ਪੰਜਾਬ ਵਿੱਚ ਭਿਆਨਕ ਹੀਟਵੇਵ ਦਾ ਅਲਰਟ, 17–21 ਮਈ ਤੱਕ ਯੈਲੋ ਅਲਰਟ ਜਾਰੀ

Punjab News : ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਗਰਮੀ ਲੋਕਾਂ ਲਈ ਵੱਡੀ ਮੁਸੀਬਤ ਬਣ ਸਕਦੀ ਹੈ। ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਅਗਲੇ ਪੰਜ ਦਿਨਾਂ ਲਈ ਭਿਆਨਕ ਹੀਟਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। 17 ਤੋਂ 21 ਮਈ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਲਾਗੂ ਰਹੇਗਾ। ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਵਰਗੇ ਇਲਾਕਿਆਂ ਵਿੱਚ ਤਾਪਮਾਨ 42 ਤੋਂ 43 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਤੇਜ਼ ਧੁੱਪ ਅਤੇ ਤਪਦੀਆਂ ਹਵਾਵਾਂ ਕਾਰਨ ਆਮ ਜੀਵਨ ਪ੍ਰਭਾਵਿਤ ਹੋ ਸਕਦਾ ਹੈ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੌਸਮ ਵਿਭਾਗ ਨੇ ਲੋਕਾਂ ਨੂੰ ਖਾਸ ਤੌਰ ’ਤੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬਿਨਾਂ ਲੋੜ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸਦੇ ਨਾਲ ਹੀ ਸਿਹਤ ਮਾਹਿਰਾਂ ਨੇ ਵੀ ਲੂ ਅਤੇ ਡੀ-ਹਾਈਡਰੇਸ਼ਨ ਤੋਂ ਬਚਣ ਲਈ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਮਾਹਿਰਾਂ ਮੁਤਾਬਕ ਗਰਮੀਆਂ ਵਿੱਚ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ। ਵੱਧ ਤੋਂ ਵੱਧ ਪਾਣੀ ਪੀਣਾ, ਆਪਣੇ ਨਾਲ ਪਾਣੀ ਦੀ ਬੋਤਲ ਰੱਖਣਾ ਅਤੇ ਖੀਰਾ, ਖਰਬੂਜਾ ਅਤੇ ਨਿੰਬੂ ਪਾਣੀ ਵਰਗੀਆਂ ਕੁਦਰਤੀ ਚੀਜ਼ਾਂ ਦਾ ਸੇਵਨ ਕਰਨਾ ਸਿਹਤ ਲਈ ਫਾਇਦੇਮੰਦ ਰਹੇਗਾ।

ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਡੀ-ਹਾਈਡਰੇਸ਼ਨ ਸਿਰਫ਼ ਪਿਆਸ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਇਹ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ। ਸਰੀਰ ਵਿੱਚ ਪਾਣੀ ਅਤੇ ਇਲੈਕਟ੍ਰੋਲਾਈਟਸ ਦਾ ਸੰਤੁਲਨ ਖਰਾਬ ਹੋਣ ਨਾਲ ਅੰਦਰੂਨੀ ਅੰਗ ਪ੍ਰਭਾਵਿਤ ਹੋ ਸਕਦੇ ਹਨ। ਜ਼ਿਆਦਾ ਪਿਆਸ ਲੱਗਣਾ, ਥਕਾਵਟ ਅਤੇ ਕਮਜ਼ੋਰੀ ਇਸਦੇ ਸ਼ੁਰੂਆਤੀ ਲੱਛਣ ਹਨ, ਜਦਕਿ ਗੰਭੀਰ ਹਾਲਤ ਵਿੱਚ ਚੱਕਰ ਆਉਣਾ, ਉਲਝਣ ਅਤੇ ਬਲੱਡ ਪ੍ਰੈਸ਼ਰ ਘੱਟ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਬਜ਼ੁਰਗਾਂ, ਪਹਿਲਾਂ ਤੋਂ ਬੀਮਾਰ ਲੋਕਾਂ ਅਤੇ ਧੁੱਪ ਵਿੱਚ ਲੰਬਾ ਸਮਾਂ ਕੰਮ ਕਰਨ ਵਾਲਿਆਂ ਨੂੰ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ।

Related Post