ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ
15 ਅਗਸਤ ਨੂੰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਟਿਆਲਾ ਵਿਖੇ ਕੌਮੀ ਝੰਡਾ ਲਹਿਰਾਉਣਗੇ-ਡਾ. ਅਗਰਵਾਲ

ਪਟਿਆਲਾ, 13 ਅਗਸਤ: ਅਨੁਰਾਗ ਸ਼ਰਮਾ
ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਂਊਂਡ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਅੱਜ ਕਰਵਾਈ ਗਈ ਫੁੱਲ ਡਰੈਸ ਰਿਹਰਸਲ ਦਾ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ
ਐਸ.ਪੀ. (ਸਥਾਨਕ) ਵੈਭਵ ਚੌਧਰੀ ਅਤੇ ਏਡੀਸੀ (ਜ) ਅਨੁਪ੍ਰਿਤਾ ਜੌਹਲ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੇਸ਼ ਦੇ 80ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦਿੰਦਿਆ ਕਿਹਾ ਕਿ ਇਸ ਸਾਲ ਪਟਿਆਲਾ ਵਿਖੇ ਇਹ ਸਮਾਰੋਹ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸੁਤੰਤਰਤਾ ਦਿਵਸ ਸਮਾਗਮ ਮੌਕੇ ਪੋਲੋ ਗਰਾਊਂਡ ਵਿਖੇ ਪਹੁੰਚਣ ਦੀ ਅਪੀਲ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਪਟਿਆਲਾ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਜ਼ਿਲ੍ਹਾ ਨਿਵਾਸੀਆਂ ਦੇ ਨਾਮ ਆਪਣਾ ਸੰਦੇਸ਼ ਦੇਣਗੇ।
ਫੁੱਲ ਡਰੈਸ ਰਿਹਰਸਲ ਦੌਰਾਨ ਪਰੇਡ ਕਮਾਂਡਰ ਡੀਐਸਪੀ ਫ਼ਤਿਹ ਸਿੰਘ ਬਰਾੜ ਦੀ ਅਗਵਾਈ ਹੇਠ ਆਈ.ਟੀ.ਬੀ.ਪੀ, ਜ਼ਿਲ੍ਹਾ ਪੁਲਿਸ, ਮਹਿਲਾ ਵਿੰਗ, ਪੰਜਾਬ ਹੋਮਗਾਰਡਜ਼, ਐਨ.ਸੀ.ਸੀ. ਆਰਮੀ ਤੇ ਏਅਰ ਵਿੰਗ, ਪੁਰਾਣੀ ਪੁਲਿਸ ਲਾਈਨ ਸਕੂਲ ਦੇ ਸੈਂਟ ਜੌਹਨ ਐਂਬੂਲੈਂਸ ਬ੍ਰਿਗੇਡ, ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਦੀ ਗਾਈਡ ਸੁਕੈਡ ਟੁਕੜੀਆਂ ਸਮੇਤ ਪੰਜਾਬ ਪੁਲਿਸ ਦੇ ਆਈ.ਆਰ.ਬੀ. ਦੇ ਪਾਈਪ ਬੈਂਡ ਦੀ ਟੁਕੜੀ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ।
ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਸਮੇਤ ਗਤਕੇ ਦੇ ਜੌਹਰ ਵੀ ਦਿਖਾਏ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਗਮ ਮੌਕੇ ਕੈਬਿਨੇਟ ਮੰਤਰੀ ਜਿੱਥੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਮਹਾਨ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਉਤਰਧਿਕਾਰੀਆਂ ਦਾ ਸਨਮਾਨ ਕਰਨਗੇ ਉਥੇ ਵੱਖ-ਵੱਖ ਖੇਤਰਾਂ ਵਿੱਚ ਪ੍ਰਸੰਸਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਸਮਾਗਮ ਲਈ ਜ਼ਿਲ੍ਹਾ ਪੁਲਿਸ ਨੇ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਹਨ ਅਤੇ ਲੋੜੀਂਦੀ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਸਮਾਗਮ ਦੇ ਮੱਦੇਨਜ਼ਰ ਆਪਣੀ ਚੌਕਸੀ ਹੋਰ ਵਧਾ ਦਿੱਤੀ ਹੈ।
ਐਸ.ਪੀ. (ਹੈਡੁਕੁਆਰਟਰ) ਵੈਭਵ ਚੌਧਰੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਲਾਵਾਰਸ ਵਸਤੂ ਨੂੰ ਹੱਥ ਨਾ ਲਗਾਉਣ ਅਤੇ ਕਿਸੇ ਵੀ ਅਜਿਹੀ ਸ਼ੱਕੀ ਵਸਤੂ ਜਾਂ ਸ਼ੱਕੀ ਵਿਅਕਤੀ ਦੀ ਸੂਚਨਾ ਨੇੜਲੇ ਪੁਲਿਸ ਥਾਣੇ, ਚੌਂਕੀ, ਨਾਕੇ ਜਾਂ ਪੀ.ਸੀ.ਆਰ ਟੀਮ ਨੂੰ ਦੇਣ ਸਮੇਤ ਜਾਂ ਪੁਲਿਸ ਹੈਲਪਲਾਈਨ ਨੰਬਰ 112 ਨੰਬਰ ‘ਤੇ ਦਿੱਤੀ ਜਾ ਸਕਦੀ ਹੈ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਪੂਜਾ ਸਿਆਲ, ਏਡੀਸੀ (ਆਰ ਡੀ) ਦਮਨਜੀਤ ਸਿੰਘ ਮਾਨ, ਏਡੀਸੀ (ਜ) ਅਨੁਪ੍ਰਿਤਾ ਜੌਹਲ, ਐਸਪੀਜ ਪਲਵਿੰਦਰ ਸਿੰਘ ਚੀਮਾ, ਸੁਖਅੰਮ੍ਰਿਤ ਸਿੰਘ ਰੰਧਾਵਾ, ਐਸਡੀਐਮ, ਡੀ ਆਰ ਓ, ਸਿਵਲ ਸਰਜਨ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

