ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਟੀਬੀ ਵਿਰੁੱਧ ਲੜਾਈ ਨੂੰ ਜਨ ਲਹਿਰ ਬਣਾਉਣ ਦਾ ਸੱਦਾ
-ਭਗਵੰਤ ਮਾਨ ਸਰਕਾਰ ਟੀਬੀ ਸਮੇਤ ਹੋਰ ਬਿਮਾਰੀਆਂ ਦੇ ਮਰੀਜ਼ਾਂ ਦੀ ਭਲਾਈ ਲਈ ਵਚਨਬੱਧ: ਡਾ. ਬਲਬੀਰ ਸਿੰਘ
-ਪੰਜਾਬ ਦੇ ਰਾਜਪਾਲ ਅਤੇ ਸਿਹਤ ਮੰਤਰੀ ਵੱਲੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਟੀਬੀ ਤੇ ਛਾਤੀ ਰੋਗਾਂ ਬਾਰੇ 81ਵੀਂ ਰਾਸ਼ਟਰੀ ਕਾਨਫਰੰਸ ‘ਨੈਟਕੌਨ-2026’ ਦਾ ਆਗਾਜ਼


ਪਟਿਆਲਾ, 2 ਅਕਤੂਬਰ: ਅਨੁਰਾਗ ਸ਼ਰਮਾ
ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਤਪਦਿਕ (ਟੀਬੀ) ਵਿਰੁੱਧ ਲੜਾਈ ਨੂੰ ਜਨ ਲਹਿਰ ਬਣਾਉਣ ਦਾ ਸੱਦਾ ਦਿੱਤਾ ਹੈ। ਰਾਜਪਾਲ ਨੇ ਅੱਜ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨਾਲ ਤਪਦਿਕ (ਟੀਬੀ) ਅਤੇ ਫੇਫੜਿਆਂ ਦੀਆਂ ਬਿਮਾਰੀਆਂ ਬਾਰੇ 81ਵੀਂ ਰਾਸ਼ਟਰੀ ਕਾਨਫਰੰਸ ‘ਨੈਟਕੌਨ-2026’ ਦਾ ਉਦਘਾਟਨ ਕੀਤਾ।
ਇਸ ਮੌਕੇ ਰਾਜਪਾਲ ਨੇ ਕਿਹਾ ਕਿ ਟੀਬੀ ਦਾ ਖਾਤਮਾ ਸਿਰਫ਼ ਸਰਕਾਰ ਜਾਂ ਸਿਹਤ ਵਿਭਾਗ ਦੀ ਇਕੱਲੀ ਜ਼ਿੰਮੇਵਾਰੀ ਨਹੀਂ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਹੋਵੇਗਾ ਕਿ ਕੋਈ ਵੀ ਟੀਬੀ ਮਰੀਜ਼ ਸਮੇਂ ਸਿਰ ਜਾਂਚ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਟੀਬੀ ਵਿਰੁੱਧ ਜਾਗਰੂਕਤਾ ਨੂੰ ਜਨ ਅੰਦੋਲਨ ਅਤੇ ਲੋਕਾਂ ਦੀ ਸਰਗਰਮ ਭਾਗੀਦਾਰੀ ਦੀ ਮੁਹਿੰਮ ਬਣਾਉਣ ਦੀ ਲੋੜ ਹੈ।
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਾਲ 1939 ਵਿੱਚ ਸਥਾਪਿਤ ਟਿਊਬਰਕਲੋਸਿਸ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਦਹਾਕਿਆਂ ਤੋਂ ਭਾਰਤ ਵਿੱਚ ਟੀਬੀ ਕੰਟਰੋਲ, ਜਨਤਕ ਜਾਗਰੂਕਤਾ, ਡਾਕਟਰੀ ਸਿੱਖਿਆ ਅਤੇ ਵਿਗਿਆਨਕ ਖੋਜ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਸੰਸਥਾ ਨੂੰ ਤਪਦਿਕ ਬਾਰੇ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਬੁਕਲੈਟ ਛਪਵਾ ਕੇ ਵਿਆਪਕ ਜਾਗਰੂਕਤਾ ਪੈਦਾ ਕਰਨ ਲਈ ਵੀ ਪ੍ਰੇਰਿਤ ਕੀਤਾ। ਰਾਜਪਾਲ ਨੇ ਟੀਬੀ ਦੇ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੌਸ਼ਟਿਕ ਖੁਰਾਕ ਉਪਲਬਧ ਕਰਵਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ‘ਨਿਕਸ਼ੇ ਮਿੱਤਰ’ ਸਕੀਮ ਰਾਹੀਂ ਟੀਬੀ ਮਰੀਜ਼ਾਂ ਦੀ ਬਾਂਹ ਫੜੀ ਹੈ, ਜਦਕਿ ਇੰਡੀਅਨ ਰੈਡ ਕਰਾਸ ਸੁਸਾਇਟੀ ਵੀ ਅਜਿਹੇ ਮਰੀਜ਼ਾਂ ਦੀ ਮਦਦ ਕਰ ਰਹੀ ਹੈ।
ਗੁਲਾਬ ਚੰਦ ਕਟਾਰੀਆ ਨੇ ਪੰਜਾਬ ਵਿੱਚ ਪ੍ਰਤੀ ਲੱਖ ਆਬਾਦੀ ਪਿੱਛੇ ਟੀਬੀ ਦੇ ਮਰੀਜ਼ਾਂ ਦੀ ਗਿਣਤੀ ਕੌਮੀ ਔਸਤ ਨਾਲੋਂ ਵੱਧ ਹੋਣ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਨੇ ਸਾਲ 2030 ਤੱਕ ਟੀਬੀ ਦੇ ਖਾਤਮੇ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਉੱਚ-ਜੋਖਮ ਵਾਲੀਆਂ ਆਬਾਦੀਆਂ ਤੱਕ ਪਹੁੰਚ, ਸਮੇਂ ਸਿਰ ਜਾਂਚ, ਮਰੀਜ਼ਾਂ ਨੂੰ ਨਿਰੰਤਰ ਇਲਾਜ, ਢੁਕਵੀਂ ਪੋਸ਼ਣ ਅਤੇ ਸਮਾਜਿਕ ਸਹਾਇਤਾ ਯਕੀਨੀ ਬਣਾਉਣ ਦੀ ਲੋੜ ਹੈ।

