ਨਵਜੋਤ ਸਿੱਧੂ ਦੇ ਨਜਦੀਕੀਆਂ ਨੂੰ ਦਿਖਾਈਆ ਪਾਰਟੀ ਤੋਂ ਬਾਹਰ ਦਾ ਰਸਤਾ 

navjot singh sidhu

ਮੋਗਾ, 28 ਜਨਵਰੀ: ਪਿਛਲੇ ਕੁੱਝ ਸਮੇਂ ਤੋਂ ‘ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ’ ਦੇ ਨਾਂ ਹੇਠ ਅਪਣੀਆਂ ਵੱਖਰੀਆਂ ਸਿਆਸੀ ਸਰਗਰਮੀਆਂ ਚਲਾ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹਾਈਕਮਾਂਡ ਨੇ ‘ਪਰ ਕੁਤਰਨੇ’ ਸ਼ੁਰੂ ਕਰ ਦਿੱਤੇ ਹਨ। ਇਸਦੇ ਲਈ ਸਭ ਤੋਂ ਪਹਿਲਾਂ ਉਨ੍ਹਾਂ ਦੇ ਨਜਦੀਕੀਆਂ ‘ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ, ਜਿਸਦੇ ਤਹਿਤ ਲੰਘੀ 21 ਜਨਵਰੀ ਨੂੰ ਮੋਗਾ ਰੈਲੀ ਦੇ ਆਯੋਜਿਕ ਮੋਗਾ ਜ਼ਿਲ੍ਹੇ ਦੇ ਸਾਬਕਾ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਉਨ੍ਹਾਂ ਦੇ ਪੁੱਤਰ ਧਰਮਪਾਲ ਸਿੰਘ ਨੂੰ ਪਾਰਟੀ ਵਿਚੋਂ ਬਾਹਰ ਦਾ ਰਾਸਤਾ ਦਿਖਾਇਆ ਗਿਆ ਹੈ। ਰੈਲੀ ਤੋਂ ਦੂਜੇ ਦਿਨ ਹੀ ਦੋਨਾਂ ਪਿਊ-ਪੁੱਤ ਨੂੰ ਪਾਰਟੀ ਵਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।

ਇਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਮੋਗਾ ਵਿਧਾਨ ਸਭਾ ਹਲਕੇ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਲੜਣ ਵਾਲੀ ਮਾਲਵਿਕਾ ਸੂਦ ਨੇ ਉਨ੍ਹਾਂ ਦੇ ਖਿਲਾਫ਼ ਸਿਕਾਇਤ ਕੀਤੀ ਸੀ ਕਿ ਰੈਲੀ ਦੌਰਾਨ ਨਾਂ ਤਾਂ ਜ਼ਿਲ੍ਹੇ ਜਥੇਬੰਦੀ ਅਤੇ ਨਾਂ ਹੀ ਉਸਨੂੰ ਹਲਕੇ ਵਿਚ ਰੈਲੀ ਹੋਣ ਦੇ ਬਾਵਜੂਦ ਵਿਸਵਾਸ ਵਿਚ ਲਿਆ ਗਿਆ। ਹਾਲਾਂਕਿ ਜਵਾਬ ਦੇ ਵਿਚ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਸੀ ਇਹ ਰੈਲੀ ਨਵਜੋਤ ਸਿੱਧੂ ਵਲੋਂ ਰੱਖੀ ਹੋਈ ਸੀ ਤੇ ਉਹ ਤਾਂ ਬਤੌਰ ਕਾਂਗਰਸੀ ਉਸ ਰੈਲੀ ਵਿਚ ਅਪਣੇ ਸਮਰਥਕਾਂ ਨਾਲ ਗਏ ਸਨ, ਜਿਸਦੇ ਚੱਲਦੇ ਜੇਕਰ ਰੈਲੀ ਬਾਰੇ ਕਿਸੇ ਨੂੰ ਕੋਈ ਇਤਰਾਜ ਸੀ ਤਾਂ ਉਨ੍ਹਾਂ ਦੇ ਵਿਰੁਧ ਨੋਟਿਸ ਜਾਰੀ ਕਰਨਾ ਚਾਹੀਦਾ ਸੀ।

ਗੌਰਤਲਬ ਹੈ ਕਿ ਬਠਿੰਡਾ ਜ਼ਿਲ੍ਹੇ ਵਿਚੋਂ ਸ਼ੁਰੂ ਕੀਤੀਆਂ ਰੈਲੀਆਂ ਦੇ ਵਿਚ ਨਵਜੋਤ ਸਿੰਘ ਸਿੱਧੂ ਦੁਆਰਾ ਪੰਜਾਬ ਕਾਂਗਰਸ ਦੇ ਆਗੂਆਂ ਉਪਰ ਵੀ ਅਸਿੱਧੇ ਢੰਗ ਨਾਲ ਨਿਸ਼ਾਨੇ ਸਾਧੇ ਜਾ ਰਹੇ ਸਨ। ਇਸਤੋਂ ਇਲਾਵਾ ਇੰਨ੍ਹਾਂ ਰੈਲੀਆਂ ਦੇ ਵਿਰੁਧ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਹਿਤ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਹਿਤ ਹੋਰਨਾਂ ਆਗੂਆਂ ਵਲੋਂ ਹਾਈਕਮਾਂਡ ਨੂੰ ਸਿਕਾਇਤ ਕੀਤੀ ਜਾ ਰਹੀ ਸੀ ਜਦੋਂਕਿ ਨਵਜੋਤ ਸਿੰਘ ਸਿੱਧੂ ਦਾ ਤਰਕ ਸੀ ਕਿ ਅਨੁਸਾਸ਼ਨ ਉਸਦੇ ਇਕੱਲੇ ਲਈ ਕਿਉਂ, ਦੂਜਿਆਂ ’ਤੇ ਇਹ ਗੱਲ ਲਾਗੂ ਕਿਉਂ ਨਹੀਂ ਕੀਤੀ ਜਾ ਰਹੀ। ਬਹਰਹਾਲ ਮੌਜੂਦਾ ਹਾਲਾਤਾਂ ਤੋਂ ਦਿਖਾਈ ਦੇਣ ਲੱਗਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਤਰਜ਼ ’ਤੇ ਐਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਸ਼ੁਰੂ ਹੋਈ ਖ਼ਾਨਾਜੰਗੀ ਛੇਤੀ ਹਾਲੇ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।

Related Post