ਪਾਤੜਾਂ ਵਿਖੇ 500 ਡਰੋਨਾਂ ਦੇ ਸ਼ਾਨਦਾਰ ਸ਼ੋਅ ਨੇ ਬੰਨ੍ਹਿਆ ਸਮਾਂ; ਗੁਰੂ ਜੀ ਦੇ ਜੀਵਨ, ਬਾਣੀ ਤੇ ਫਲਸਫੇ ਨੂੰ ਦਰਸਾਉਂਦੇ ਦ੍ਰਿਸ਼ ਬਣੇ ਖਿੱਚ ਦਾ ਕੇਂਦਰ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਮਹਾਨ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣਾ ਪੰਜਾਬ ਸਰਕਾਰ ਦੀ ਤਰਜੀਹ: ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਮਹਾਨ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣਾ ਪੰਜਾਬ ਸਰਕਾਰ ਦੀ ਤਰਜੀਹ: ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ


-ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ, ਸਾਬਕਾ ਵਿਧਾਇਕ ਬੀਬੀ ਲੂੰਬਾ ਸਮੇਤ ਵੱਡੀ ਗਿਣਤੀ ਆਗੂਆਂ ਤੇ ਸਥਾਨਕ ਸੰਗਤ ਨੇ ਡਰੋਨ ਸ਼ੋਅ ਦਾ ਮਾਣਿਆ ਆਨੰਦ
ਪਾਤੜਾਂ, 10 ਸਤੰਬਰ: ਅਨੁਰਾਗ ਸ਼ਰਮਾ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਲੜੀ ਤਹਿਤ ਅਨਾਜ ਮੰਡੀ ਪਾਤੜਾਂ ਵਿਖੇ 500 ਡਰੋਨਾਂ ਦਾ ਸ਼ਾਨਦਾਰ ਸ਼ੋਅ ਕਰਵਾਇਆ ਗਿਆ। ਰਾਤ ਦੇ ਅਸਮਾਨ ਵਿੱਚ ਇਕੱਠੇ ਉੱਡਦੇ ਸੈਂਕੜੇ ਡਰੋਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਬਾਣੀ, ਵਿਚਾਰਧਾਰਾ ਅਤੇ ਮਹਾਨ ਫਲਸਫੇ ਨੂੰ ਦਰਸਾਉਂਦੇ ਦਿਲਕਸ਼ ਦ੍ਰਿਸ਼ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਹਾਜ਼ਰ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ।
ਇਸ ਮੌਕੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਬਰਾਬਰੀ, ਭਾਈਚਾਰੇ, ਮਿਹਨਤ, ਸੱਚੇ ਆਚਰਣ ਅਤੇ ਸਾਂਝੀਵਾਲਤਾ ਦਾ ਮਾਰਗ ਦਰਸਾਉਂਦੀਆਂ ਹਨ। ਗੁਰੂ ਜੀ ਨੇ ਜਾਤ-ਪਾਤ, ਊਚ-ਨੀਚ ਅਤੇ ਸਮਾਜਿਕ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਇਹ ਸੰਦੇਸ਼ ਦਿੱਤਾ ਕਿ ਮਨੁੱਖ ਦੀ ਮਹਾਨਤਾ ਉਸਦੇ ਜਨਮ ਜਾਂ ਕੁਲ ਵਿੱਚ ਨਹੀਂ, ਸਗੋਂ ਉਸਦੇ ਚੰਗੇ ਕਰਮਾਂ, ਉੱਚੇ ਆਚਰਣ ਅਤੇ ਮਾਨਵਤਾ ਪ੍ਰਤੀ ਸਮਰਪਣ ਵਿੱਚ ਹੈ।
ਵਿਧਾਇਕ ਬਾਜੀਗਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸਾਲ ਤੱਕ ਚੱਲਣ ਵਾਲੇ ਸਮਾਗਮਾਂ ਲਈ 100 ਕਰੋੜ ਰੁਪਏ ਤੋਂ ਵੱਧ ਦਾ ਬਜਟ ਰੱਖਿਆ ਗਿਆ ਹੈ। ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਗੁਰੂ ਸਾਹਿਬ ਦੇ ਮਹਾਨ ਵਿਚਾਰਾਂ ਅਤੇ ਮਨੁੱਖਤਾ ਦੀ ਭਲਾਈ ਲਈ ਦਿੱਤੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਆਧੁਨਿਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ ਹੈ।
