Patiala News : ਵਿਜੇ ਕੁਮਾਰ ਗਰਗ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਅਰਬਨ ਪਟਿਆਲਾ ਵੱਲੋਂ ਕਾਂਗਰਸ ਪਾਰਟੀ ਉੱਤੇ ਗੰਭੀਰ ਦੋਸ਼ ਲਗਾਏ ਗਏ ਹਨ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਦੀਆਂ ਅੰਦਰੂਨੀ ਚੋਣਾਂ ਦੌਰਾਨ ਜਾਲੀ ਵੋਟਾਂ ਪਵਾਈਆਂ ਜਾ ਰਹੀਆਂ ਹਨ। ਭਾਜਪਾ ਜ਼ਿਲਾ ਪ੍ਰਧਾਨ ਵਿਜੇ ਕੁਮਾਰ ਗਰਗ ਨੇ ਕਿਹਾ ਕਿ ਜੋ ਕਾਂਗਰਸੀ ਆਗੂ ਪਹਿਲਾਂ ਵੋਟ ਚੋਰੀ ਦੇ ਮੁੱਦੇ ਉਠਾਉਂਦੇ ਰਹੇ ਹਨ, ਅੱਜ ਉਹ ਖੁਦ ਹੀ ਜਾਲੀ ਵੋਟਾਂ ਪਵਾਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਕਿਸੇ ਹੋਰ ਵਿਅਕਤੀ ਦੇ ਨਾਮ ‘ਤੇ ਕਿਸੇ ਹੋਰ ਦੀ ਫੋਟੋ ਲਗਾ ਕੇ ਵੋਟਾਂ ਪਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ ਕਿ ਕਈ ਥਾਵਾਂ ‘ਤੇ ਫਰਜ਼ੀ ਵੋਟਰ ਕਾਰਡਾਂ ਦੀ ਵਰਤੋਂ ਕਰਕੇ ਜਾਲੀ ਵੋਟਾਂ ਪਵਾਈਆਂ ਗਈਆਂ ਹਨ। ਇੱਥੋਂ ਤੱਕ ਕਿ ਭਾਜਪਾ ਵਰਕਰਾਂ ਦੇ ਨਾਮ ‘ਤੇ ਵੀ ਫਰਜ਼ੀ ਵੋਟਾਂ ਪਾਈਆਂ ਜਾਣ ਦੀ ਗੱਲ ਸਾਹਮਣੇ ਆਈ ਹੈ।
ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਘੱਟ ਉਮਰ ਦੇ ਨੌਜਵਾਨਾਂ ਦੀ ਪੂਰੀ ਪਛਾਣ ਕੀਤੇ ਬਿਨਾਂ ਸਿਰਫ਼ ਫੋਟੋ ਬਦਲ ਕੇ ਵੋਟਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੇ ਨਾਮ ‘ਤੇ ਜਾਲੀ ਵੋਟਾਂ ਪਾਈਆਂ ਗਈਆਂ ਹਨ, ਉਨ੍ਹਾਂ ਨਾਲ ਸੰਬੰਧਿਤ ਸਬੂਤ ਵੀ ਪੱਤਰਕਾਰਾਂ ਅੱਗੇ ਪੇਸ਼ ਕੀਤੇ ਗਏ। ਇਸ ਦੇ ਨਾਲ ਹੀ ਇੱਕ ਵਿਅਕਤੀ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਵਾ ਕੇ ਪੱਤਰਕਾਰਾਂ ਨੂੰ ਫੇਸ ਟੂ ਫੇਸ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਗੁਰਵਿੰਦਰ ਕੰਸਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਇਸ ਸਾਰੇ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਸੰਬੰਧਤ ਸਬੂਤ ਵੀ ਇਕੱਠੇ ਕੀਤੇ ਗਏ ਹਨ।ਭਾਜਪਾ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਲੀਗਲ ਸੈੱਲ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

