ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੀ ਪਹਿਲੀ ਵਰ੍ਹੇਗੰਢ: ਇੱਕ ਸਾਲ ਵਿੱਚ 50 ਹਜ਼ਾਰ ਕਿਲੋ ਤੋਂ ਵੱਧ ਕੂੜਾ ਹਟਾ ਕੇ ਸਫ਼ਾਈ ਤੇ ਨਾਗਰਿਕ ਜ਼ਿੰਮੇਵਾਰੀ ਦਾ ਦਿੱਤਾ ਸੁਨੇਹਾ
-16 ਤੋਂ 20 ਸਤੰਬਰ ਤੱਕ ਸੇਵਾ, ਸ਼੍ਰਮਦਾਨ, ਜਾਗਰੂਕਤਾ ਤੇ ਸਮਾਜਿਕ ਜ਼ਿੰਮੇਵਾਰੀ ਨੂੰ ਸਮਰਪਿਤ ਰਹੇਗਾ ਵਰ੍ਹੇਗੰਢ ਹਫ਼ਤਾ


-ਵਰ੍ਹੇਗੰਢ ਹਫ਼ਤੇ ਦੀ ਸ਼ੁਰੂਆਤ 16 ਸਤੰਬਰ ਨੂੰ ਲੀਲਾ ਭਵਨ ਚੌਕ ਵਿਖੇ ਵਿਸ਼ੇਸ਼ ‘ਵਿਜ਼ਿਲ ਫਾਰ ਕਲੀਨਲਿਨੈੱਸ ਐਂਡ ਸਿਵਿਕ ਸੈਂਸ’ ਨਾਲ ਕੀਤੀ ਜਾਵੇਗੀ
ਪਟਿਆਲਾ, 15 ਸਤੰਬਰ (ਅਨੁਰਾਗ ਸ਼ਰਮਾ) :
ਪਟਿਆਲਾ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਬਿਹਤਰ ਸ਼ਹਿਰ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰ ਰਹੀ ਸਮਾਜ ਸੇਵੀ ਸੰਸਥਾ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਆਪਣੀ ਪਹਿਲੀ ਵਰ੍ਹੇਗੰਢ ਮੌਕੇ 16 ਤੋਂ 20 ਸਤੰਬਰ ਤੱਕ ਵੱਖ-ਵੱਖ ਸੇਵਾ, ਸ਼੍ਰਮਦਾਨ, ਨਾਗਰਿਕ ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਸਬੰਧਤ ਗਤੀਵਿਧੀਆਂ ਕਰਵਾਏਗੀ।
ਸੰਸਥਾ ਨੇ ਆਪਣੀ ਇੱਕ ਸਾਲ ਦੀ ਯਾਤਰਾ ਦੌਰਾਨ ਸ਼ਹਿਰ ਦੀ ਸਫ਼ਾਈ ਲਈ ਕੀਤੇ ਉਪਰਾਲਿਆਂ ਤਹਿਤ 50,000 ਕਿਲੋ ਤੋਂ ਵੱਧ ਕੂੜਾ ਹਟਾਉਣ ਦਾ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਸੰਸਥਾ ਅਨੁਸਾਰ ਇਹ ਸਿਰਫ਼ ਇੱਕ ਅੰਕੜਾ ਨਹੀਂ, ਸਗੋਂ ਸੈਂਕੜੇ ਵਾਲੰਟੀਅਰਾਂ ਵੱਲੋਂ ਪਟਿਆਲਾ ਲਈ ਦਿੱਤੇ ਸਮੇਂ, ਮਿਹਨਤ, ਸ਼੍ਰਮਦਾਨ, ਵਚਨਬੱਧਤਾ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਹੈ।
ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਵਰ੍ਹੇਗੰਢ ਹਫ਼ਤੇ ਦੀ ਸ਼ੁਰੂਆਤ 16 ਸਤੰਬਰ ਨੂੰ ਲੀਲਾ ਭਵਨ ਚੌਕ ਵਿਖੇ ਵਿਸ਼ੇਸ਼ ‘ਵਿਜ਼ਿਲ ਫਾਰ ਕਲੀਨਲਿਨੈੱਸ ਐਂਡ ਸਿਵਿਕ ਸੈਂਸ’ ਨਾਲ ਕੀਤੀ ਜਾਵੇਗੀ। ਸ਼ਾਮ 4:45 ਵਜੇ ਸੰਸਥਾ ਦੇ ਵਾਲੰਟੀਅਰ ਲੀਲਾ ਭਵਨ ਚੌਕ ਵਿਖੇ ਇਕੱਠੇ ਹੋ ਕੇ ਕਰੀਬ ਇੱਕ ਘੰਟੇ ਤੱਕ ਜਾਗਰੂਕਤਾ ਮੁਹਿੰਮ ਚਲਾਉਣਗੇ। ਇਸ ਦੌਰਾਨ ਜਾਗਰੂਕਤਾ ਤਖ਼ਤੀਆਂ ਰਾਹੀਂ ਚੌਕ ਵਿੱਚੋਂ ਲੰਘਣ ਵਾਲੇ ਹਜ਼ਾਰਾਂ ਲੋਕਾਂ ਨੂੰ ਸਫ਼ਾਈ, ਜ਼ਿੰਮੇਵਾਰ ਨਾਗਰਿਕ ਵਿਵਹਾਰ ਅਤੇ ਆਪਣੇ ਸ਼ਹਿਰ ਪ੍ਰਤੀ ਫ਼ਰਜ਼ ਨਿਭਾਉਣ ਦਾ ਸੁਨੇਹਾ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ 16 ਤੋਂ 18/19 ਸਤੰਬਰ ਤੱਕ ਪਟਿਆਲਾ ਦੇ ਵੱਖ-ਵੱਖ ਭੀੜ-ਭਾੜ ਵਾਲੇ ਅਤੇ ਵੱਧ ਆਵਾਜਾਈ ਵਾਲੇ ਇਲਾਕਿਆਂ ਵਿੱਚ ਨਾਗਰਿਕ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ। ਸੰਸਥਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਸਿਰਫ਼ ਸਫ਼ਾਈ ਨੂੰ ਲੈ ਕੇ ਸ਼ਿਕਾਇਤ ਕਰਨ ਵਾਲੇ ਨਹੀਂ, ਸਗੋਂ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਸਰਗਰਮ ਭਾਈਵਾਲ ਬਣਨ।
ਵਰ੍ਹੇਗੰਢ ਮੌਕੇ 50 ਤੋਂ ਵੱਧ ਵਾਲੰਟੀਅਰਾਂ ਦੀ ਸ਼ਮੂਲੀਅਤ ਨਾਲ ਵਿਸ਼ੇਸ਼ ਮੈਸਿਵ ਕਲੀਨਲਿਨੈੱਸ ਡਰਾਈਵ ਵੀ ਕਰਵਾਈ ਜਾਵੇਗੀ। ਸੰਸਥਾ ਵੱਲੋਂ ਇਸ ਮੌਕੇ ਸ਼੍ਰਮਦਾਨ ਨੂੰ ਸਭ ਤੋਂ ਵਧੀਆ ਢੰਗ ਨਾਲ ਆਪਣੀ ਇੱਕ ਸਾਲ ਦੀ ਸੇਵਾ ਦਾ ਜਸ਼ਨ ਮਨਾਉਣ ਦਾ ਸਾਧਨ ਦੱਸਿਆ ਗਿਆ ਹੈ। ਇਸੇ ਤਰ੍ਹਾਂ ਨਾਗਰਿਕ ਜ਼ਿੰਮੇਵਾਰੀ ਅਤੇ ਸਫ਼ਾਈ ਦਾ ਸੁਨੇਹਾ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਨੁੱਕੜ ਨਾਟਕ ਕਰਵਾਉਣ ਦੀ ਵੀ ਯੋਜਨਾ ਹੈ, ਜਿਸ ਨੂੰ ਮੌਸਮ ਅਨੁਕੂਲ ਹੋਣ ’ਤੇ ਕਰਵਾਇਆ ਜਾਵੇਗਾ।
