ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਸ.ਐਸ.ਪੀ. ਵਰੁਣ ਸ਼ਰਮਾ ਨਾਲ ਜੁੜੇ ਕਥਿਤ ਵਾਇਰਲ ਕਾਨਫਰੰਸ ਕਾਲ ਮਾਮਲੇ ਵਿੱਚ ਸਖ਼ਤ ਰੁਖ਼ ਅਪਣਾਉਂਦਿਆਂ ਆਡੀਓ ਕਲਿੱਪ ਦੀ ਜਾਂਚ ਕੇਂਦਰੀ ਫੋਰੈਂਸਿਕ ਸਾਇੰਸ ਲੈਬੋਰਟਰੀ (CFSL), ਚੰਡੀਗੜ੍ਹ ਤੋਂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਕੋਈ ਢੁੱਕਵੀਂ ਪ੍ਰਗਤੀ ਰਿਪੋਰਟ ਪੇਸ਼ ਨਾ ਕਰਨ ‘ਤੇ ਗੰਭੀਰ ਨਾਰਾਜ਼ਗੀ ਜ਼ਾਹਰ ਕੀਤੀ। ਹਾਈ ਕੋਰਟ ਨੇ ਇਸ ਗੱਲ ‘ਤੇ ਵੀ ਤਿੱਖੀ ਟਿੱਪਣੀ ਕੀਤੀ ਕਿ ਹੁਣ ਤੱਕ ਨਾ ਤਾਂ ਕਿਸੇ ਸੰਬੰਧਤ ਪੁਲਿਸ ਅਧਿਕਾਰੀ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਮਾਮਲੇ ਨਾਲ ਜੁੜੀ ਮੂਲ ਡਿਵਾਈਸ ਜ਼ਬਤ ਕੀਤੀ ਗਈ ਹੈ। ਅਦਾਲਤ ਨੇ ਕਿਹਾ ਕਿ ਜਾਂਚ ਵਿੱਚ ਇਸ ਤਰ੍ਹਾਂ ਦੀ ਸੁਸਤੀ ਨਿਆਂਕ ਪ੍ਰਕਿਰਿਆ ‘ਤੇ ਸਵਾਲ ਖੜੇ ਕਰਦੀ ਹੈ। ਇਸ ਦੇ ਨਾਲ ਹੀ ਮੂਲ ਵੀਡੀਓ ਕਿੱਥੋਂ ਅਪਲੋਡ ਹੋਈ, ਇਸ ਦੀ ਪਛਾਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ਨੂੰ ਵੀ ਜਾਣਕਾਰੀ ਮੰਗਦਿਆਂ ਪੱਤਰ ਭੇਜਿਆ ਗਿਆ ਹੈ।
ਮੁੰਬਈ ਦੇ ਹਵਾਈ ਅੱਡੇ ‘ਤੇ ਵੱਡਾ ਹਵਾਈ ਹਾਦਸਾ ਹੋਣ ਤੋਂ ਟਲਿਆ
ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਇਹ ਵੀਡੀਓ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਕੀਤੀ ਗਈ ਸੀ, ਪਰ ਉਹ ਹਾਲੇ ਤੱਕ SIT ਸਾਹਮਣੇ ਪੇਸ਼ ਨਹੀਂ ਹੋਏ। ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਮਾਮਲੇ ਦੀ ਜਾਂਚ ਕਿਸੇ ਪੂਰੀ ਤਰ੍ਹਾਂ ਸੁਤੰਤਰ ਏਜੰਸੀ, ਜਿਵੇਂ ਕਿ CBI, ਨੂੰ ਸੌਂਪੀ ਜਾਣੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ। ਹਾਈ ਕੋਰਟ ਨੇ ਪੰਜਾਬ ਫੋਰੈਂਸਿਕ ਸਾਇੰਸ ਲੈਬੋਰਟਰੀ ਨੂੰ ਹੋਰ ਸਮਾਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਹੁਣ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ CFSL ਚੰਡੀਗੜ੍ਹ ਵੱਲੋਂ ਕੀਤੀ ਜਾਵੇਗੀ। ਅਦਾਲਤ ਨੇ ਜ਼ੋਰ ਦਿੱਤਾ ਕਿ ਜਾਂਚ ਪੂਰੀ ਤਰ੍ਹਾਂ ਨਿਰਪੱਖ, ਤਕਨੀਕੀ ਅਤੇ ਪਾਰਦਰਸ਼ੀ ਹੋਣੀ ਚਾਹੀਦੀ ਹੈ, ਤਾਂ ਜੋ ਕਥਿਤ ਆਡੀਓ ਕਲਿੱਪ ਦੀ ਸੱਚਾਈ ਬਾਰੇ ਕਿਸੇ ਤਰ੍ਹਾਂ ਦਾ ਸੰਦੇਹ ਨਾ ਰਹੇ।

