Punjab News : ਪੰਜਾਬ ਦੇ ਮੌਸਮ ਵਿਚ ਇਕ ਵਾਰ ਫਿਰ ਤੋਂ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ। ਭਲਕੇ ਤੋਂ ਪੰਜਾਬ ਦੇ ਮੌਸਮ ‘ਚ ਤਬਦੀਲੀ ਆਵੇਗੀ। ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 22 ਜੁਲਾਈ ਤੱਕ ਵੱਡੀ ਭਵਿੱਖਬਾਣੀ ਕੀਤੀ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਵੱਲੋਂ ਸੂਬੇ ‘ਚ ਗਰਮੀ ਤੋਂ ਬਾਅਦ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਵਿਚ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ‘ਚ ਅੱਜ ਗਰਮੀ ਅਤੇ ਨਮੀ ਵਾਲਾ ਮੌਸਮ ਬਣਿਆ ਰਹੇਗਾ। ਫਾਜ਼ਿਲਕਾ, ਮੁਕਤਸਰ, ਬਠਿੰਡਾ, ਲੁਧਿਆਣਾ ਅਤੇ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। 19 ਜੁਲਾਈ ਲਈ ਕੀਤੀ ਗਈ ਭਵਿੱਖਬਾਣੀ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਬਾਕੀ ਪੰਜਾਬ ‘ਚ ਕਿਸੇ ਤਰ੍ਹਾਂ ਦੀ ਚਿਤਾਵਨੀ ਦਾ ਸੰਕੇਤ ਨਹੀਂ ਦਿੱਤਾ ਗਿਆ।
ਉਥੇ ਹੀ 20 ਅਤੇ 21 ਜੁਲਾਈ ਇਹ ਦੋ ਦਿਨ ਪੰਜਾਬ ਲਈ ਅਹਿਮ ਰਹਿਣਗੇ। ਮੌਸਮ ਵਿਭਾਗ ਨੇ ਮਾਝਾ, ਦੋਆਬਾ ਅਤੇ ਪੂਰਬੀ ਮਾਲਵੇ ਦੇ ਜ਼ਿਲ੍ਹੇ ਜਿਵੇਂ ਕਿ ਜਲੰਧਰ, ਲੁਧਿਆਣਾ, ਪਟਿਆਲਾ ਅਤੇ ਰੂਪਨਗਰ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਇਹਨਾਂ ਇਲਾਕਿਆਂ ‘ਚ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। 22 ਜੁਲਾਈ ਨੂੰ ਪੰਜਵੇਂ ਦਿਨ ਮੀਂਹ ਦਾ ਪ੍ਰਭਾਵ ਉੱਤਰੀ ਅਤੇ ਪੂਰਬੀ ਪੰਜਾਬ ‘ਚ ਜਾਰੀ ਰਹੇਗਾ, ਜਦਕਿ ਦੱਖਣੀ-ਪੱਛਮੀ ਪੰਜਾਬ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਨੀਵੇਂ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਅਤੇ ਕਿਸਾਨਾਂ ਨੂੰ ਖ਼ਾਸ ਤੌਰ ‘ਤੇ 20 ਅਤੇ 21 ਜੁਲਾਈ ਨੂੰ ਭਾਰੀ ਬਾਰਿਸ਼ ਦੇ ਮੱਦੇਨਜ਼ਰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

