ਕਿਸਾਨਾਂ ਲਈ ਵੱਡੀ ਖ਼ਬਰ! 10 ਸੂਬਿਆਂ ਨੂੰ 1082 ਕਰੋੜ ਦਾ ਫੰਡ ਜਾਰੀ

National News : ਹਾੜੀ ਦੀ ਫਸਲ ਦੀ ਤਿਆਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਵੱਲੋਂ ਹਾੜੀ ਸੀਜ਼ਨ ਦੀਆਂ ਤਿਆਰੀਆਂ ਲਈ 10 ਸੂਬਿਆਂ ਨੂੰ ਕੁੱਲ 1082 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ। ਇਹ ਰਕਮ ਬੀਜ, ਖਾਦ, ਸਿੰਚਾਈ ਅਤੇ ਖੇਤੀਬਾੜੀ ਨਾਲ ਜੁੜੇ ਹੋਰ ਪ੍ਰਬੰਧਾਂ ਲਈ ਵਰਤੀ ਜਾਵੇਗੀ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਰਬੀ ਮੁਹਿੰਮ ਦੀਆਂ ਤਿਆਰੀਆਂ ਦਰਮਿਆਨ ਇਹ ਫੰਡ ਮਨਜ਼ੂਰ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਪੰਜਾਬ ਨੂੰ 43 ਇਸ ਤੋਂ ਬਾਅਦ ਹਰਿਆਣਾ ਨੂੰ 198 ਕਰੋੜ, ਛੱਤੀਸਗੜ੍ਹ ਨੂੰ 181 ਕਰੋੜ ਅਤੇ ਅਰੁਣਾਚਲ ਪ੍ਰਦੇਸ਼ ਨੂੰ 154 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਉੱਥੇ ਹੀ ਬਿਹਾਰ ਨੂੰ 114 ਕਰੋੜ, ਕਰਨਾਟਕ ਨੂੰ 104 ਕਰੋੜ, ਮਿਜ਼ੋਰਮ ਨੂੰ 75 ਕਰੋੜ, ਹਿਮਾਚਲ ਪ੍ਰਦੇਸ਼ ਨੂੰ 64 ਕਰੋੜ, ਝਾਰਖੰਡ ਨੂੰ 58 ਕਰੋੜ ਅਤੇ ਪੱਛਮੀ ਬੰਗਾਲ ਨੂੰ ਸਭ ਤੋਂ ਵੱਧ 290 ਕਰੋੜ ਰੁਪਏ ਦਾ ਫੰਡ ਦਿੱਤਾ ਗਿਆ ਹੈ। ਇਹ ਰਕਮ ਪ੍ਰਧਾਨ ਮੰਤਰੀ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਤਹਿਤ ਜਾਰੀ ਕੀਤੀ ਗਈ ਹੈ। ਪਰ ਇਸ ਵਾਰ ਸਿਰਫ਼ ਫੰਡ ਹੀ ਨਹੀਂ, ਦਾਲਾਂ ਦੀ ਖੇਤੀ ਨੂੰ ਲੈ ਕੇ ਵੀ ਸਰਕਾਰ ਦਾ ਖਾਸ ਜ਼ੋਰ ਹੈ।

 

