10 ਸਾਲ ਪੁਰਾਣੀਆਂ ਰਜਿਸਟਰੀਆਂ ਨੇ ਪਾਈ ਵੱਡੀ ਮੁਸੀਬਤ! ਲੋਕਾਂ ‘ਚ ਹਾਹਾਕਾਰ, ਪਰਚੇ ਹੋਏ ਦਰ

Punjab News : ਮਾਛੀਵਾੜਾ ਇਲਾਕੇ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ 237 ਵਿਅਕਤੀਆਂ ਖ਼ਿਲਾਫ਼ ਇਕੱਠਾ ਹੀ ਮੁਕੱਦਮਾ ਦਰਜ ਹੋਇਆ ਹੈ, ਜਿਸ ਕਾਰਨ ਲੋਕਾਂ ‘ਚ ਹਾਹਾਕਾਰ ਮਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਸਬ ਤਹਿਸੀਲ ‘ਚ 2013 ਤੋਂ ਲੈ ਕੇ 2016 ਤੱਕ ਰਜਿਸਟਰੀਆਂ ਕਰਵਾਉਣ ਵਾਲੇ ਲੋਕ ਜਿਨ੍ਹਾਂ ‘ਤੇ ਸਰਕਾਰੀ ਤੈਅ ਰੇਟ ਤੋਂ ਘੱਟ ਅਸ਼ਟਾਮ ਲਗਾਉਣ ਦੇ ਦੋਸ਼ ਪਾਏ ਗਏ, ਉਨ੍ਹਾਂ ਖਿਲਾਫ਼ ਇਹ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2013 ਤੋਂ ਲੈ ਕੇ 2016 ਤੱਕ 50 ਹਜ਼ਾਰ ਰਜਿਸਟਰੀਆਂ ਹੋਈਆਂ, ਜਿਨ੍ਹਾਂ ‘ਚ 237 ਵਿਅਕਤੀਆਂ ਦੀ ਰਜਿਸਟਰੀਆਂ ਦੀ ਪੜਤਾਲ ਕੀਤੀ ਗਈ ਤਾਂ ਉਨ੍ਹਾਂ ‘ਚ ਕਮੀ ਅਸ਼ਟਾਮ ਪਾਈ ਗਈ। ਇਸ ਸਬੰਧੀ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਇਹ ਹੁਕਮ ਕੀਤੇ ਗਏ ਕਿ ਪੰਜਾਬ ‘ਚ ਜਿਨ੍ਹਾਂ ਵੀ ਵਿਅਕਤੀਆਂ ਦੀ ਅਸ਼ਟਾਮ ਕਮੀ ਪਾਈ ਗਈ ਹੈ, ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ।

ਸਭ ਤੋਂ ਵੱਧ ਕਮੀ ਅਸ਼ਟਾਮ ਦੇ ਮਾਮਲੇ ਜ਼ਿਲ੍ਹਾ ਲੁਧਿਆਣਾ ਦੀ ਸਮਰਾਲਾ ਤਹਿਸੀਲ ‘ਚ ਪਾਏ ਗਏ ਅਤੇ ਦੂਸਰੇ ਨੰਬਰ ’ਤੇ ਮਾਛੀਵਾੜਾ ਸਬ-ਤਹਿਸੀਲ ਦਾ ਨਾਮ ਦਰਜ ਹੈ। ਫਿਲਹਾਲ ਮਾਛੀਵਾੜਾ ਪੁਲਸ ਵਲੋਂ 237 ਵਿਅਕਤੀਆਂ ਖ਼ਿਲਾਫ਼ ਰਜਿਸਟਰੀਆਂ ਕਰਵਾਉਣ ਸਮੇਂ ਅਸ਼ਟਾਮ ਕਮੀ ਲਗਾਉਣ ’ਤੇ ਮਾਲ ਵਿਭਾਗ ਵਲੋਂ ਆਈ ਸੂਚੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹ ਖ਼ਬਰ ਜਦੋਂ ਮਾਛੀਵਾੜਾ ਦੇ ਲੋਕਾਂ ਨੂੰ ਸੁਣਨ ’ਚ ਮਿਲੀ ਤਾਂ ਉਨ੍ਹਾਂ ‘ਚ ਹਾਹਾਕਾਰ ਮਚ ਗਿਆ ਕਿ ਇਸ ਸਬੰਧੀ ਉਨ੍ਹਾਂ ਦਾ ਕੋਈ ਪੱਖ ਨਹੀਂ ਸੁਣਿਆ ਗਿਆ ਅਤੇ ਇਹ ਪਰਚਾ ਸ਼ਰੇਆਮ ਧੱਕੇਸ਼ਾਹੀ ਹੈ।ਮਾਛੀਵਾੜਾ ਸਬ-ਤਹਿਸੀਲ ਅਧੀਨ ਆਉਂਦੇ 237 ਵਿਅਕਤੀਆਂ ਖਿਲਾਫ਼ ਜੋ ਪਰਚਾ ਦਰਜ ਹੋਇਆ ਹੈ, ਉਸ ‘ਚ ਜ਼ਿਆਦਾਤਰ ਲੋਕਾਂ ਨੇ ਆਡਿਟ ਵਿਭਾਗ ਅਨੁਸਾਰ ਬਣਦੀ ਫ਼ੀਸ ਅਦਾ ਕਰ ਦਿੱਤੀ ਪਰ ਹੈਰਾਨੀ ਦੀ ਗੱਲ ਹੈ ਕਿ ਇਸਦੇ ਬਾਵਜੂਦ ਵੀ ਉਨ੍ਹਾਂ ਦੇ ਖਿਲਾਫ਼ ਪਰਚਾ ਦਰਜ ਹੋ ਗਿਆ, ਜਿਸ ਕਾਰਨ ਹੁਣ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਥਾਣੇ, ਕੋਰਟ ਕਚਹਿਰੀਆਂ ਦੇ ਚੱਕਰ ਲਗਾਉਣੇ ਪੈਣਗੇ।

