ਐਸਆਈਆਰ-2026: ਡੀਸੀ ਵੱਲੋਂ ਸਿਆਸੀ ਪਾਰਟੀਆਂ ਨਾਲ ਮੀਟਿੰਗ
ਡਿਪਟੀ ਕਮਿਸ਼ਨਰ ਨੇ ਸਿਆਸੀ ਪਾਰਟੀਆਂ ਨੂੰ ਵੋਟਰ ਸੂਚੀਆਂ ਦੇ ਸੈੱਟ ਤੇ ਸੀਡੀ ਸੌਂਪੀ

ਡਿਪਟੀ ਕਮਿਸ਼ਨਰ ਨੇ ਸਿਆਸੀ ਪਾਰਟੀਆਂ ਨੂੰ ਵੋਟਰ ਸੂਚੀਆਂ ਦੇ ਸੈੱਟ ਤੇ ਸੀਡੀ ਸੌਂਪੀ

ਪਟਿਆਲਾ, 13 ਅਗਸਤ: ਸਵੀਤਾ ਸ਼ਰਮਾ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪਟਿਆਲਾ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ/ਨੁਮਾਇੰਦਿਆਂ ਨਾਲ ਐਸਆਈਆਰ-2026 ਦੇ ਨੋਟਿਸ ਪੜਾਅ ਅਤੇ ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪਟਿਆਲਾ ਦੇ ਹਰੇਕ ਵਿਧਾਨ ਸਭਾ ਚੋਣ ਹਲਕੇ ਦੀ ਡ੍ਰਾਫਟ ਫੋਟੋ ਵੋਟਰ ਸੂਚੀ ਦਾ ਇੱਕ ਸੈੱਟ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ/ਅਧਿਕਾਰਤ ਨੁਮਾਇੰਦਿਆਂ ਨੂੰ ਉਪਲਬਧ ਕਰਵਾਇਆ ਗਿਆ। ਇਸ ਤੋਂ ਇਲਾਵਾ ਹਰੇਕ ਵਿਧਾਨ ਸਭਾ ਚੋਣ ਹਲਕੇ ਦੀ ਫੋਟੋ ਰਹਿਤ ਡਰਾਫਟ ਵੋਟਰ ਸੂਚੀ ਵਾਲੀ ਡੀਵੀਡੀ ਵੀ ਮੁਹੱਈਆ ਕਰਵਾਈ ਗਈ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਅਤੇ ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ ਵੀ ਸ਼ਾਮਲ ਸਨ।
ਮੀਟਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨੋਟਿਸ ਪੜਾਅ ਅਧੀਨ ਨੋਟਿਸ ਜਾਰੀ ਕਰਨ ਅਤੇ ਉਨ੍ਹਾਂ ਦੇ ਨਿਪਟਾਰੇ, ਦਾਅਵਿਆਂ ਤੇ ਇਤਰਾਜ਼ਾਂ ਦੀ ਪ੍ਰਾਪਤੀ, ਪੜਤਾਲ ਅਤੇ ਨਿਪਟਾਰੇ ਦੀ ਪ੍ਰਕਿਰਿਆ ਦੇ ਨਾਲ-ਨਾਲ ਨਿਰਧਾਰਤ ਸਮਾਂ-ਸੀਮਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਡਰਾਫਟ ਵੋਟਰ ਸੂਚੀ ਦੀ ਜਾਂਚ ਕਰਕੇ ਕਿਸੇ ਵੀ ਕਮੀ, ਗਲਤੀ, ਛੁੱਟੇ ਹੋਏ ਨਾਮ ਜਾਂ ਹੋਰ ਇਤਰਾਜ਼/ਮੁੱਦੇ ਨੂੰ ਨਿਰਧਾਰਤ ਪ੍ਰਕਿਰਿਆ ਅਤੇ ਸਮਾਂ-ਸੀਮਾ ਅਨੁਸਾਰ ਸਬੰਧਤ ਈ.ਆਰ.ਓ. ਜਾਂ ਜ਼ਿਲ੍ਹਾ ਚੋਣ ਦਫ਼ਤਰ ਦੇ ਧਿਆਨ ਵਿੱਚ ਲਿਆ ਸਕਦੇ ਹਨ।
ਓਹਨਾ ਦਸਿਆ ਕਿ 01 ਅਕਤੂਬਰ 2026 ਦੀ ਯੋਗਤਾ ਮਿਤੀ ਦੇ ਆਧਾਰ ’ਤੇ ਨਵੇਂ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਯੋਗ ਵਿਅਕਤੀ 13 ਅਗਸਤ ਤੋਂ 12 ਸਤੰਬਰ ਤੱਕ ਫਾਰਮ ਨੰਬਰ 6 ਅਤੇ ਲੋੜੀਂਦਾ ਘੋਸ਼ਣਾ ਪੱਤਰ ਜਮ੍ਹਾਂ ਕਰਵਾ ਸਕਦੇ ਹਨ। ਇਸੇ ਤਰ੍ਹਾਂ NRI ਵੋਟਰਾਂ ਲਈ ਫਾਰਮ 6A, ਨਾਮ ਕਟਵਾਉਣ ਲਈ ਫਾਰਮ 7 ਅਤੇ ਵੇਰਵਿਆਂ ਵਿੱਚ ਸੋਧ ਜਾਂ ਪਤਾ ਬਦਲਣ ਲਈ ਫਾਰਮ 8 ਵੀ ਇਸ ਮਿਆਦ ਦੌਰਾਨ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਦੇ ਸਾਰੇ ਪੋਲਿੰਗ ਸਟੇਸ਼ਨਾਂ ’ਤੇ 16 ਅਗਸਤ 2026 ਨੂੰ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਇਨ੍ਹਾਂ ਕੈਂਪਾਂ ਦੌਰਾਨ ਵੋਟਰ ਫਾਰਮ ਨੰਬਰ 6, 7 ਅਤੇ 8 ਸਬੰਧਤ ਬੀ.ਐਲ.ਓਜ਼ ਕੋਲ ਜਮ੍ਹਾਂ ਕਰਵਾ ਸਕਣਗੇ। ਓਹਨਾ ਦਸਿਆ ਕਿ ਵੋਟਰ ਆਪਣੀ ਸਹੂਲਤ ਅਨੁਸਾਰ ਫਾਰਮ ਨੰਬਰ 6, 7 ਅਤੇ 8 ਆਨਲਾਈਨ voters.eci.gov.in ’ਤੇ ਵੀ ਭਰ ਸਕਦੇ ਹਨ ਜਾਂ ਇਹ ਫਾਰਮ ਆਪਣੇ ਸਬੰਧਤ ਬੂਥ ਲੈਵਲ ਅਫਸਰ ਕੋਲ ਆਫਲਾਈਨ ਜਮ੍ਹਾਂ ਕਰਵਾ ਸਕਦੇ ਹਨ। ਵੋਟਰ ਕਾਰਡ, ਵੋਟਰ ਸੇਵਾਵਾਂ ਅਤੇ ਐਸ.ਆਈ.ਆਰ. ਪ੍ਰਕਿਰਿਆ ਸਬੰਧੀ ਜਾਣਕਾਰੀ ਜਾਂ ਸਹਾਇਤਾ ਲਈ ਵੋਟਰ ਹੈਲਪਲਾਈਨ ਨੰਬਰ 1950 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਆਈ.ਐਨ.ਸੀ.ਪੀ., ਬੀ.ਐੱਸ.ਪੀ., ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਮੌਜੂਦ ਸਨ।

