ਪੰਜਾਬ : ਪੰਜਾਬ ਭਰ ‘ਚ ਸਬ-ਰਜਿਸਟਰਾਰਾਂ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਸਮੂਹਿਕ ਛੁੱਟੀ ‘ਤੇ ਪੰਜਾਬ ਸਰਕਾਰ ਨੇ ਸਖ਼ਤ ਰੁਖ ਅਖਤਿਆਰ ਕੀਤਾ ਹੈ। ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਦੀ ਹੜਤਾਲ ਦਾ ਹੱਲ ਲੱਭ ਲਿਆ ਹੈ । ਪਹਿਲਾਂ ਮੁੱਖ ਮੰਤਰੀ ਮਾਨ ਨੇ ਤਹਿਸੀਲਦਾਰਾਂ ਨੂੰ ਭ੍ਰਿਸ਼ਟ ਸਾਥੀਆਂ ਦਾ ਸਾਥ ਦੇਣ ਲਈ ਤਾੜਨਾ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਕੰਮ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਸੌਂਪਿਆ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਖੱਜਲ-ਖੁਆਰੀ ਨਾ ਹੋਵੇ, ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤੇ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤਹਿਸੀਲਦਾਰਾਂ ਦੀਆਂ ਪਾਵਰਾਂ ਕਾਨੂੰਗੋਜ਼ ਨੂੰ ਡੈਲੀਗੇਟ ਕਰ ਦਿੱਤੀਆਂ ਗਈਆਂ ਹਨ । ਜਿਸ ਕਾਰਨ ਹੁਣ ਤਹਸੀਲਦਾਰਾਂ /ਸਬ ਰਜਿਸਟਰਾਰਾਂ ਦੀ ਥਾਂ ਤੇ ਸੀਨੀਅਰ ਕਾਨੂਗੋਜ਼ ਤਹਿਸੀਲਾਂ ’ਚ ਕੰਮ ਕਰਨ ਲੱਗ ਪਏ ਹਨ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਹੜਤਾਲੀ ਮਾਲ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ। ਅੱਜ ਸ਼ਾਮ 5 ਵਜੇ ਤੱਕ ਡਿਊਟੀਆਂ ‘ਤੇ ਪਰਤੋ। ਡਿਊਟੀ ’ਤੇ ਨਾ ਪੁੱਜਣ ਵਾਲਿਆਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ । ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ, ਮੋਹਾਲੀ ਅਤੇ ਰੋਪੜ ਜ਼ਿਲ੍ਹਿਆਂ ਦੀਆਂ ਤਹਿਸੀਲਾਂ ’ਚ ਲੋਕਾਂ ਨੂੰ ਮਿਲਣਗੇ।