ਪੰਜਾਬੀ ਯੂਨੀਵਰਸਿਟੀ ਵਿਖੇ ‘ਵਿਕਸਿਤ ਭਾਰਤ ਯੁਵਾ ਕਨੈਕਟ – ਸਪੋਰਟਸ ਐਡੀਸ਼ਨ’ ਪ੍ਰੋਗਰਾਮ ਕਰਵਾਇਆ

ਪੰਜਾਬੀ ਯੂਨੀਵਰਸਿਟੀ ਵਿਖੇ ‘ਵਿਕਸਿਤ ਭਾਰਤ ਯੁਵਾ ਕਨੈਕਟ – ਸਪੋਰਟਸ ਐਡੀਸ਼ਨ’ ਪ੍ਰੋਗਰਾਮ ਕਰਵਾਇਆ

ਪੰਜਾਬੀ ਯੂਨੀਵਰਸਿਟੀ ਵਿਖੇ ‘ਵਿਕਸਿਤ ਭਾਰਤ ਯੁਵਾ ਕਨੈਕਟ – ਸਪੋਰਟਸ ਐਡੀਸ਼ਨ’ ਪ੍ਰੋਗਰਾਮ ਕਰਵਾਇਆ
ਪੰਜਾਬੀ ਯੂਨੀਵਰਸਿਟੀ ਵਿਖੇ ‘ਵਿਕਸਿਤ ਭਾਰਤ ਯੁਵਾ ਕਨੈਕਟ – ਸਪੋਰਟਸ ਐਡੀਸ਼ਨ’ ਪ੍ਰੋਗਰਾਮ ਕਰਵਾਇਆ

ਅਨੁਸ਼ਾਸਨ, ਟੀਮ ਵਰਕ ਅਤੇ ਆਤਮ-ਵਿਸ਼ਵਾਸ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ ਖੇਡਾਂ:ਡਾ. ਜਗਦੀਪ ਸਿੰਘ

ਪਟਿਆਲਾ, 27 ਅਗਸਤ , ਅਨੁਰਾਗ ਸ਼ਰਮਾ
ਪੰਜਾਬੀ ਯੂਨੀਵਰਸਿਟੀ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਮਾਈ ਯੁਵਾ ਭਾਰਤ ਦੇ ਸਹਿਯੋਗ ਨਾਲ ‘ਵਿਕਸਿਤ ਭਾਰਤ ਯੁਵਾ ਕਨੈਕਟ – ਸਪੋਰਟਸ ਐਡੀਸ਼ਨ’ ਤਹਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਸਿੱਧ ਮੁੱਕੇਬਾਜ਼ ਅਤੇ ਕਾਮਨਵੈਲਥ ਗੇਮਜ਼ ਦੀ ਸੋਨ ਤਮਗਾ ਜੇਤੂ ਅਰੁੰਧਤੀ ਚੌਧਰੀ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਦੇਸ ਵਿੱਚ ਵੱਖ-ਵੱਖ ਥਾਵਾਂ ‘ਤੇ ਹੋਏ ਇਸ ਪ੍ਰੋਗਰਾਮ ਰਾਹੀਂ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਆਨਲਾਈਨ ਮਾਧਿਅਮ ਰਾਹੀਂ ਗੱਲਬਾਤ ਕੀਤੀ ਗਈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿਅਕਤੀ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਅਨੁਸ਼ਾਸਨ, ਟੀਮ ਵਰਕ ਅਤੇ ਆਤਮ-ਵਿਸ਼ਵਾਸ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਪ੍ਰਸਿੱਧ ਮੁੱਕੇਬਾਜ਼ ਅਰੁੰਧਤੀ ਚੌਧਰੀ ਨੇ ਆਪਣੇ ਖੇਡ ਸਫ਼ਰ ਅਤੇ ਉਪਲਬਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਨੌਜਵਾਨਾਂ ਨੂੰ ਮਿਹਨਤ, ਅਨੁਸ਼ਾਸਨ, ਲਗਨ ਅਤੇ ਨਿਰੰਤਰ ਯਤਨਾਂ ਰਾਹੀਂ ਆਪਣੇ ਟੀਚੇ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਖੇਡਾਂ ਵਿੱਚ ਕਰੀਅਰ ਬਣਾਉਣ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਆਪਣੇ ਸੰਬੋਧਨ ਦੌਰਾਨ ਕਿਹਾ ਗਿਆ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਅਗਵਾਈ ਦੀ ਸਮਰੱਥਾ ਵਿਕਸਿਤ ਕਰਨ ਦਾ ਮਹੱਤਵਪੂਰਨ ਸਾਧਨ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਅਤੇ ਖੇਡ ਮੈਦਾਨ ਵਿੱਚ ਮਿਲਣ ਵਾਲੇ ਤਜਰਬਿਆਂ ਨੂੰ ਜੀਵਨ ਦੇ ਹੋਰ ਖੇਤਰਾਂ ਵਿੱਚ ਵੀ ਲਾਗੂ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨ ਦੇਸ਼ ਨੂੰ ਖੇਡਾਂ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਤੱਕ ਲਿਜਾਣ ਦੀ ਸਮਰੱਥਾ ਰੱਖਦੇ ਹਨ। ਪ੍ਰਧਾਨ ਮੰਤਰੀ ਜੀ ਨੇ ਨੌਜਵਾਨਾਂ ਨੂੰ ‘ਫਿਟ ਇੰਡੀਆ’ ਅਤੇ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।
ਐੱਨ.ਐੱਸ.ਐੱਸ. ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਵੱਲੋਂ ਸਾਰੇ ਮਹਿਮਾਨਾਂ, ਖਿਡਾਰੀਆਂ, ਵਲੰਟੀਅਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸਹਿਯੋਗੀਆਂ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਨੌਜਵਾਨਾਂ ਅਤੇ ਖਿਡਾਰੀਆਂ ਵਿਚਕਾਰ ਵਿਸ਼ੇਸ਼ ‘ਯੁਵਾ ਸੰਵਾਦ’ ਸੈਸ਼ਨ ਵੀ ਕਰਵਾਇਆ ਗਿਆ। ਇਸ ਦੌਰਾਨ ਭਾਗੀਦਾਰਾਂ ਨੇ ਭਾਰਤੀ ਖੇਡਾਂ ਦੇ ਭਵਿੱਖ, ਖੇਡ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਖੇਡਾਂ ਵਿੱਚ ਨੌਜਵਾਨਾਂ ਦੀ ਭੂਮਿਕਾ ਸਬੰਧੀ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ।
ਇਸ ਮੌਕੇ ਅੰਤਰਰਾਸ਼ਟਰੀ ਮੁੱਕੇਬਾਜੀ ਕੋਚ ਸ਼੍ਰੀਮਤੀ ਮੰਦਾਕਨੀ, ਯੂਨੀਵਰਸਿਟੀ ਦੇ ਅਧਿਕਾਰੀ, ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ. ਸਿਮਰਨਜੀਤ ਸਿੰਘ, ਡਾ. ਸੁਨੀਤਾ, ਡਾ. ਅਭਿਨਵ ਭੰਡਾਰੀ ਅਤੇ ਡਾ. ਚਰਨਜੀਵ ਸਰੋਆ, ਮਾਈ ਯੁਵਾ ਭਾਰਤ ਪਟਿਆਲਾ ਤੋ ਇੰਦਰਪ੍ਰੀਤ ਸਿੰਘ ਅਤੇ ਜਤਿੰਦਰ ਕੁਮਾਰ, ਐਨ.ਐਸ.ਐਸ. ਵਲੰਟੀਅਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

Related Post