ਪੰਜਾਬ ‘ਚ CM ਮਾਨ ਦੇ ਕੈਂਪ ਆਫ਼ਿਸ ‘ਤੇ CBI ਦੀ ਰੇਡ

Punjab News : CBI ਨੇ ਪੰਜਾਬ ਵਿਚ ਟ੍ਰਾਂਸਫ਼ਰ-ਪੋਸਟਿੰਗ ਲਈ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। CBI ਦੀਆਂ ਟੀਮਾਂ ਵੱਲੋਂ ਚੰਡੀਗੜ੍ਹ, ਮੋਹਾਲੀ ਅਤੇ ਸੰਗਰੂਰ ਵਿਚ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੈਂਪ ਆਫ਼ਿਸ ਵਿਚ ਛਾਪੇਮਾਰੀ ਕੀਤੇ ਜਾਣ ਦੀ ਵੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ CBI ਦੀ ਟੀਮ ਵੱਲੋਂ ਚੰਡੀਗੜ੍ਹ ਦੇ ਸੈਕਟਰ 2 ਦੀ ਕੋਠੀ ਨੰਬਰ 50 ਵਿਚ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ OSD ਰਾਜਬੀਰ ਘੁੰਮਣ ਦੇ ਭਰਾ ਦੇ ਘਰ ਵੀ ਛਾਪੇਮਾਰੀ ਹੋਈ ਹੈ।ਦੱਸ ਦਈਏ ਕਿ ਇਹ ਕਾਰਵਾਈ ਹਾਈ ਕੋਰਟ ਵੱਲੋਂ ਹਾਲ ਹੀ ਵਿਚ ਮੁੱਖ ਮੰਤਰੀ ਦਫ਼ਤਰ ਵਿਚ ਹੋ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ CBI ਜਾਂਚ ਕਰਵਾਉਣ ਦੇ ਹੁਕਮਾਂ ਮਗਰੋਂ ਕੀਤੀ ਗਈ ਹੈ।

 

ਉੱਥੇ ਹੀ ਪੰਜਾਬ ਸਰਕਾਰ ਪਹਿਲਾਂ ਹੀ ਇਸ ਮਾਮਲੇ ਵਿਚ ਸੁਪਰੀਮ ਕੋਰਟ ਦਾ ਰੁਖ ਕਰ ਚੁੱਕੀ ਹੈ, ਜਿੱਥੇ ਚੀਫ਼ ਜਸਟਿਸ ਨੇ ਇਸ ਮਾਮਲੇ ਦੀ ਇਕ ਤੋਂ ਦੋ ਦਿਨਾਂ ਵਿਚ ਸੁਣਵਾਈ ਕਰਨ ਦੀ ਗੱਲ ਆਖ਼ੀ ਹੈ।ਦੂਜੇ ਪਾਸੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਛਾਪੇਮਾਰੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ CBI ਵੱਲੋਂ ਉਨ੍ਹਾਂ ਦੇ ਕੈਂਪ ਆਫ਼ਿਸ ਵਿਚ ਰੇਡ ਕੀਤੀ ਗਈ ਹੈ। ਮੁੱਖ ਮੰਤਰੀ ਨੇ ਇਸ ਕਾਰਵਾਈ ਨੂੰ ਭਾਜਪਾ ਦੀ ਚੋਣ ਤਿਆਰੀ ਦੱਸਦਿਆਂ ਕਿਹਾ ਕਿ ਹੁਣ ਪੰਜਾਬ ਸਰਕਾਰ ਤੇ ਮੈਨੂੰ ਬਦਨਾਮ ਕਰਨ ਲਈ ਪੰਜਾਬ ਵਿਚ ED ਤੇ CBI ਦੀ ਦੁਰਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਮਿਲਦੇ ਪਿਆਰ ਨੂੰ ਵੇਖ ਕੇ ਭਾਜਪਾ ਘਬਰਾਹਟ ਵਿਚ ਹੈ।

 

Related Post