Amritsar News : ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਸਾਹਿਬ ਵਿਖੇ ਅੱਜ ਇੱਕ ਵਾਰ ਫਿਰ ਹਾਦਸਾ ਵਾਪਰ ਗਿਆ, ਜਿੱਥੇ ਸੰਗਤ ਦੀ ਸਹੂਲਤ ਲਈ ਲਗਾਏ ਗਏ ਟੈਂਟ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਵੱਧ ਰਹੇ ਤਾਪਮਾਨ ਅਤੇ ਗਰਮੀ ਕਾਰਨ ਇਹ ਅੱਗ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਮੌਕੇ ‘ਤੇ ਮੌਜੂਦ ਸੇਵਾਦਾਰਾਂ ਨੇ ਬਹੁਤ ਹੀ ਮੁਸਤੈਦੀ ਅਤੇ ਸੂਝਬੂਝ ਨਾਲ ਤੁਰੰਤ ਕਾਰਵਾਈ ਕਰਦਿਆਂ ਅੱਗ ‘ਤੇ ਕਾਬੂ ਪਾ ਲਿਆ।
ਸੰਗਤ ਅਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਹਾਲਾਤ ਨੂੰ ਜ਼ਲਦੀ ਕਾਬੂ ਵਿੱਚ ਕਰ ਲਿਆ ਗਿਆ, ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਐਤਵਾਰ ਨੂੰ ਵੀ ਇੱਥੇ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ, ਜਦੋਂ ਨਿਰਮਾਣ ਅਧੀਨ ਇਮਾਰਤ ਦੀਆਂ ਪਲੇਟਾਂ ਸੰਗਤ ਉਪਰ ਡਿੱਗ ਗਈਆਂ ਸਨ। ਉਸ ਹਾਦਸੇ ਵਿੱਚ ਤਿੰਨ ਬੀਬੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਸ਼ਰਧਾਲੂ ਜ਼ਖਮੀ ਹੋਏ ਸਨ। ਫਿਲਹਾਲ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਗੱਲ ਕਹੀ ਜਾ ਰਹੀ ਹੈ।