ਇਸ ਮੌਕੇ ਪੁੱਜੇ ਸਾਬਕਾ ਵਿਧਾਇਕ ਵਨਿੰਦਰ ਕੌਰ ਲੂੰਬਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਦੀਵੀ ਸਿੱਖਿਆਵਾਂ ਅਤੇ ਇਲਾਹੀ ਸੰਦੇਸ਼ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਵਿਖੇ ‘ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ’ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਕੇਂਦਰ 10.4 ਏਕੜ ਰਕਬੇ ਵਿੱਚ ਬਣਾਇਆ ਜਾਵੇਗਾ ਅਤੇ ਇਸ ਦੀ ਕੁੱਲ ਲਾਗਤ 37 ਕਰੋੜ ਰੁਪਏ ਹੋਵੇਗੀ। ਇਸ ਵਿੱਚੋਂ 11 ਕਰੋੜ ਰੁਪਏ ਜ਼ਮੀਨ ਲਈ ਅਤੇ 60 ਲੱਖ ਰੁਪਏ ਜ਼ਰੂਰੀ ਪ੍ਰਵਾਨਗੀਆਂ ਲਈ ਖਰਚ ਕੀਤੇ ਜਾ ਚੁੱਕੇ ਹਨ, ਜਦਕਿ ਕੇਂਦਰ ਦੀ ਉਸਾਰੀ ਲਈ ਲੋੜੀਂਦਾ ਬਾਕੀ ਸਾਰਾ ਖਰਚਾ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।
ਇਸ ਮੌਕੇ ਐਸ ਡੀ ਐਮ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 92 ਵਿਸ਼ੇਸ਼ ਡਰੋਨ ਸ਼ੋਅ ਕਰਵਾਏ ਜਾ ਰਹੇ ਹਨ। ਆਧੁਨਿਕ ਡਿਜੀਟਲ ਤਕਨੀਕ ਰਾਹੀਂ ਗੁਰੂ ਜੀ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ਨੂੰ ਰਾਤ ਦੇ ਅਸਮਾਨ ਵਿੱਚ ਜੀਵੰਤ ਰੂਪ ਵਿੱਚ ਪੇਸ਼ ਕਰਨ ਦਾ ਉਪਰਾਲਾ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੀ ਮਹਾਨ ਵਿਚਾਰਧਾਰਾ ਨਾਲ ਜੋੜਨ ਲਈ ਕੀਤਾ ਗਿਆ ਹੈ।
ਸਮਾਗਮ ਮੌਕੇ ਢਾਡੀ ਤਰਸੇਮ ਸਿੰਘ ਖੇਤਲਾ ਦੇ ਜਥੇ ਨੇ ਇਤਿਹਾਸ ਤੇ ਢਾਡੀ ਵਾਰਾਂ ਨਾਲ ਸੰਗਤ ਨੂੰ ਨਿਹਾਲ ਕੀਤਾ
ਇਸ ਮੌਕੇ ਐਸ ਸੀ ਵਿੰਗ ਦੇ ਹਲਕਾ ਪ੍ਰਧਾਨ ਲਾਭ ਸਿੰਘ, ਕੁਲਦੀਪ ਸਿੰਘ ਥਿੰਦ, ਯੂਥ ਪ੍ਰਧਾਨ ਮਨਵੀਰ ਸਿੰਘ ਸੰਧੂ, ਮਾਰਕੀਟ ਕਮੇਟੀ ਚੇਅਰਮੈਨ ਮਹਿੰਗਾ ਸਿੰਘ ਬਰਾੜ, ਟਰੱਕ ਯੂਨੀਅਨ ਪ੍ਰਧਾਨ ਰਣਜੀਤ ਸਿੰਘ, ਐਡਵੋਕੇਟ ਸਿਮਰਨ ਸਿੰਘ, ਕੇਪੀ ਸ਼ਰਮਾ, ਜਗਵੰਤ ਸੰਧੂ, ਕਰਨੈਲ ਸਿੰਘ, ਨਗਰ ਪਾਲਿਕਾ ਘੱਗਾ ਪ੍ਰਧਾਨ ਮਿੱਠੂ ਸਿੰਘ, ਸ਼ਕਤੀ ਗੋਇਲ, ਬੂਟਾ ਸਿੰਘ, ਤੇਜਿੰਦਰ ਸਿੰਘ ਤੇਜੀ, ਪਿਸ਼ੌਰਾ ਸਿੰਘ, ਕਮਲਪ੍ਰੀਤ ਸਿੰਘ ਵਧਵਾ ਸਮੇਤ ਕੌਂਸਲਰ ਤੇ ਪੰਚ ਸਰਪੰਚ, ਸ੍ਰੀ ਗੁਰੂ ਰਵਿਦਾਸ ਸਭਾ, ਸੁਸਾਇਟੀਆਂ ਤੇ ਕਲੱਬਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।

