Punjab News : ਪੰਜਾਬ ਵਿੱਚ ਅੱਠਵੀਂ ਜਮਾਤ ਤੋਂ ਲੈ ਕੇ ਉੱਚੇਰੀ ਸਿੱਖਿਆ (ਕਾਲਜਾਂ ਅਤੇ ਯੂਨੀਵਰਸਿਟੀਆਂ) ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਇੱਕ ਨਵੀਂ ਅਤੇ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਸਕੂਲਾਂ-ਕਾਲਜਾਂ ਵਿੱਚ ਦਾਖਲੇ ਲਈ ਡਿਜੀਟਲ ਜਨਮ ਸਰਟੀਫਿਕੇਟ ਲਾਜ਼ਮੀ ਕਰ ਦਿੱਤਾ ਗਿਆ ਹੈ। ਪਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸੂਬੇ ਦੇ ਹਜ਼ਾਰਾਂ ਬੱਚਿਆਂ ਦੇ ਜਨਮ ਸਰਟੀਫਿਕੇਟਾਂ ਵਿੱਚ ਉਨ੍ਹਾਂ ਦਾ ਖੁਦ ਦਾ ਨਾਮ ਹੀ ਦਰਜ ਨਹੀਂ ਹੈ, ਬਲਕਿ ਨਾਮ ਵਾਲੇ ਖਾਨੇ ਵਿੱਚ ਸਿਰਫ਼ ’ਲੜਕਾ’ ਜਾਂ ’ਲੜਕੀ’ ਲਿਖਿਆ ਹੋਇਆ ਹੈ। ਜਗਜੀਤ ਸਿੰਘ ਨੇ ਦਸਵੀਂ ਵਿੱਚ ਦਾਖਲਾ ਲੈਣਾ ਹੈ। ਉਸ ਦੀ ਜਨਮ ਮਿਤੀ 28 ਅਕਤੂਬਰ 2010 ਹੈ ਪਰ ਡਿਜ਼ੀਟਲ ਜਨਮ ਸਰਟੀਫਿਕੇਟ ਵਿੱਚ ਉਸ ਦਾ ਨਾਮ ਦਰਜ ਨਹੀਂ। ਸਿਹਤ ਵਿਭਾਗ ਦੇ ਡਿਜ਼ੀਟਲ ਸਿਸਟਮ ਵਿੱਚ ਨਾਮ ਦਰਜ ਕਰਨ ਵਾਸਤੇ ਅਪਲਾਈ ਨਹੀਂ ਹੁੰਦਾ ਕਿਉਂਕਿ ਉਸਦੀ ਉਮਰ 14 ਸਾਲ ਤੋਂ ਉਪਰ ਹੋ ਗਈ।
ਇਸ ਵਜ੍ਹਾ ਕਰਕੇ ਜਗਜੀਤ ਸਿੰਘ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਇਹੀ ਹਾਲ ਨੰਦਨੀ ਅਤੇ ਹੋਰ ਵਿਦਿਆਰਥੀਆਂ ਦਾ ਹੈ। ਉਨ੍ਹਾਂ ਦੇ ਮਾਪਿਆਂ ਨੇ ਦੱਸਿਆ ਕਿ ਬੱਚੇ ਦੇ ਜਨਮ ਵੇਲੇ ਹਸਪਤਾਲ ਵਾਲਿਆਂ ਨੇ ਸਿਰਫ਼ ’ਲੜਕਾ’ ਜਾਂ ’ਲੜਕੀ’ ਲਿਖ ਕੇ ਰਜਿਸਟਰੇਸ਼ਨ ਕਰ ਦਿੱਤੀ। ਹੁਣ ਜਦੋਂ ਬੱਚਾ 15-16 ਸਾਲ ਦਾ ਹੋ ਕੇ ਉੱਚੀ ਕਲਾਸ ਵਿੱਚ ਦਾਖਲਾ ਲੈਣ ਲੱਗਾ ਹੈ, ਤਾਂ ਵਿਭਾਗ ਦਾ ਕਹਿਣਾ ਹੈ ਹੈ ਕਿ ਨਾਮ ਦਰਜ ਨਹੀਂ ਹੋ ਸਕਦਾ। ਉਨ੍ਹਾਂ ਸਵਾਲ ਕੀਤਾ ਕਿ ਜੇ ਨਾਮ ਦਰਜ ਨਹੀਂ ਹੋਵੇਗਾ ਤਾਂ ਸਾਡੇ ਬੱਚੇ ਅੱਗੇ ਕਿਵੇਂ ਪੜ੍ਹਨਗੇ? ਸਿਹਤ ਵਿਭਾਗ ਅਤੇ ਸੇਵਾ ਕੇਂਦਰਾਂ ਦੇ ਨਿਯਮਾਂ ਮੁਤਾਬਕ 14 ਸਾਲ ਦੀ ਉਮਰ ਤੋਂ ਬਾਅਦ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਨ ਵਾਲੀ ਐਪ/ਪੋਰਟਲ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ 14 ਸਾਲ ਤੋਂ ਉੱਪਰ ਹੋ ਚੁੱਕੇ ਬੱਚਿਆਂ ਦੇ ਨਾਮ ਸਰਟੀਫਿਕੇਟਾਂ ’ਚ ਚੜ੍ਹਨੇ ਬੰਦ ਹੋ ਗਏ ਹਨ। ਇਸ ਕਾਰਨ ਵਿਦਿਆਰਥੀਆਂ ਦੇ ਅਗਲੇ ਦਾਖਲੇ ਪੂਰੀ ਤਰ੍ਹਾਂ ਰੁਕ ਗਏ ਹਨ।
ਸਿਹਤ ਵਿਭਾਗ ਦੀ ਵੈੱਬਸਾਈਟ ਅਤੇ ਪੰਜਾਬ ਸਰਕਾਰ ਦੇ ਮੌਜੂਦਾ ਨੋਟੀਫਿਕੇਸ਼ਨਾਂ ਅਨੁਸਾਰ, ਰਜਿਸਟਰੇਸ਼ਨ ਆਫ਼ ਬਰਥ ਐਂਡ ਡੈੱਥ ਐਕਟ ਦੀ ਧਾਰਾ 14 ਦੇ ਤਹਿਤ, ਜਨਮ ਤੋਂ 14 ਸਾਲ ਪੂਰੇ ਹੋਣ ਤੱਕ ਬੱਚੇ ਦਾ ਨਾਮ ਬਿਨਾਂ ਕਿਸੇ ਦੇਰੀ ਫੀਸ ਜਾਂ ਮਾਮੂਲੀ ਫੀਸ ਦੇ ਸਰਟੀਫਿਕੇਟ ਵਿੱਚ ਦਰਜ ਕਰਵਾਇਆ ਜਾ ਸਕਦਾ ਹੈ। ਸੇਵਾ ਕੇਂਦਰਾਂ ਦੇ ਸੂਤਰਾਂ ਅਤੇ ਸਿਹਤ ਵਿਭਾਗ ਦੇ ਆਨਲਾਈਨ ਪੋਰਟਲ ਤੋਂ ਮਿਲੇ ਵੇਰਵਿਆਂ ਮੁਤਾਬਕ, 14 ਸਾਲ ਦੀ ਉਮਰ ਟੱਪ ਚੁੱਕੇ ਬੱਚਿਆਂ ਦਾ ਨਾਮ ਡਿਜੀਟਲ ਸਿਸਟਮ ਵਿੱਚ ਦਰਜ ਕਰਨ ਵਾਲਾ ਲਿੰਕ/ਐਪਲੀਕੇਸ਼ਨ ਸੌਫਟਵੇਅਰ ਸਿਹਤ ਵਿਭਾਗ ਵੱਲੋਂ ਬੰਦ ਕਰ ਦਿੱਤਾ ਗਿਆ ਹੈ।