ਕਮੀ ਅਸ਼ਟਾਮ ਨਿਕਲਣਾ ਕੋਈ ਪਹਿਲਾ ਮਾਮਲਾ ਨਹੀਂ
ਸਬ-ਤਹਿਸੀਲਾਂ ‘ਚ ਰਜਿਸਟਰੀ ਕਰਵਾਉਣ ਵਾਲੇ ਲੋਕ ਜ਼ਮੀਨ ਦਾ ਬੇਨਾਮਾ ਤੇ ਇੰਤਕਾਲ ਦਰਜ ਕਰਵਾਉਣ ਉਪਰੰਤ ਮਾਲ ਵਿਭਾਗ ਵਲੋਂ ਇਸ ਦਾ ਆਡਿਟ ਕੀਤਾ ਜਾਂਦਾ ਹੈ। ਆਡਿਟ ਵਿਭਾਗ ਵਲੋਂ ਜਿਸ ਵਿਅਕਤੀ ਵੱਲ ਘੱਟ ਅਸ਼ਟਾਮ ਲਗਾਉਣ ਦੀ ਸੂਚੀ ਬਣਾਈ ਜਾਂਦੀ ਹੈ, ਉਸ ਤੋਂ ਮਾਲ ਵਿਭਾਗ ਬਣਦਾ ਬਕਾਇਆ ਵਸੂਲ ਲੈਂਦਾ ਹੈ। ਇਹ ਪ੍ਰਕਿਰਿਆ ਅੱਜ ਤੋਂ ਨਹੀਂ, ਸਗੋਂ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਪਰ ਮਾਲ ਵਿਭਾਗ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਮੀ ਅਸ਼ਟਾਮ ਨਿਕਲਣ ’ਤੇ ਪਰਚਾ ਦਰਜ ਕਰਵਾਇਆ ਜਾਵੇ। 2013 ਤੋਂ 2016 ਤੱਕ ਜਿਨ੍ਹਾਂ ਦੇ ਕਮੀ ਅਸ਼ਟਾਮ ਸੀ, ਉਨ੍ਹਾਂ ਉਪਰ ਤਾਂ ਪਰਚਾ ਦਰਜ ਕਰ ਦਿੱਤਾ ਗਿਆ ਪਰ 2016 ਤੋਂ 2026 ਤੱਕ ਵੀ ਕਮੀ ਅਸ਼ਟਾਮ ਨਿਕਲਣ ਵਾਲੇ ਪੰਜਾਬ ‘ਚ ਲੱਖਾਂ ਹੀ ਲੋਕ ਹੋਣਗੇ, ਜਿਨ੍ਹਾਂ ਨੇ ਇਹ ਫ਼ੀਸ ਅਦਾ ਵੀ ਕਰ ਦਿੱਤੀ।ਕੀ ਹੁਣ ਮਾਲ ਵਿਭਾਗ ਉਨ੍ਹਾਂ ’ਤੇ ਵੀ ਪਰਚਾ ਦਰਜ ਕਰੇਗਾ?

ਸਰਕਾਰ ਲਈ ਇਹ ਮਾਮਲਾ ਗਲੇ ਦੀ ਹੱਡੀ ਬਣ ਸਕਦਾ ਹੈ
ਕਮੀ ਅਸ਼ਟਾਮ ਹੋਣ ’ਤੇ ਲੋਕਾਂ ਉੱਪਰ ਪਰਚਾ ਦਰਜ ਹੋਣ ਦਾ ਮਾਮਲਾ ਸਰਕਾਰ ਲਈ ਗਲੇ ਦੀ ਹੱਡੀ ਵੀ ਬਣ ਸਕਦਾ ਹੈ। ਲੋਕਾਂ ਵਿਚ ਇਸ ਗੱਲ ਦਾ ਰੋਸ ਹੈ ਕਿ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਆਇਆ ਅਤੇ ਜਿਨ੍ਹਾਂ ਵਿਅਕਤੀਆਂ ਨੇ ਅਸ਼ਟਾਮ ਫ਼ੀਸ ਅਦਾ ਕੀਤੀ ਹੈ, ਉਨ੍ਹਾਂ ’ਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ, ਜਿਸ ਨੂੰ ਰੋਕਣ ਲਈ ਸਰਕਾਰ ਅਤੇ ਮਾਲ ਵਿਭਾਗ ਨੇ ਕੋਈ ਠੋਸ ਉਪਰਾਲਾ ਕਿਉਂ ਨਹੀਂ ਕੀਤਾ। ਮਾਛੀਵਾੜਾ ਤੇ ਸਮਰਾਲਾ ਵਿਚ ਸੈਂਕੜੇ ਲੋਕਾਂ ’ਤੇ ਪਰਚਾ ਦਰਜ ਹੋਣ ਕਾਰਨ ਉਨ੍ਹਾਂ ਵਿਚ ਮਾਲ ਵਿਭਾਗ ਤੇ ਸਰਕਾਰ ਖਿਲਾਫ਼ ਰੋਸ ਦੇਖਣ ਨੂੰ ਮਿਲ ਰਿਹਾ ਹੈ ਕਿ ਜੇਕਰ ਜਲਦ ਮਾਮਲਾ ਹੱਲ ਨਾ ਹੋਇਆ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਨੂੰ ਖੁਮਿਆਜ਼ਾ ਭੁਗਤਣਾ ਪੈ ਸਕਦਾ ਹੈ।

Related Post