ਪੈਦਾ ਕਰੋ ਤੀਜਾ ਬੱਚਾ ਪਾਓ 50,000 ਰੁਪਏ

National News : ਕਦੇ ਭਾਰਤ ਵਿੱਚ ਵੱਧਦੀ ਆਬਾਦੀ ਸਭ ਤੋਂ ਵੱਡੀ ਚਿੰਤਾ ਮੰਨੀ ਜਾਂਦੀ ਸੀ…ਪਰ ਹੁਣ ਤਸਵੀਰ ਬਦਲਦੀ ਨਜ਼ਰ ਆ ਰਹੀ ਹੈ! ਜਿੱਥੇ ਕਦੇ ਲੋਕਾਂ ਨੂੰ ਦੋ ਬੱਚਿਆਂ ਤੱਕ ਪਰਿਵਾਰ ਸੀਮਤ ਰੱਖਣ ਲਈ ਕਿਹਾ ਜਾਂਦਾ ਸੀ, ਉੱਥੇ ਹੁਣ ਇੱਕ ਭਾਈਚਾਰਾ ਆਪਣੇ ਨੌਜਵਾਨ ਜੋੜਿਆਂ ਨੂੰ ਤੀਜਾ ਬੱਚਾ ਪੈਦਾ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਤੇ ਇਸ ਲਈ ਸਿਰਫ਼ ਅਪੀਲ ਹੀ ਨਹੀਂ ਕੀਤੀ ਗਈ, ਸਗੋਂ ਤੀਜੇ ਬੱਚੇ ਦੇ ਜਨਮ ’ਤੇ 50 ਹਜ਼ਾਰ ਰੁਪਏ ਦੀ ਫਿਕਸਡ ਡਿਪਾਜ਼ਿਟ ਅਤੇ ਜਨਤਕ ਸਨਮਾਨ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਗੁਜਰਾਤ ਦੇ ਕੱਛ ਕੜਵਾ ਪਾਟੀਦਾਰ ਸਮਾਜ ਵੱਲੋਂ ਆਪਣੇ ਭਾਈਚਾਰੇ ਦੀ ਘਟਦੀ ਆਬਾਦੀ ਨੂੰ ਲੈ ਕੇ ਇਹ ਪਹਿਲਕਦਮੀ ਸਾਹਮਣੇ ਆਈ ਹੈ। ਯੋਜਨਾ ਮੁਤਾਬਕ ਭਾਈਚਾਰੇ ਦੇ ਜਿਨ੍ਹਾਂ ਮਾਤਾ-ਪਿਤਾ ਦੇ ਘਰ ਤੀਜਾ ਬੱਚਾ ਜਨਮ ਲਵੇਗਾ, ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੀ ਐਫ.ਡੀ. ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਤੀਜੇ ਬੱਚੇ ਦੇ ਮਾਤਾ-ਪਿਤਾ ਨੂੰ ਇੱਕ ਜਨਤਕ ਸਮਾਗਮ ਦੌਰਾਨ ਸਨਮਾਨਿਤ ਵੀ ਕੀਤਾ ਜਾਵੇਗਾ। ਇਹ ਫੈਸਲਾ ਦੱਖਣੀ ਗੁਜਰਾਤ ਦੀ ਜ਼ੋਨਲ ਮੀਟਿੰਗ ਦੌਰਾਨ ਚਰਚਾ ਵਿੱਚ ਆਇਆ। ਭਾਈਚਾਰੇ ਦੇ ਆਗੂਆਂ ਨੇ ਚਿੰਤਾ ਜ਼ਾਹਰ ਕੀਤੀ ਕਿ ਅੱਜ ਦੇ ਸਮੇਂ ਵਿੱਚ ਕਈ ਨੌਜਵਾਨ ਜੋੜੇ ਜਾਂ ਤਾਂ ਸਿਰਫ਼ ਇੱਕ ਬੱਚਾ ਕਰ ਰਹੇ ਹਨ ਜਾਂ ਫਿਰ ਬੱਚੇ ਪੈਦਾ ਕਰਨ ਤੋਂ ਹੀ ਪਰਹੇਜ਼ ਕਰ ਰਹੇ ਹਨ।

 

ਭਾਈਚਾਰੇ ਦੇ ਆਗੂਆਂ ਮੁਤਾਬਕ ਇਸ ਕਾਰਨ ਆਬਾਦੀ ਲਗਾਤਾਰ ਘਟ ਰਹੀ ਹੈ ਅਤੇ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਭਾਈਚਾਰੇ ਦੀ ਗਿਣਤੀ ਹੋਰ ਛੋਟੀ ਹੋ ਸਕਦੀ ਹੈ। ਇਸੇ ਚਿੰਤਾ ਦੇ ਚਲਦਿਆਂ ਤੀਜੇ ਬੱਚੇ ਨੂੰ ਉਤਸ਼ਾਹਿਤ ਕਰਨ ਲਈ ਇਹ ਯੋਜਨਾ ਲਿਆਂਦੀ ਗਈ ਹੈ। ਕੇਕੇਪੀਐਸ ਦੇ ਦੱਖਣੀ ਗੁਜਰਾਤ ਜ਼ੋਨ ਦੇ ਉਪ-ਪ੍ਰਧਾਨ ਜਵੇਰੀਲਾਲ ਰਮਣੀ ਨੇ ਕਿਹਾ ਕਿ ਇਹ ਵਿਚਾਰ ਉਸ ਸਮੇਂ ਆਇਆ ਜਦੋਂ ਉਨ੍ਹਾਂ ਨੇ ਦੇਖਿਆ ਕਿ ਭਾਈਚਾਰੇ ਦੇ ਨੌਜਵਾਨ ਜਾਂ ਤਾਂ ਬੱਚੇ ਪੈਦਾ ਨਹੀਂ ਕਰ ਰਹੇ ਜਾਂ ਸਿਰਫ਼ ਇੱਕ ਬੱਚੇ ਤੱਕ ਹੀ ਪਰਿਵਾਰ ਸੀਮਤ ਰੱਖ ਰਹੇ ਹਨ। ਉਨ੍ਹਾਂ ਮੁਤਾਬਕ ਐਫ.ਡੀ. ਰਾਹੀਂ ਨੌਜਵਾਨ ਜੋੜਿਆਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਈਚਾਰੇ ਦੇ ਆਗੂਆਂ ਅਨੁਸਾਰ ਦੱਖਣੀ ਗੁਜਰਾਤ ਵਿੱਚ ਕੱਛ ਕੜਵਾ ਪਾਟੀਦਾਰ ਸਮਾਜ ਦੀ ਆਬਾਦੀ ਲਗਭਗ 17 ਹਜ਼ਾਰ ਹੈ ਅਤੇ ਇਸ ਵਿੱਚ ਕਮੀ ਆ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ 50 ਹਜ਼ਾਰ ਦੀ ਇਹ ਐਫ.ਡੀ. ਅਤੇ ਸਨਮਾਨ ਦੀ ਪਹਿਲਕਦਮੀ ਨੌਜਵਾਨ ਜੋੜਿਆਂ ਨੂੰ ਤੀਜੇ ਬੱਚੇ ਲਈ ਕਿੰਨਾ ਉਤਸ਼ਾਹਿਤ ਕਰਦੀ ਹੈ। ਫਿਲਹਾਲ ਇਸ ਐਲਾਨ ਨੇ ਇੱਕ ਵਾਰ ਫਿਰ ਭਾਰਤ ਵਿੱਚ ਘਟਦੀ ਆਬਾਦੀ ਅਤੇ ਬਦਲਦੇ ਪਰਿਵਾਰਕ ਰੁਝਾਨਾਂ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ।

Related Post