31 ਅਗਸਤ ਤੱਕ ਅਣਅਧਿਕਾਰਿਤ ਮੱਛੀ ਵਿਕ੍ਰੇਤਾਵਾਂ ਨੂੰ ਨਵੀਂ ਮੱਛੀ ਮੰਡੀ ’ਚ ਸ਼ਿਫਟ ਕਰਵਾਉਣ ਲਈ ਡੀਸੀ ਦੇ ਨਗਰ ਨਿਗਮ ਨੂੰ ਨਿਰਦੇਸ਼



24 ਅਗਸਤ ਨੂੰ ਮੰਡੀ ਬੋਰਡ ਵੱਲੋਂ ਕੀਤੀ ਜਾਵੇਗੀ ਫੜ੍ਹੀਆਂ ਦੀ ਅਲਾਟਮੈਂਟ
ਸਿਹਤ ਸਹੂਲਤਾਂ ਨੂੰ ਨਜ਼ਰ ਅੰਦਾਜ਼ ਕਰ ਮੱਛੀ ਵੇਚਣ ਵਾਲਿਆਂ ਵਿਰੁੱਧ ਕੀਤੀ ਜਾਵੇ ਸਖ਼ਤ ਕਾਰਵਾਈ: ਡਿਪਟੀ ਕਮਿਸ਼ਨਰ
ਪਟਿਆਲਾ, 17 ਅਗਸਤ: ਅਨੁਰਾਗ ਸ਼ਰਮਾ
ਪਟਿਆਲਾ ਸ਼ਹਿਰ ਵਿੱਚ ਅਣਅਧਿਕਾਰਿਤ ਤੌਰ ’ਤੇ ਮੱਛੀ ਵੇਚਣ ਵਾਲਿਆਂ ਨੂੰ 31 ਅਗਸਤ 2026 ਤੱਕ ਨਵੀਂ ਮੱਛੀ ਮੰਡੀ ਵਿਖੇ ਸ਼ਿਫਟ ਕਰਨਾ ਯਕੀਨੀ ਬਣਾਇਆ ਜਾਵੇ। ਇਸ ਗੱਲ ਦਾ ਪ੍ਰਗਟਾਵਾ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਨਿਗਮ ਤੇ ਜ਼ਿਲ੍ਹਾ ਮੱਛੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੱਛੀ ਮਾਰਕੀਟ ਤੋਂ ਬਾਹਰ ਮੱਛੀ ਵੇਚਣ ਵਾਲੇ ਵਿਕ੍ਰੇਤਾਵਾਂ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਨਿਗਮ ਪਟਿਆਲਾ, ਮੱਛੀ ਪਾਲਣ ਵਿਭਾਗ, ਜ਼ਿਲ੍ਹਾ ਮੱਛੀ ਅਫ਼ਸਰ, ਸਕੱਤਰ ਮਾਰਕੀਟ ਕਮੇਟੀ ਅਤੇ ਫੂਡ ਸੇਫ਼ਟੀ ਵਿਭਾਗ ਦੀ ਸਾਂਝੀ ਟੀਮ ਬਣਾਕੇ ਨਿਯਮਤ ਚੈਕਿੰਗ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਕ੍ਰੇਤਾ ਮੌਕੇ ’ਤੇ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਸਕੱਤਰ ਮਾਰਕੀਟ ਕਮੇਟੀ ਅਤੇ ਜ਼ਿਲ੍ਹਾ ਮੱਛੀ ਅਫ਼ਸਰ ਨੂੰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਮੱਛੀ ਵੇਚਣ ਵਾਲੇ ਵਿਕ੍ਰੇਤਾਵਾਂ ਨੂੰ ਮੱਛੀ ਮਾਰਕੀਟ ਪਟਿਆਲਾ ਵਿਖੇ ਫੜ੍ਹੀਆਂ ਅਲਾਟ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਫੜ੍ਹੀਆਂ ਅਲਾਟ ਕਰਨ ਲਈ ਚਾਹਵਾਨ ਪ੍ਰਾਰਥੀ 21 ਅਗਸਤ 2026 ਤਕ ਅਪਲਾਈ ਕਰ ਸਕਦੇ ਹਨ ਅਤੇ 24 ਅਗਸਤ 2026 ਨੂੰ ਮੱਛੀ ਮਾਰਕੀਟ ਪਟਿਆਲਾ ਵਿਖੇ ਫੜ੍ਹੀਆਂ ਅਲਾਟ ਕਰਨ ਦੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੱਛੀ ਦੀ ਵਿਕਰੀ ਲਈ ਨਿਰਧਾਰਤ ਮਾਰਕੀਟ ਵਿੱਚ ਸਫ਼ਾਈ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ, ਤਾਂ ਜੋ ਸ਼ਹਿਰ ਵਿੱਚ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਦੇ ਨਾਲ-ਨਾਲ ਮੱਛੀ ਵਿਕ੍ਰੇਤਾਵਾਂ ਨੂੰ ਵੀ ਸੁਚੱਜੀ ਥਾਂ ਮੁਹੱਈਆ ਕਰਵਾਈ ਜਾ ਸਕੇ।
ਇਸ ਮੌਕੇ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਸਿਮਰਪ੍ਰੀਤ ਕੌਰ , ਮੱਛੀ ਪਾਲਣ ਅਤੇ ਫੂਡ ਸੇਫਟੀ ਵਿਭਾਗ ਤੋਂ ਇਲਾਵਾਂ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।