Punjab News: ਪੰਜਾਬ ਦੇ ਪਾਣੀ ਨੂੰ ਲੈ ਕੇ ਇਕ ਬੇਹੱਦ ਚਿੰਤਾਜਨਕ ਰਿਪੋਰਟ ਸਾਹਮਣੇ ਆਈ ਹੈ। ‘ਡਾਇਨਾਮਿਕ ਗਰਾਊਂਡਵਾਟਰ ਰਿਸੋਰਸ ਅਸੈਸਮੈਂਟ 2025’ ਦੀ ਤਾਜ਼ਾ ਰਿਪੋਰਟ ਨੇ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਬਾਰੇ ਬੇਹੱਦ ਚਿੰਤਾਜਨਕ ਖ਼ੁਲਾਸੇ ਕੀਤੇ ਹਨ। ਰਿਪੋਰਟ ਅਨੁਸਾਰ, ਪੰਜਾਬ ਪੂਰੇ ਦੇਸ਼ ਵਿਚ ਸਭ ਤੋਂ ਵੱਧ ਪਾਣੀ ਦੀ ਨਿਕਾਸੀ ਕਰਨ ਵਾਲਾ ਰਾਜ ਬਣ ਗਿਆ ਹੈ, ਜਿੱਥੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ ਦਰ 156.36% ਤੱਕ ਪਹੁੰਚ ਗਈ ਹੈ। ਇਹ ਅੰਕੜਾ ਗੁਆਂਢੀ ਰਾਜਾਂ ਰਾਜਸਥਾਨ (147.11%) ਅਤੇ ਹਰਿਆਣਾ (136.75%) ਨਾਲੋਂ ਵੀ ਕਿਤੇ ਜ਼ਿਆਦਾ ਹੈ, ਜਦੋਂ ਕਿ ਰਾਸ਼ਟਰੀ ਔਸਤ ਮਹਿਜ਼ 60.6% ਹੈ।
ਇਹ ਵੀ ਪੜ੍ਹੋ:ਪੰਜਾਬ ਨੂ ਵੱਡੀ ਸੋਗਾਤ
ਰਿਪੋਰਟ ਮੁਤਾਬਕ ਪੰਜਾਬ ਦੇ ਦੋ ਜ਼ਿਲ੍ਹੇ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿਚ ਸ਼ਾਮਲ ਹਨ। ਸੰਗਰੂਰ ਜ਼ਿਲ੍ਹਾ 309.99% ਨਿਕਾਸੀ ਦਰ ਨਾਲ ਪੰਜਾਬ ਵਿਚੋਂ ਪਹਿਲੇ ਤੇ ਪੂਰੇ ਦੇਸ਼ ਵਿਚੋਂ ਦੂਜੇ ਨੰਬਰ ‘ਤੇ ਹੈ, ਜਦੋਂ ਕਿ ਨਵਾਂ ਬਣਿਆ ਜ਼ਿਲ੍ਹਾ ਮਾਲੇਰਕੋਟਲਾ 301.93% ਨਾਲ ਤੀਜੇ ਸਥਾਨ ‘ਤੇ ਹੈ। ਦੇਸ਼ ਦੇ 10 ਸਭ ਤੋਂ ਵੱਧ ਪਾਣੀ ਦੀ ਕਿੱਲਤ ਵਾਲੇ ਜ਼ਿਲ੍ਹਿਆਂ ਵਿੱਚੋਂ 5 ਇਕੱਲੇ ਪੰਜਾਬ ਦੇ ਹਨ। ਰਾਜ ਦੇ ਕੁੱਲ 23 ਜ਼ਿਲ੍ਹਿਆਂ ਵਿੱਚੋਂ 20 ਨੂੰ ‘ਓਵਰ-ਐਕਸਪਲੋਇਟਿਡ’ (ਬਹੁਤ ਜ਼ਿਆਦਾ ਵਰਤੋਂ ਵਾਲੇ) ਐਲਾਨਿਆ ਗਿਆ ਹੈ।ਮਾਹਿਰਾਂ ਅਤੇ ਰਿਪੋਰਟ ਅਨੁਸਾਰ, ਇਸ ਭਿਆਨਕ ਸਥਿਤੀ ਦਾ ਮੁੱਖ ਕਾਰਨ ਝੋਨੇ ਦੀ ਖੇਤੀ ‘ਤੇ ਬਹੁਤ ਜ਼ਿਆਦਾ ਨਿਰਭਰਤਾ ਹੈ।
ਇਹ ਵੀ ਪੜ੍ਹੋ:ਲਾਡੋਵਾਲ ਟੋਲ ਪਲਾਜ਼ਾ ਨੇ ਵਧਾਏ ਰੇਟ
ਝੋਨੇ ਦੀ ਲਵਾਈ ਲਈ ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸਥਿਤੀ ਬਹੁਤ ਖ਼ਰਾਬ ਹੋ ਸਕਦੀ ਹੈ, ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਫ਼ਸਲੀ ਚੱਕਰ ਵਿੱਚ ਬਦਲਾਅ ਨਹੀਂ ਲਿਆਂਦਾ ਜਾਂਦਾ, ਉਦੋਂ ਤੱਕ ਪਾਣੀ ਦੇ ਇਸ ਸੰਕਟ ਨੂੰ ਰੋਕਣਾ ਮੁਸ਼ਕਲ ਹੋਵੇਗਾ।ਪਾਣੀ ਦੇ ਘਟਦੇ ਪੱਧਰ ਦੇ ਨਾਲ-ਨਾਲ ਇਸ ਦੀ ਗੁਣਵੱਤਾ ਵੀ ਖ਼ਰਾਬ ਹੋ ਰਹੀ ਹੈ, ਖਾਸ ਕਰਕੇ ਮਾਲਵਾ ਖੇਤਰ ਵਿਚ। ਕੇਂਦਰੀ ਜਲ ਸ਼ਕਤੀ ਮੰਤਰਾਲੇ ਅਨੁਸਾਰ, ਮਾਲਵਾ ਦੇ ਪਾਣੀ ਵਿਚ ਜ਼ਹਿਰੀਲੇ ਤੱਤਾਂ ਦੀ ਮੌਜੂਦਗੀ ਇਕ ਵੱਡੀ ਚੁਣੌਤੀ ਬਣ ਗਈ ਹੈ। ਜਾਂਚੇ ਗਏ 296 ਨਮੂਨਿਆਂ ਵਿਚੋਂ 53% ਵਿਚ ਯੂਰੇਨੀਅਮ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਪਾਈ ਗਈ। 9.1% ਵਿਚ ਆਰਸੈਨਿਕ ਅਤੇ 3.7% ਵਿਚ ਲੋਹਾ (Iron) ਵੱਧ ਮਾਤਰਾ ਵਿਚ ਪਾਇਆ ਗਿਆ।
ਇਹ ਵੀ ਪੜ੍ਹੋ:ਲਾਲਪੁਰਾ ਮਾਮਲੇ ‘ਚ ਬਰੀ ਹੋਣ ‘ਤੇ ਜਾਖੜ ਭੜਕੇ, ਨੈਤਿਕਤਾ ‘ਤੇ ਚੁੱਕੇ ਸਵਾਲ

