Punjab News : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜਲੰਧਰ ਪਹੁੰਚੇ, ਜਿੱਥੇ ਉਨ੍ਹਾਂ ਪਰਾਗਪੁਰ ਵਿਖੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਆਖਰੀ ਪੜ੍ਹਾਅ ਦੀ ਮਹਾਰੈਲੀ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਗੁਰੂਆਂ ਦੀ ਧਰਤੀ ਨੂੰ ਪ੍ਰਣਾਮ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਜਲੰਧਰ ‘ਚ ਆਉਣਾ ਮੇਰੇ ਲਈ ਖ਼ੁਸ਼ਕਿਮਸਤੀ ਵਾਲੀ ਗੱਲ ਹੈ ਪਰ ਨਸ਼ਾ ਖ਼ਤਮ ਕਰਨ ਲਈ ਮੇਰੇ ਲਈ ਇਥੇ ਆਉਣਾ ਵੱਡੀ ਭਾਗਾਂ ਵਾਲੀ ਗੱਲ ਹੈ। ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਾਡੇ ਸੂਬੇ ਪੰਜਾਬ ਨੇ ਦਿੱਤੀਆਂ ਹਨ। ਸਾਡੇ ਸੂਰਬੀਰਾਂ ਨੇ ਹਮੇਸ਼ਾ ਦੇਸ਼ ਦੀ ਸੁਰੱਖਿਆ ਕੀਤੀ ਹੈ। ਅਸੀਂ ਜੋ ਕਿਹਾ ਕਿ ਉਹ ਕਰਕੇ ਵਿਖਾਇਆ ਹੈ, ਕਮਸ਼ੀਰ ਨੂੰ ਅੱਤਵਾਦ ਤੋਂ ਮੁਕਤ ਕੀਤਾ ਹੈ। ਅਸੀਂ ਅੱਤਵਾਦ, ਨਕਸਲਵਾਦ ਦਾ ਖ਼ਾਤਮਾ ਕੀਤਾ ਹੈ।
ਆਮ ਆਦਮੀ ਪਾਰਟੀ ‘ਤੇ ਸ਼ਬਦੀ ਹਮਲੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਚਿੱਟੇ ਦੇ ਰੰਗ ਵਿਚ ਰੰਗਿਆ ਗਿਆ ਹੈ ਪਰ ਹੁਣ ਸਮਾਂ ਆ ਗਿਆ ਹੈ ਪੰਜਾਬ ਨੂੰ ਚਿੱਟਾ ਮੁਕਤ ਕੀਤਾ ਜਾਵੇ। ਮੈਂ ਪੰਜਾਬ ਦੇ ਨੌਜਵਾਨਾਂ ਅਤੇ ਮਾਵਾਂ ਨੂੰ ਕਹਿਣ ਆਇਆ ਹਾਂ ਕਿ 31 ਦਸੰਬਰ 2029 ਤੋਂ ਬਾਅਦ ਤੁਹਾਡੇ ਬੱਚਿਆਂ ਨੂੰ ਚਿੱਟਾ ਉਪਲੱਬਧ ਕਰਵਾਉਣ ਵਾਲਾ ਕੋਈ ਨਹੀਂ ਬਚੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਪੰਜਾਬ ਵਿਚ ਨਸ਼ੇ ਦੇ ਮੁੱਦੇ ‘ਤੇ ਹੀ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਇਕ ਮੌਕਾ ਭਾਜਪਾ ਨੂੰ ਦਿਓ ਅਤੇ ਭਾਜਪਾ ਦੀ ਸਰਕਾਰ ਬਣਾਓ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ। ਸਿਰਫ਼ ਭਾਜਪਾ ਹੀ ਹੈ ਜੋ ਪੰਜਾਬ ਵਿਚੋਂ ਨਸ਼ੇ ਨੂੰ ਖ਼ਤਮ ਕਰ ਸਕਦੀ ਹੈ। ਨਸ਼ੇ ਨੂੰ ਖ਼ਤਮ ਕਰਨਾ ਸਾਡੀ ਤਰਜੀਹ ਰਹੇਗੀ। ਕਾਂਗਰਸ ਦੇ ਰਾਜ ਵਿਚ 36 ਕਿਲੋ ਨਸ਼ਾ ਫੜਿਆ ਗਿਆ ਸੀ। ਮੈਂ ਇਥੇ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨ ਆਇਆ।
ਉਨ੍ਹਾਂ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਸੀਂ ਭਾਜਪਾ ਦਾ ਸਮਰਥਨ ਕਰੋ, ਅਸੀਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਨੂੰ ਚਿੱਟੇ ਤੋਂ ਮੁਕਤ ਕਰਾਂਗੇ। ਮੈਂ ਪੀੜਤ ਪਰਿਵਾਰਾਂ ਨੂੰ ਮਿਲਣ ਆਇਆ ਹਾਂ। ਸਾਡੀ ਸਰਕਾਰ ਆਉਣ ‘ਤੇ ਨੌਜਾਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ। ਅਮਿਤ ਸ਼ਾਹ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦੀ ਸਰਕਾਰ ਨੇ ਦੇਸ਼ ਨੂੰ ਨਕਸਲਵਾਦ ਤੋਂ ਮੁਕਤ ਕਰਨ, ਕਸ਼ਮੀਰ ਦੀ ਸਮੱਸਿਆ ਹੱਲ ਕਰਨ ਅਤੇ ਉੱਤਰ-ਪੂਰਬ ‘ਚ ਅੱਤਵਾਦ ਖ਼ਤਮ ਕਰਨ ਲਈ ਕੰਮ ਕੀਤਾ ਹੈ, ਉਸੇ ਤਰ੍ਹਾਂ ਹੁਣ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਵਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 2029 ਤੋਂ ਬਾਅਦ ਪੰਜਾਬ ‘ਚ ਚਿੱਟਾ ਵੇਚਣ ਵਾਲਾ ਕੋਈ ਨਹੀਂ ਬਚੇਗਾ ਅਤੇ ਇਸ ਨੂੰ ਭਾਜਪਾ ਦਾ ਵਾਅਦਾ ਦੱਸਿਆ।

