National News : ਭਾਰਤ ਵਿੱਚ ਹੁਣ ਜਲਦ ਹੀ ਪਲਾਸਟਿਕ ਦੇ ਨੋਟ ਚੱਲਣ ਦੀ ਸੰਭਾਵਨਾ ਬਣ ਰਹੀ ਹੈ। ਦੇਸ਼ ਅੰਦਰ ਲਗਾਤਾਰ ਵਧ ਰਹੀ ਕਰੰਸੀ ਦੀ ਮੰਗ ਨੂੰ ਦੇਖਦਿਆਂ ਭਾਰਤੀ ਰਿਜ਼ਰਵ ਬੈਂਕ ਯਾਨੀ RBI ਨੇ ਇੱਕ ਵਾਰ ਫਿਰ ‘ਪੌਲੀਮਰ ਬੈਂਕ ਨੋਟ’ ਲਿਆਉਣ ਦੀ ਯੋਜਨਾ ’ਤੇ ਗੰਭੀਰ ਵਿਚਾਰ ਸ਼ੁਰੂ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਟਨਾ ਅਤੇ ਮੁੰਬਈ ਵਿੱਚ ਹੋਈਆਂ RBI ਦੀਆਂ ਹਾਲੀਆ ਬੋਰਡ ਮੀਟਿੰਗਾਂ ਦੌਰਾਨ ਇਸ ਮਾਮਲੇ ’ਤੇ ਚਰਚਾ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੌਲੀਮਰ ਨੋਟ ਮੌਜੂਦਾ ਕਾਗਜ਼ੀ ਨੋਟਾਂ ਨਾਲੋਂ ਕਾਫ਼ੀ ਵੱਧ ਟਿਕਾਊ ਹੁੰਦੇ ਹਨ। ਇਹ ਪਾਣੀ, ਮੋੜ ਅਤੇ ਗੰਦਗੀ ਨਾਲ ਆਸਾਨੀ ਨਾਲ ਖ਼ਰਾਬ ਨਹੀਂ ਹੁੰਦੇ ਅਤੇ ਇਨ੍ਹਾਂ ਦੀ ਉਮਰ ਵੀ ਲੰਮੀ ਹੁੰਦੀ ਹੈ। ਇਸ ਦੇ ਨਾਲ ਹੀ, ਲੰਮੇ ਸਮੇਂ ਵਿੱਚ ਇਨ੍ਹਾਂ ਦੀ ਛਪਾਈ ਦਾ ਖ਼ਰਚਾ ਵੀ ਘੱਟ ਪੈਂਦਾ ਹੈ।
RBI ਦੀ ਸਾਲਾਨਾ ਰਿਪੋਰਟ ਮੁਤਾਬਕ ਦੇਸ਼ ਵਿੱਚ ਨੋਟ ਛਾਪਣ ਦਾ ਖ਼ਰਚਾ 6 ਹਜ਼ਾਰ ਕਰੋੜ ਰੁਪਏ ਤੋਂ ਵੀ ਪਾਰ ਪਹੁੰਚ ਗਿਆ ਹੈ। ਸਿਰਫ਼ ਸਾਲ 2025 ਦੌਰਾਨ ਹੀ ਲਗਭਗ 23 ਅਰਬ ਤੋਂ ਵੱਧ ਖ਼ਰਾਬ ਨੋਟ ਚਲਨ ਵਿੱਚੋਂ ਬਾਹਰ ਕੀਤੇ ਗਏ, ਜਿਨ੍ਹਾਂ ਵਿੱਚ ਸਭ ਤੋਂ ਵੱਧ 500 ਅਤੇ 100 ਰੁਪਏ ਦੇ ਨੋਟ ਸ਼ਾਮਲ ਰਹੇ।ਖ਼ਾਸ ਗੱਲ ਇਹ ਹੈ ਕਿ ਪੌਲੀਮਰ ਨੋਟਾਂ ਵਿੱਚ ਅਡਵਾਂਸ ਸੁਰੱਖਿਆ ਫੀਚਰ ਹੁੰਦੇ ਹਨ, ਜਿਸ ਕਾਰਨ ਨਕਲੀ ਨੋਟ ਬਣਾਉਣਾ ਲਗਭਗ ਅਸੰਭਵ ਮੰਨਿਆ ਜਾਂਦਾ ਹੈ। ਆਸਟ੍ਰੇਲੀਆ ਅਤੇ ਕੈਨੇਡਾ ਵਰਗੇ ਕਈ ਦੇਸ਼ ਪਹਿਲਾਂ ਹੀ ਇਹ ਪਲਾਸਟਿਕ ਕਰੰਸੀ ਅਪਣਾ ਚੁੱਕੇ ਹਨ।ਹੁਣ ਦੇਖਣਾ ਇਹ ਹੋਵੇਗਾ ਕਿ RBI ਇਸ ਪਾਇਲਟ ਪ੍ਰੋਜੈਕਟ ਦਾ ਐਲਾਨ ਕਦੋਂ ਕਰਦਾ ਹੈ ਅਤੇ ਭਾਰਤ ਵਿੱਚ ਪਲਾਸਟਿਕ ਨੋਟ ਕਦੋਂ ਤੱਕ ਆਮ ਲੋਕਾਂ ਦੇ ਹੱਥਾਂ ਤੱਕ ਪਹੁੰਚਦੇ ਹਨ।

