ਇੰਟਰਸਟੇਟ ਬੈਰੀਅਰ ਮਾਰਕੀਟ ਕਮੇਟੀ ਦੁਧਨਸਾਧਾਂ ਵਿਖੇ ਉੱਤਰ ਪ੍ਰਦੇਸ਼ ਤੋਂ ਆ ਰਹੇ ਪੀ.ਆਰ. ਝੋਨੇ ਨਾਲ ਭਰੇ ਟਰੱਕ ਨੂੰ ਕੀਤਾ ਪੁਲਿਸ ਹਵਾਲੇ
-ਗ਼ੈਰਕਾਨੂੰਨੀ ਝੋਨੇ ਨੂੰ ਰੋਕਣ ਲਈ ਲਗਾਤਾਰ ਚੈਕਿੰਗਾਂ ਜਾਰੀ – ਸਕੱਤਰ ਮਾਰਕੀਟ ਕਮੇਟੀ ਅਸ਼ੋਕ ਕੁਮਾਰ ਜਿੰਦਲ


-ਕਿਹਾ, ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਤੇ ਝੋਨੇ ਦੀ ਖਰੀਦ ਪ੍ਰਕਿਰਿਆ ‘ਚ ਪਾਰਦਰਸ਼ਤਾ ਯਕੀਨੀ ਬਣਾਉਣਾ ਵਿਭਾਗ ਦੀ ਮੁੱਖ ਤਰਜੀਹ
ਦੂਧਨਸਾਧਾਂ, ਪਟਿਆਲਾ, 17 ਅਕਤੂਬਰ: ਸਵੀਤਾ ਸ਼ਰਮਾ
ਪੰਜਾਬ ਸਰਕਾਰ ਵੱਲੋਂ ਸਾਉਣੀ ਸੀਜ਼ਨ 2026-27 ਦੌਰਾਨ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਬਾਹਰਲੇ ਰਾਜਾਂ ਤੋਂ ਗ਼ੈਰਕਾਨੂੰਨੀ ਢੰਗ ਨਾਲ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ’ਤੇ ਵੇਚਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਵੱਖ-ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹੋਈਆ ਹਨ। ਇਹ ਜਾਣਕਾਰੀ ਦਿੰਦਿਆਂ ਦੂਧਨਸਾਧਾਂ ਦੇ ਸਕੱਤਰ ਮਾਰਕੀਟ ਕਮੇਟੀ ਅਸ਼ੋਕ ਕੁਮਾਰ ਜਿੰਦਲ ਨੇ ਦੱਸਿਆ ਕਿ ਡਿਪਟੀ ਜਨਰਲ ਮੈਨੇਜਰ ਰਜਨੀਸ਼ ਗੋਇਲ ਦੇ ਦਿਸ਼ਾ-ਨਿਰਦੇਸ਼ਾਂ, ਪਟਿਆਲਾ ਜ਼ਿਲ੍ਹਾ ਮੰਡੀ ਅਫ਼ਸਰ ਅਸਲਮ ਮੁਹੰਮਦ ਦੀ ਅਗਵਾਈ ਅਤੇ ਦੂਧਨਸਾਧਾਂ ਦੇ ਐਸ ਡੀ ਐਮ ਹਰਜੋਤ ਕੌਰ ਦੀਆਂ ਹਦਾਇਤਾਂ ਅਨੁਸਾਰ ਇੰਟਰਸਟੇਟ ਬੈਰੀਅਰ ਮਾਰਕੀਟ ਕਮੇਟੀ ਦੁਧਨਸਾਧਾਂ ਵਿਖੇ ਉੱਤਰ ਪ੍ਰਦੇਸ਼ ਤੋਂ ਆ ਰਹੇ ਪੀ.ਆਰ. ਝੋਨੇ ਨਾਲ ਭਰੇ ਟਰੱਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਹੈ।
ਸਕੱਤਰ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਰਕੀਟ ਕਮੇਟੀ ਅਤੇ ਖੁਰਾਕ ਅਤੇ ਸਿਵਲ ਸਪਲਾਈਜ ਵਿਭਾਗ ਵੱਲੋਂ ਇੰਟਰਸਟੇਟ ਬੈਰੀਅਰ ਮਾਰਕੀਟ ਕਮੇਟੀ ਦੁਧਨਸਾਧਾਂ ਅਤੇ ਹੋਰ ਨਾਕਿਆਂ ’ਤੇ 24 ਘੰਟੇ ਸ਼ਿਫਟਾਂ ਅਨੁਸਾਰ ਮੁਲਾਜਮਾਂ ਦੀਆਂ ਡਿਊਟੀਆਂ ਲਗਾ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਮਿਤੀ 15 ਅਕਤੂਬਰ ਨੂੰ ਰਾਤ ਤਕਰੀਬਨ 7:40 ਵਜੇ ਇੰਟਰਸਟੇਟ ਬੈਰੀਅਰ ਮਾਰਕੀਟ ਕਮੇਟੀ ਦੁਧਨਸਾਧਾਂ ਵਿਖੇ ਮਾਰਕੀਟ ਕਮੇਟੀ ਅਤੇ ਖੁਰਾਕ ਅਤੇ ਸਿਵਲ ਸਪਲਾਈਜ ਵਿਭਾਗ ਦੇ ਮੁਲਾਜਮਾਂ ਵੱਲੋਂ ਸਾਂਝੇ ਤੌਰ ’ਤੇ ਚੈਕਿੰਗ ਕੀਤੀ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਟਰੱਕ ਨੰਬਰ ਐਚ ਪੀ 72 ਡੀ 5277 ਨੂੰ ਰੋਕ ਕੇ ਜਾਂਚ ਕੀਤੀ ਗਈ, ਤਾਂ ਟਰੱਕ ਵਿੱਚ ਪੀ.