ਕੁਲਦੀਪ ਕੁਮਾਰ ਟੀਟਾ ਹੋਣਗੇ ਚੰਡੀਗੜ੍ਹ ਦੇ ਨਵੇਂ ਮੇਅਰ

ਨਵੀਂ ਦਿੱਲੀ: ਆਖਰਕਾਰ 21 ਦਿਨਾਂ ਬਾਅਦ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦੀ ਤਸਵੀਰ ਅੱਜ ਸਾਫ਼ ਹੋ ਗਈ ਹੈ। ਸੁਪਰੀਮ ਕੋਰਟ ਨੇ 8 “ਅਵੈਧ” ਵੋਟਾਂ ਨੂੰ ਸਹੀ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਕੌਂਸਲਰ ਕੁਲਦੀਪ ਕੁਮਾਰ ਟੀਟਾ ਨੂੰ ਮੇਅਰ ਐਲਾਨ ਦਿੱਤਾ ਹੈ। ਉਥੇ ਹੀ ਦੂਜੇ ਪਾਸੇ ਸੁਪਰੀਮ ਕੋਰਟ ਨੇ ਰਿਟਰਨਿੰਗ ਅਫਸਰ ਅਨਿਲ ਮਸੀਹ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆ ਤਿੰਨ ਹਫਤਿਆਂ ਦੇ ਅੰਦਰ ਜਵਾਬ ਦਾਖਲ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ‘ਆਪ’ ਦੀ ਇਸ ਜਿੱਤ ‘ਤੇ ਵਧਾਈ ਸਾਂਝੀ ਕੀਤੀ ਗਈ ਹੈ।

ਉਥੇ ਹੀ ਦੂਜੇ ਪਾਸੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਕਿਹਾ, ”ਅਸੀਂ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ। ਅੱਜ ਅਸੀਂ ਦੇਖਿਆ ਕਿ ਸੱਚਾਈ ਦੀ ਜਿੱਤ ਹੋਈ ਹੈ। ਸਾਡੇ ਸਾਥੀ ਬਹੁਤ ਨਿਰਾਸ਼ ਸਨ ਕਿ ਇੰਨੀ ਮਿਹਨਤ ਦੇ ਬਾਵਜੂਦ ਅਜਿਹਾ ਹੋਇਆ। ਅੱਜ ਇਕ ਇਤਿਹਾਸਕ ਦਿਨ ਹੈ। ਚੰਡੀਗੜ੍ਹ ਦੇ ਇਤਿਹਾਸ ਲਈ। ਕੁਲਦੀਪ ਕੁਮਾਰ ਹੋਣਗੇ ਸਿਰਲੇਖ ਦੇ ਮੇਅਰ। ਇਹ ਉਨ੍ਹਾਂ ਲਈ ਸਬਕ ਹੈ ਜੋ ਲੋਕਤੰਤਰ ਦਾ ਕਤਲ ਕਰਨਾ ਚਾਹੁੰਦੇ ਹਨ।”

ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਬੀਤੇ ਦਿਨ “ਹਾਰਸ-ਟ੍ਰੇਡਿੰਗ” ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਉਹ ਬੈਲਟ ਪੇਪਰਾਂ ਦੀ ਪੂਰੀ ਵੀਡੀਓ-ਰਿਕਾਰਡਿੰਗ ਅਤੇ ਚੰਡੀਗੜ੍ਹ ਮੇਅਰ ਚੋਣ ਦੀ ਗਿਣਤੀ ਵਾਲੇ ਦਿਨ ਦੀ ਸਮੀਖਿਆ ਕਰੇਗੀ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਉਹ ਨਵੇਂ ਸਿਰੇ ਤੋਂ ਪੋਲਿੰਗ ਦਾ ਹੁਕਮ ਦੇਣ ਦੀ ਬਜਾਏ ਪਹਿਲਾਂ ਤੋਂ ਪਈਆਂ ਵੋਟਾਂ ਦੇ ਆਧਾਰ ‘ਤੇ ਨਤੀਜੇ ਘੋਸ਼ਿਤ ਕਰਨ ‘ਤੇ ਵਿਚਾਰ ਕਰ ਸਕਦੀ ਹੈ।

Related Post