ਧਾਨ ਦੀ ਕਟਾਈ ਤੋਂ ਬਾਅਦ ਖੇਤਾਂ ਨੂੰ ਖਾਲੀ ਛੱਡਣ ਦੀ ਬਜਾਏ ਕਿਸਾਨ ਤੂਰ, ਉੜਦ ਅਤੇ ਮਸੂਰ ਵਰਗੀਆਂ ਦਾਲਾਂ ਦੀ ਖੇਤੀ ਵੱਲ ਜਾ ਸਕਦੇ ਹਨ। ਇਸ ਨਾਲ ਫਸਲੀ ਵਿਭਿੰਨਤਾ ਨੂੰ ਉਤਸ਼ਾਹ ਮਿਲ ਸਕਦਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਲਾਭ ਹੋ ਸਕਦਾ ਹੈ। ਹੁਣ ਗੱਲ ਕਰਦੇ ਹਾਂ ਇੱਕ ਹੋਰ ਅਹਿਮ ਮੁੱਦੇ ਦੀ…ਨਕਲੀ ਖਾਦ, ਘਟੀਆ ਬੀਜ ਅਤੇ ਗੈਰ-ਮਿਆਰੀ ਕੀਟਨਾਸ਼ਕਾਂ ਤੋਂ ਕਿਸਾਨਾਂ ਨੂੰ ਬਚਾਉਣ ਲਈ ਸਖ਼ਤੀ ਦੇ ਨਿਰਦੇਸ਼ ਦਿੱਤੇ ਗਏ ਹਨ।ਖਾਦ ਦੇ ਨਾਲ ਜ਼ਬਰਦਸਤੀ ਕੋਈ ਹੋਰ ਸਮਾਨ ਖਰੀਦਣ ਲਈ ਮਜਬੂਰ ਕਰਨ ਦੀ ਪ੍ਰਥਾ ਨੂੰ ਫੋਰਸ ਟੈਗਿੰਗ ਕਿਹਾ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਇਸ ਲਈ ਕਿਸਾਨ ਜਦੋਂ ਵੀ ਖਾਦ, ਬੀਜ ਜਾਂ ਕੀਟਨਾਸ਼ਕ ਖਰੀਦਣ, ਤਾਂ ਬਿੱਲ ਜ਼ਰੂਰ ਲੈਣ। ਇਸ ਤੋਂ ਇਲਾਵਾ ਪੈਕਟ ‘ਤੇ ਕੰਪਨੀ ਦਾ ਨਾਮ, ਬੈਚ ਨੰਬਰ ਅਤੇ ਮਿਆਦ ਵੀ ਚੰਗੀ ਤਰ੍ਹਾਂ ਜਾਂਚ ਲੈਣ। ਸਰਕਾਰ ਵੱਲੋਂ ਯੋਗ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਨਾਲ ਜੋੜਨ ਅਤੇ ਫਸਲ ਬੀਮੇ ਦੀ ਰਕਮ ਪਾਰਦਰਸ਼ੀ ਢੰਗ ਨਾਲ ਕਿਸਾਨਾਂ ਤੱਕ ਪਹੁੰਚਾਉਣ ‘ਤੇ ਵੀ ਜ਼ੋਰ ਦਿੱਤਾ ਗਿਆ ਹੈ।

 

ਅਤੇ ਹੁਣ ਸਭ ਤੋਂ ਜ਼ਰੂਰੀ ਗੱਲ… ਹਾੜੀ ਦੀ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾਉਣਾ ਵੀ ਕਿਸਾਨਾਂ ਲਈ ਫਾਇਦੇਮੰਦ ਹੋ ਸਕਦਾ ਹੈ। ਮਿੱਟੀ ਦੀ ਜਾਂਚ ਰਾਹੀਂ ਖੇਤ ਵਿੱਚ ਮੌਜੂਦ ਪੋਸ਼ਕ ਤੱਤਾਂ ਅਤੇ ਉਨ੍ਹਾਂ ਦੀ ਕਮੀ ਬਾਰੇ ਜਾਣਕਾਰੀ ਮਿਲ ਸਕਦੀ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਲੋੜ ਮੁਤਾਬਕ ਖਾਦ ਦੀ ਵਰਤੋਂ ਕਰਨ ਨਾਲ ਬੇਲੋੜਾ ਖਰਚ ਘਟਾਉਣ ਅਤੇ ਮਿੱਟੀ ਦੀ ਸਿਹਤ ਬਣਾਈ ਰੱਖਣ ਵਿੱਚ ਮਦਦ ਮਿਲ ਸਕਦੀ ਹੈ। ਇਸ ਲਈ ਰਬੀ ਸੀਜ਼ਨ ਦੀ ਤਿਆਰੀ ਕਰ ਰਹੇ ਕਿਸਾਨਾਂ ਲਈ ਇਸ ਵਾਰ ਗੱਲ ਸਿਰਫ਼ ਫਸਲ ਬੀਜਣ ਦੀ ਨਹੀਂ, ਸਗੋਂ ਸਹੀ ਬੀਜ, ਸਹੀ ਖਾਦ, ਮਿੱਟੀ ਦੀ ਜਾਂਚ ਅਤੇ ਖੇਤੀ ਸਮੱਗਰੀ ਦੀ ਪੂਰੀ ਜਾਂਚ ਕਰਨ ਦੀ ਵੀ ਹੈ। ਤੁਸੀਂ ਇਸ ਖ਼ਬਰ ਬਾਰੇ ਕੀ ਸੋਚਦੇ ਹੋ? ਆਪਣੀ ਰਾਏ ਹੇਠਾਂ ਟਿੱਪਣੀ ਕਰਕੇ ਜ਼ਰੂਰ ਦੱਸੋ।

Related Post