ਆਰ. ਝੋਨਾ ਲੱਦਿਆ ਹੋਇਆ ਪਾਇਆ ਗਿਆ, ਜਿਸ ਸਬੰਧੀ ਟਰੱਕ ਦੇ ਡਰਾਈਵਰ ਕੋਲ ਕੋਈ ਦਸਤਾਵੇਜ਼ ਮੌਜੂਦ ਨਹੀਂ ਸਨ। ਟਰੱਕ ਵਿੱਚ ਡਰਾਈਵਰ ਤੋਂ ਇਲਾਵਾ ਰਮੇਸ਼ ਲਾਲ ਪੁੱਤਰ ਸੁੰਦਰ ਲਾਲ, ਵਾਸੀ ਰਮਾਣਾ ਰਮਾਣੀ, ਜ਼ਿਲ੍ਹਾ ਕਰਨਾਲ, ਹਰਿਆਣਾ, ਵੀ ਮੌਜੂਦ ਸੀ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਕਤ ਝੋਨਾ ਹਰਦੋਈ, ਉੱਤਰ ਪ੍ਰਦੇਸ਼ ਤੋਂ ਲਿਆਂਦਾ ਗਿਆ ਸੀ ਅਤੇ ਇਸ ਨੂੰ ਪਟਿਆਲਾ ਲਿਜਾਇਆ ਜਾ ਰਿਹਾ ਸੀ। ਵਿਭਾਗੀ ਮੁਲਾਜਮਾਂ ਵੱਲੋਂ ਮੌਕੇ ‘ਤੇ ਸੈਂਪਲਿੰਗ ਵੀ ਕੀਤੀ ਗਈ। ਟਰੱਕ ਦੀ ਜਾਂਚ ਦੌਰਾਨ ਡਰਾਈਵਰ ਅਤੇ ਉਸ ਦੇ ਨਾਲ ਮੌਜੂਦ ਵਿਅਕਤੀ ਨੂੰ ਝੋਨੇ ਸਬੰਧੀ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਕਿਹਾ ਗਿਆ, ਪਰੰਤੂ ਉਨ੍ਹਾਂ ਨੇ ਕੋਈ ਵੀ ਅਜਿਹਾ ਤਸੱਲੀਬਖ਼ਸ਼ ਜਵਾਬ ਜਾਂ ਦਸਤਾਵੇਜ਼ ਪੇਸ਼ ਨਹੀਂ ਕੀਤਾ, ਜਿਸ ਨਾਲ ਉਕਤ ਝੋਨੇ ਦੀ ਆਮਦ ਨੂੰ ਨਿਯਮਾਂ ਅਨੁਸਾਰ ਸਹੀ ਸਾਬਤ ਕੀਤਾ ਜਾ ਸਕੇ। ਇਸ ਉਪਰੰਤ ਵਿਭਾਗੀ ਮੁਲਾਜ਼ਮਾਂ ਵੱਲੋਂ ਅਗਲੇਰੀ ਕਾਰਵਾਈ ਲਈ ਟਰੱਕ ਸਮੇਤ ਸਬੰਧਤ ਵਿਅਕਤੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਅਸ਼ੋਕ ਕੁਮਾਰ ਜਿੰਦਲ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਵੱਲੋਂ ਮੁਕੱਦਮਾ ਨੰਬਰ 155/2026, ਬੀ.ਐਨ.ਐਸ. ਦੀ ਧਾਰਾ 318(4) 61(2) ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਹੋਰ ਕਿਹਾ ਕਿ ਸਬੰਧਤ ਵਿਭਾਗਾਂ ਦੇ ਮੁਲਾਜਮਾਂ ਵੱਲੋਂ ਆਪਸੀ ਤਾਲਮੇਲ ਨਾਲ ਗੈਰ-ਕਾਨੂੰਨੀ ਢੰਗ ਨਾਲ ਝੋਨੇ ਦੀ ਆਮਦ ਨੂੰ ਰੋਕਣ ਲਈ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ। ਇਸ ਸਬੰਧੀ ਉਪ ਮੰਡਲ ਮੈਜਿਸਟਰੇਟ, ਦੁਧਨ ਸਾਧਾਂ, ਹਰਜੋਤ ਕੌਰ ਨੇ ਵੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਸਕੱਤਰ ਅਸ਼ੋਕ ਕੁਮਾਰ ਜਿੰਦਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਝੋਨੇ ਦੀ ਖਰੀਦ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣਾ ਵਿਭਾਗ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦੁੱਧਨਸਾਧਾਂ ਵੱਲੋਂ ਬੈਰੀਅਰਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਵਿਭਾਗ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਅਤੇ ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਚੈਕਿੰਗ ਅਤੇ ਨਿਗਰਾਨੀ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ। ਸਕੱਤਰ ਨੇ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਵੀ ਜੇਕਰ ਕੋਈ ਵਿਅਕਤੀ, ਆੜ੍ਹਤੀ, ਲੇਬਰ ਜਾਂ ਹੋਰ ਕੋਈ ਸ਼ਰਾਰਤੀ ਅਨਸਰ ਗੈਰ-ਕਾਨੂੰਨੀ ਢੰਗ ਨਾਲ ਝੋਨਾ ਲਿਆਉਣ ਜਾਂ ਇਸ ਵਿੱਚ ਸ਼ਾਮਲ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਬਾਹਰਲੇ ਰਾਜਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਝੋਨਾ ਲਿਆਉਣ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ, ਤਾਂ ਉਹ ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਦਫ਼ਤਰ ਵਿਖੇ ਸੂਚਿਤ ਕਰ ਸਕਦਾ ਹੈ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਖਰੀਦ ਏਜੰਸੀ ਦੇ ਇੰਸਪੈਕਟਰ, ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਮੁਲਾਜਮ ਮੌਜੂਦ ਸਨ। ਇਸ ਤੋਂ ਇਲਾਵਾ ਡਿਪਟੀ ਜਨਰਲ ਮੈਨੇਜਰ ਰਜਨੀਸ਼ ਗੋਇਲ ਨੇ ਅਨਾਜ ਮੰਡੀ ਘੜਾਮ , ਦੇਵੀਗੜ੍ਹ ਅਤੇ ਦੁੱਧਨਸਾਧਾਂ ਦਾ ਦੌਰਾ ਕੀਤਾ , ਜਿਸ ਦੌਰਾਨ ਉਹਨਾਂ ਵੱਲੋਂ ਆੜ੍ਹਤੀਆਂ ਦਾ ਰਿਕਾਰਡ ਜਿਵੇਂ ਕਿ ਹੀਪ ਰਜਿਸਟਰ ਆਦਿ ਚੈੱਕ ਕੀਤੇ ਗਏ।
ਫੋਟੋ ਕੈਪਸ਼ਨ-ਡਿਪਟੀ ਜਨਰਲ ਮੈਨੇਜਰ ਰਜਨੀਸ਼ ਗੋਇਲ ਇੰਟਰ ਸਟੇਟ ਬੈਰੀਅਰ ਦੂਧਨਸਾਧਾਂ ਦੀ ਚੈਕਿੰਗ ਕਰਦੇ ਹੋਏ, ਉਹਨਾਂ ਨਾਲ਼ ਜਿਲਾ ਮੰਡੀ ਅਫਸਰ ਪਟਿਆਲਾ ਅਸਲਮ ਮੁਹੰਮਦ ਅਤੇ ਸਕੱਤਰ ਮਾਰਕੀਟ ਕਮੇਟੀ ਅਸ਼ੋਕ ਜਿੰਦਲ ਵੀ ਨਾਲ ਸਨ।
ਮਾਰਕੀਟ ਕਮੇਟੀ ਦੁੱਧਨਸਾਧਾਂ ਵੱਲੋਂ ਫਡ਼ੇ ਗਏ ਗੈਰ ਕਾਨੂੰਨੀ ਝੋਨੇ ਨਾਲ ਲੱਦੇ ਟਰੱਕ ਦਾ ਦ੍ਰਿਸ਼।

