ਹੁਸ਼ਿਆਰਪੁਰ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਤੋਂ ਪੰਜਾਬ ਆ ਰਹੇ ਹਨ। ਕੌਮੀ ਕਨਵੀਨਰ 10 ਦਿਨ ਹੁਸ਼ਿਆਰਪੁਰ ਵਿੱਚ ਵਿਪਾਸਨਾ ਕਰਨਗੇ। ਸੂਤਰਾਂ ਮੁਤਾਬਕ 5 ਮਾਰਚ ਤੋਂ 15 ਮਾਰਚ ਤੱਕ ਕੇਜਰੀਵਾਲ ਪਿੰਡ ਮਹਿਲਾਵਾਲੀ ਨੇੜੇ ਆਨੰਦਗੜ੍ਹ ਸਥਿਤ ਧੰਮ-ਧਜ ਵਿਪਾਸਨਾ ਯੋਗ ਕੇਂਦਰ ‘ਚ ਸਿਮਰਨ ਕਰਨਗੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋ ਰਹੇ ਹਨ। ਇਸ ਤੋਂ ਪਹਿਲਾਂ ਦਸੰਬਰ 2023 ਵਿੱਚ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਉਹ ਹੁਸ਼ਿਆਰਪੁਰ ਦੇ ਇਸੇ ਮੈਡੀਟੇਸ਼ਨ ਸੈਂਟਰ ਵਿੱਚ 10 ਦਿਨ ਬਿਤਾ ਚੁੱਕੇ ਸਨ। ਦਸੰਬਰ 2023 ਵਿੱਚ ਜਦੋਂ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਪਹੁੰਚੇ ਤਾਂ ਈਡੀ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਸੀ। ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਕੇਜਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਹੋ ਰਹੇ ਸਨ।
ਇਹ ਵੀ ਪੜ੍ਹੋ : 12ਵੀਂ ਜਮਾਤ ਦਾ ਬੋਰਡ ਵਲੋਂ ਮੁੜ੍ਹ ਹੋਵੇਗਾ ਅੰਗ੍ਰੇਜ਼ੀ ਦਾ ਪੇਪਰ, ਪੰਜਾਬ ਸਿੱਖਿਆ ਬੋਰਡ ਨੇ ਲਿਆ ਫ਼ੈਸਲਾਂ
ਵਿਪਾਸਨਾ ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਣ ਲਈ ਇੱਕ ਪ੍ਰਾਚੀਨ ਭਾਰਤੀ ਧਿਆਨ ਵਿਧੀ ਹੈ। ਇਹ ਇੱਕ ਮਾਨਸਿਕ ਕਸਰਤ ਹੈ ਜੋ ਮਨ ਅਤੇ ਸਰੀਰ ਦੋਵਾਂ ਲਈ ਲਾਹੇਵੰਦ ਹੈ। ਇਹ ਭਾਰਤ ਦੀ ਸਭ ਤੋਂ ਪੁਰਾਣੀ ਧਿਆਨ ਵਿਧੀ ਹੈ, ਜੋ ਲਗਭਗ 2600 ਸਾਲ ਪਹਿਲਾਂ ਮਹਾਤਮਾ ਬੁੱਧ ਦੁਆਰਾ ਮੁੜ ਖੋਜੀ ਗਈ ਸੀ। ਵਿਪਾਸਨਾ ਕੇਂਦਰਾਂ ਵਿਖੇ 10, 20, 30, 45 ਤੇ 60 ਦਿਨਾਂ ਤੱਕ ਦਾ ਰਿਹਾਇਸ਼ੀ ਕੈਂਪ ਹੁੰਦਾ ਹੈ। ਇਸ ਕੋਰਸ ਦਾ ਹਿੱਸਾ ਬਣਨ ਵਾਲੇ ਕੁਝ ਸਮੇਂ ਲਈ ਕਿਸੇ ਵੀ ਸੰਚਾਰ ਤੋਂ ਪਰਹੇਜ਼ ਕਰਦੇ ਹਨ। ਉਹ ਕਿਸੇ ਨਾਲ ਸੰਵਾਦ ਜਾਂ ਸੰਕੇਤਾਂ ਰਾਹੀਂ ਗੱਲ ਨਹੀਂ ਕਰ ਸਕਦੇ। ਇਸ ‘ਚ ਸਭ ਤੋਂ ਪਹਿਲਾਂ ਮੈਡੀਟੇਸ਼ਨ ਦੇ ਅਭਿਆਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਵਿਪਾਸਨਾ ਆਤਮ ਨਿਰੀਖਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਪ੍ਰਾਣਾਯਾਮ ਦਾ ਇੱਕ ਰੂਪ ਹੈ। ਇਹ ਸਵੈ-ਨਿਰੀਖਣ ਅਤੇ ਸਵੈ-ਸ਼ੁੱਧੀਕਰਨ ਦਾ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ। ਪ੍ਰਾਚੀਨ ਕਾਲ ਤੋਂ ਹੀ ਰਿਸ਼ੀ-ਮੁਨੀ ਇਸ ਧਿਆਨ ਵਿਧੀ ਦਾ ਅਭਿਆਸ ਕਰਦੇ ਆ ਰਹੇ ਹਨ। ਕਿਹਾ ਜਾਂਦਾ ਹੈ ਕਿ ਇਸ ਕੈਂਪ ਵਿੱਚ ਰਹਿਣ ਵਾਲੇ ਸਾਰੇ ਲੋਕ ਇੱਕੋ ਕਿਸਮ ਦੇ ਕੱਪੜੇ ਪਾਉਂਦੇ ਹਨ ਅਤੇ ਇੱਕੋ ਕਿਸਮ ਦਾ ਭੋਜਨ ਖਾਂਦੇ ਹਨ।
ਇਹ ਵੀ ਪੜ੍ਹੋ : ਰਿਸ਼ੀਕੇਸ ’ਚ ਦੋ ਸਿੱਖ ਭਰਾਵਾਂ ਦੀ ਕੁੱਟਮਾਰ ਮਾਮਲੇ ‘ਚ ਮੁਲਜ਼ਮਾਂ ਨੇ ਹੇਮਕੁੰਟ ਸਾਹਿਬ ਗੁਰਦੁਆਰੇ ’ਚ ਜਾ ਕੇ ਮੰਗੀ ਮੁਆਫ਼ੀ
ਦੱਸ ਦਈਏ ਕਿ ਬਹੁਤ ਸਾਰੇ ਦੇਸ਼ਾਂ ‘ਚ ਵਿਪਾਸਨਾ ਦਾ ਰੁਝਾਣ ਵਧਿਆ ਹੈ। ਮਨੋਵਿਗਿਆਨਕ ਰੋਗਾਂ ਨੂੰ ਦੂਰ ਕਰਨ ਦਾ ਇਹ ਇੱਕ ਸੌਖਾ ਢੰਗ ਦੱਸਿਆ ਜਾਂਦਾ ਹੈ। ਇਹ ਤਣਾਅ ਨੂੰ ਦੂਰ ਕਰਦਾ ਹੈ ਤੇ ਨਕਾਰਾਤਮਕ ਵਿਚਾਰਾਂ ਤੋਂ ਦੂਰ ਰੱਖਦਾ ਹੈ। ਜੇ ਮਨ ਅਤੇ ਦਿਮਾਗ ਸ਼ਾਂਤ ਤੇ ਤੰਦਰੁਸਤ ਰਹਿਣਗੇ ਤਾਂ ਉਸ ਦਾ ਅਸਰ ਸਰੀਰ ‘ਤੇ ਵੀ ਹੋਵੇਗਾ। ਵਿਪਾਸਨਾ ਕੈਂਪ ਕਿਸੇ ਵੀ ਵਿਅਕਤੀ ਲਈ ਖੁੱਲ੍ਹੇ ਹਨ ਜੋ ਇਸ ਵਿਧੀ ਨੂੰ ਸਿੱਖਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਧਿਆਨ ਵਿਧੀਆਂ ਹਨ, ਜਿਨ੍ਹਾਂ ਵੱਲ ਲੋਕਾਂ ਦਾ ਕਾਫ਼ੀ ਰੁਝਾਨ ਵਧਿਆ ਹੈ। ਅੱਜ ਦੇ ਸਮੇਂ ਦੀ ਹੀ ਗੱਲ ਕਰੀਏ ਤਾਂ ਹਰ ਕੋਈ ਰੋਜ਼ ਦੀ ਭੱਜ ਦੌੜ ‘ਚ ਵਿਅਸਤ ਹੈ, ਲੋਕ ਖੁਦ ਲਈ ਵੀ ਸਮਾਂ ਬਹੁਤ ਮੁਸ਼ਕਿਲ ਨਾਲ ਕੱਢਦੇ ਹਨ। ਕਈ ਵਾਰ ਐਸੇ ਹਾਲਾਤ ਹੀ ਬਣ ਜਾਂਦੇ ਨੇ ਕਿ ਅਸੀਂ ਕਿਸੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਾਂ ਜਾਂ ਹੋਰ ਬਹੁਤ ਸਾਰੇ ਮਾਨਸਿਕ ਰੋਗ ਹੋ ਜਾਂਦੇ ਹਨ। ਇਨ੍ਹਾਂ ਸਭ ਤੋਂ ਛੁਟਕਾਰਾ ਪਾਉਣ ਲਈ ਫਿਰ ਲੋਕ ਇਨ੍ਹਾਂ ਪੁਰਾਤਨ ਤਕਨੀਕਾਂ ਨੂੰ ਅਪਣਾਉਂਦੇ ਹਨ। ਫਿਰ ਚਾਹੇ ਉਹ ਘਰ ਬੈਠ ਕੇ ਯੋਗਾ ਕਰਨਾ ਹੋਵੇ ਜਾਂ ਵਿਪਾਸਨਾ ਕੇਂਦਰਾਂ ‘ਚ ਜਾ ਕੇ ਧਿਆਨ ਲਾਉਣਾ ਹੋਵੇ। ਮਾਨਸਿਕ ਸ਼ਾਂਤੀ ਲਈ ਤੇ ਤੰਦਰੁਸਤੀ ਲਈ ਫਿਰ ਲੋਕ ਇਨ੍ਹਾਂ ਤਕਨੀਕਾਂ ਦਾ ਸਹਾਰਾ ਲੈਂਦੇ ਹਨ।