ਇੰਦਰ ਕੌਰ ਨੇ ਪਟਿਆਲਾ ਨਗਰ ਨਿਗਮ ਚੋਣਾਂ ਸਬੰਧੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਸ ਫ਼ੈਸਲੇ ਨੂੰ ਲੋਕਤੰਤਰ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਵੱਡੀ ਜਿੱਤ ਕਰਾਰ ਦਿੱਤਾ।
ਜੈ ਇੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਕਾਰਪੋਰੇਸ਼ਨ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਅਤੇ ਸ਼ਰੇਆਮ ਗੁੰਡਾਗਰਦੀ ਤੋਂ ਪੂਰਾ ਪੰਜਾਬ ਭਲੀ-ਭਾਂਤ ਜਾਣੂ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਸ਼ਹਿ ਪ੍ਰਾਪਤ ਅਨਸਰਾਂ ਵੱਲੋਂ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜੇ ਗਏ, ਉਨ੍ਹਾਂ ਨੂੰ ਕਾਗਜ਼ ਭਰਨ ਤੋਂ ਰੋਕਿਆ ਗਿਆ ਅਤੇ ਲੋਕਤੰਤਰੀ ਮਰਿਆਦਾਵਾਂ ਦੀਆਂ ਧੱਜੀਆਂ ਉਡਾਈਆਂ ਗਈਆਂ।
ਉਨ੍ਹਾਂ ਦੱਸਿਆ ਕਿ ਇਸ ਧੱਕੇਸ਼ਾਹੀ ਵਿਰੁੱਧ ਪਹਿਲਾਂ ਹਾਈ ਕੋਰਟ ਅਤੇ ਬਾਅਦ ਵਿੱਚ ਸੁਪਰੀਮ ਕੋਰਟ ਦਾ ਰੁੱਖ ਕੀਤਾ ਗਿਆ ਸੀ। ਮਾਣਯੋਗ ਸੁਪਰੀਮ ਕੋਰਟ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਲਈ ਹਾਈ ਕੋਰਟ ਦੇ ਸਾਬਕਾ ਜਸਟਿਸ ਨਿਰਮਲਜੀਤ ਕੌਰ ਦੀ ਅਗਵਾਈ ਹੇਠ ਇਕ ‘ਫ਼ੈਕਟ ਫਾਇੰਡਿੰਗ ਕਮੇਟੀ’ ਦਾ ਗਠਨ ਕੀਤਾ ਗਿਆ ਸੀ। ਅੱਜ ਕਮੇਟੀ ਵੱਲੋਂ ਆਪਣੀ ਜਾਂਚ ਰਿਪੋਰਟ ਸੁਪਰੀਮ ਕੋਰਟ ਵਿੱਚ ਸੌਂਪੇ ਜਾਣ ਤੋਂ ਬਾਅਦ ਅਦਾਲਤ ਨੇ ਚੋਣਾਂ ਦੁਬਾਰਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਤੇ ਪੰਜਾਬ ਚੀਫ ਸੈਕਟਰੀ ਨੂੰ 28 ਸਤੰਬਰ ਤੱਕ ਜਵਾਬ ਤਲਬ ਕੀਤਾ ਹੈ।
ਜੈ ਇੰਦਰ ਕੌਰ ਨੇ ਆਖਿਆ, “ਇਹ ਫ਼ੈਸਲਾ ਪਟਿਆਲਾ ਦੇ ਹਰ ਉਸ ਜਾਗਰੂਕ ਨਾਗਰਿਕ ਦੀ ਜਿੱਤ ਹੈ, ਜੋ ਆਪਣੇ ਵੋਟ ਦੇ ਅਧਿਕਾਰ ਅਤੇ ਨਿਰਪੱਖ ਲੋਕਤੰਤਰ ਦੀ ਬਹਾਲੀ ਲਈ ਡਟ ਕੇ ਖੜ੍ਹਾ ਰਿਹਾ। ਹੁਣ ਪਟਿਆਲਾ ਦੇ ਲੋਕ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਆਪਣੀ ਵੋਟ ਦੀ ਵਰਤੋਂ ਕਰਕੇ ਆਪਣੀ ਪਸੰਦ ਦੀ ਨਗਰ ਨਿਗਮ ਅਤੇ ਮੇਅਰ ਦੀ ਚੋਣ ਕਰਨਗੇ।”
ਅੰਤ ਵਿੱਚ, ਜੈ ਇੰਦਰ ਕੌਰ ਨੇ ‘ਆਪ’ ਸਰਕਾਰ ਦੀਆਂ ਲੋਕਤੰਤਰ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ ਅਤੇ ਦਿਨ-ਰਾਤ ਗੁੰਡਾਗਰਦੀ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਹਰ ਇਕ ਆਗੂ ਤੇ ਵਰਕਰ ਦਾ ਧੰਨਵਾਦ ਕੀਤਾ।