19 ਸਤੰਬਰ ਨੂੰ ਸੰਸਥਾ ਵੱਲੋਂ ਸੈਫ਼ਦੀਪੁਰ ਸਥਿਤ ਵਿਸ਼ੇਸ਼ ਬੱਚਿਆਂ ਦੇ ਸਕੂਲ ਦਾ ਦੌਰਾ ਕਰਕੇ ਬੱਚਿਆਂ ਨਾਲ ਸਮਾਂ ਬਿਤਾਇਆ ਜਾਵੇਗਾ ਅਤੇ ਉਨ੍ਹਾਂ ਨਾਲ ਨਾਸ਼ਤਾ ਸਾਂਝਾ ਕੀਤਾ ਜਾਵੇਗਾ। ਇਸ ਉਪਰਾਲੇ ਰਾਹੀਂ ਸੰਸਥਾ ਆਪਣੀ ਵਰ੍ਹੇਗੰਢ ਨੂੰ ਸਮਾਜ ਸੇਵਾ ਅਤੇ ਲੋੜਵੰਦ ਵਰਗਾਂ ਨਾਲ ਸਾਂਝ ਪਾਉਣ ਲਈ ਸਮਰਪਿਤ ਕਰੇਗੀ। 20 ਸਤੰਬਰ ਨੂੰ ਮੈਂਬਰਾਂ ਦੀ ਸਾਂਝੀ ਭਾਗੀਦਾਰੀ ਨਾਲ ਯੋਗਦਾਨ-ਆਧਾਰਿਤ ਡਿਨਰ ਵੀ ਕਰਵਾਇਆ ਜਾਵੇਗਾ
ਸੰਸਥਾ ਦੇ ਵਾਲੰਟੀਅਰਾਂ ਦਾ ਕਹਿਣਾ ਹੈ ਕਿ ਇੱਕ ਸਾਲ ਦੌਰਾਨ 50,000 ਕਿਲੋ ਤੋਂ ਵੱਧ ਕੂੜਾ ਹਟਾਉਣਾ ਨਿਸ਼ਚਿਤ ਤੌਰ ’ਤੇ ਇੱਕ ਮਹੱਤਵਪੂਰਨ ਉਪਲਬਧੀ ਹੈ, ਪਰ ਅਸਲ ਮਕਸਦ ਸਿਰਫ਼ ਕੂੜਾ ਚੁੱਕਣਾ ਨਹੀਂ, ਸਗੋਂ ਨਾਗਰਿਕ ਚੇਤਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਹਰ ਨਾਗਰਿਕ ਆਪਣੇ ਸ਼ਹਿਰ ਨੂੰ ਆਪਣਾ ਸਮਝ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ ਤਾਂ ਸਾਂਝੀ ਕੋਸ਼ਿਸ਼ ਵੱਡਾ ਬਦਲਾਅ ਲਿਆ ਸਕਦੀ ਹੈ।
‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਵੱਲੋਂ ਆਪਣੀ ਪਹਿਲੀ ਵਰ੍ਹੇਗੰਢ ਨੂੰ ਸਿਰਫ਼ ਪਿਛਲੀਆਂ ਪ੍ਰਾਪਤੀਆਂ ਦੇ ਜਸ਼ਨ ਦੀ ਬਜਾਏ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੀ ਸੇਵਾ ਅਤੇ ਜ਼ਿੰਮੇਵਾਰੀ ਲਈ ਨਵਾਂ ਸੰਕਲਪ ਲੈਣ ਦਾ ਮੌਕਾ ਦੱਸਿਆ ਗਿਆ ਹੈ।

