ਚੰਡੀਗੜ੍ਹ, 25 ਮਈ: ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਭਾਜਪਾ ਦੇ ਸੀਨੀਅਰ ਆਗੂ ਡਾ ਸੁਭਾਸ਼ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾਏ ਗਏ ਮੌਜੂਦਾ ਮੰਤਰੀ ਖੁਦ ਹੀ ਚੋਣ ਜਿੱਤਣੀ ਨਹੀਂ ਚਾਹੁੰਦੇ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਹ ਮੰਤਰੀ ਜਾਣਦੇ ਹਨ ਕਿ ਕੇਂਦਰ ਵਿੱਚ ਭਾਜਪਾ ਦੀ ਹੀ ਸਰਕਾਰ ਬਣੇਗੀ ਤਾਂ ਉਸ ਸਥਿਤੀ ਵਿੱਚ ਜੇਕਰ ਇਹ ਜਿੱਤ ਵੀ ਗਏ ਤਾਂ ਸਿਰਫ਼ ਐਮ ਪੀ ਹੀ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਇਹ ਮੰਤਰੀ ਆਪਣੀ ਮੰਤਰੀ ਵਾਲੀ ਟੌਹਰ ਹੀ ਕਾਇਮ ਰੱਖਣੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਮੁਕੰਮਲ ਹੋਏ 5 ਰਾਉਂਡ ਦੌਰਾਨ ਸਪੱਸ਼ਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦਾ ਬਹੁ ਪੱਖੀ ਵਿਕਾਸ ਤਾਂ ਹੋਇਆ ਹੀ ਹੈ ਨਾਲ ਹੀ ਭਾਰਤ ਦੀ ਵਿਸ਼ਵ ਭਰ ਵਿੱਚ ਵੱਖਰੀ ਪਹਿਚਾਣ ਬਣੀ ਹੈ। ਡਾ ਸੁਭਾਸ਼ ਸ਼ਰਮਾ ਨੇ ਕਿਹਾ ਪੰਜਾਬ ਵਿੱਚ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਹਨੇਰੀ ਚੱਲ ਰਹੀ ਹੈ। ਜਿਸ ਤੋਂ ਪ੍ਰੇਸ਼ਾਨ ਹੋਈਆਂ ਵਿਰੋਧੀ ਪਾਰਟੀਆਂ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਹਿੰਮਤ ਦਾ ਨਤੀਜਾ ਹੈ ਕਿ ਅੱਜ ਚੀਨ ਵਰਗੇ ਦੇਸ਼ ਨੂੰ ਭਾਰਤ ਅੱਗੇ ਝੁਕਣਾ ਪਿਆ ਹੈ ਅਤੇ ਪਾਕਿਸਤਾਨ ਦੀਆਂ ਕਰਤੂਤਾਂ ਨੂੰ ਠੱਲ੍ਹ ਪਈ ਹੈ।ਉਹਨਾਂ ਕਿਹਾ ਪੰਜਾਬ ਦੇ ਲੋਕ ਇਸ ਵਾਰ ਭਾਜਪਾ ਦੇ ਹੱਕ ਵਿੱਚ ਫ਼ਤਵਾ ਦੇਣਗੇ ਤੇ ਨਰਿੰਦਰ ਮੋਦੀ ਜੀ ਨੂੰ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