ਪਟਿਆਲਾ ‘ਚ ਵੱਡੀ ਕਾਰਵਾਈ: ਕਰੀਬ ਇੱਕ ਕੁਇੰਟਲ ਸ਼ੱਕੀ ਦੇਸੀ ਘਿਉ ਦੇ ਨਮੂਨੇ ਭਰੇ, ਇੱਕ ਕੁਇੰਟਲ ਮਾਲ ਸੀਜ਼

ਪਟਿਆਲਾ : ਅਨੁਰਾਗ ਸ਼ਰਮਾ,
ਪਟਿਆਲਾ: ਆਮ ਲੋਕਾਂ ਨੂੰ ਮਿਲਾਵਟੀ ਅਤੇ ਗੈਰ-ਮਿਆਰੀ ਖਾਣ-ਪੀਣ ਵਾਲੀਆਂ ਵਸਤੂਆਂ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਪਟਿਆਲਾ ਵਿੱਚ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਕਰੀਬ ਇੱਕ ਕੁਇੰਟਲ ਸ਼ੱਕੀ ਦੇਸੀ ਘਿਉ ਦੀ ਸੈਂਪਲਿੰਗ ਕੀਤੀ ਗਈ, ਜਦਕਿ ਕਰੀਬ ਇੱਕ ਕੁਇੰਟਲ ਮਾਲ ਨੂੰ ਸੀਜ਼ ਕਰ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਗੁਰਪ੍ਰੀਤ ਕੌਰ, ਡਿਸਟ੍ਰਿਕਟ ਹੈਲਥ ਅਫਸਰ, ਪਟਿਆਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰੋਜ਼ਾਨਾ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਂਦੀ ਹੈ। ਇਸੇ ਮੁਹਿੰਮ ਦੇ ਤਹਿਤ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਿਆਣਾ ਤੋਂ ਸ਼ੱਕੀ ਦੇਸੀ ਘਿਉ ਦੀ ਸਪਲਾਈ ਪਟਿਆਲਾ ਵਿੱਚ ਕੀਤੀ ਜਾ ਰਹੀ ਹੈ।
ਗੁਪਤ ਸੂਚਨਾ ਦੇ ਆਧਾਰ ‘ਤੇ ਫੂਡ ਸੇਫਟੀ ਟੀਮ ਨੇ ਪਟਿਆਲਾ ਦੀ ਅਨਾਜ ਮੰਡੀ ਇਲਾਕੇ ਵਿੱਚ ਸਥਿਤ ਇੱਕ ਨਿੱਜੀ ਦੁਕਾਨ ‘ਤੇ ਛਾਪੇਮਾਰੀ ਕੀਤੀ। ਜਾਂਚ ਦੌਰਾਨ ਕਰੀਬ ਇੱਕ ਕੁਇੰਟਲ ਸ਼ੱਕੀ ਦੇਸੀ ਘਿਉ ਦੇ ਨਮੂਨੇ ਭਰੇ ਗਏ, ਜਦਕਿ ਕਰੀਬ ਇੱਕ ਕੁਇੰਟਲ ਮਾਲ ਨੂੰ ਮੌਕੇ ‘ਤੇ ਹੀ ਸੀਜ਼ ਕਰ ਦਿੱਤਾ ਗਿਆ ਤਾਂ ਜੋ ਇਸ ਦੀ ਵਿਕਰੀ ਨੂੰ ਤੁਰੰਤ ਰੋਕਿਆ ਜਾ ਸਕੇ।
ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਭਰੇ ਗਏ ਸੈਂਪਲ ਜਾਂਚ ਲਈ ਖਰੜ ਸਥਿਤ ਸਰਕਾਰੀ ਫੂਡ ਲੈਬਾਰਟਰੀ ਭੇਜੇ ਗਏ ਹਨ। ਲੈਬ ਤੋਂ ਰਿਪੋਰਟ ਪ੍ਰਾਪਤ ਹੋਣ ਉਪਰੰਤ ਜੇਕਰ ਸੈਂਪਲ ਮਿਲਾਵਟੀ ਜਾਂ ਗੈਰ-ਮਿਆਰੀ ਪਾਏ ਗਏ ਤਾਂ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੇ ਤਹਿਤ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
