ਪੰਜਾਬ ਨਗਰ ਚੋਣਾਂ ‘ਚ ‘ਆਪ’ ਦੀ ਵੱਡੀ ਜਿੱਤ

Punjab News : ਪੰਜਾਬ ਦੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਸੂਬੇ ਦੀ ਸਿਆਸਤ ਨੂੰ ਇੱਕ ਨਵਾਂ ਸੰਦੇਸ਼ ਦਿੱਤਾ ਹੈ। 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੇ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਹੁਣ ਤੱਕ 928 ਵਾਰਡਾਂ ‘ਚ ਕਬਜ਼ਾ ਕੀਤਾ ਹੈ। ਕਾਂਗਰਸ 376 ਸੀਟਾਂ ਨਾਲ ਦੂਜੇ ਨੰਬਰ ‘ਤੇ ਰਹੀ, ਜਦਕਿ ਆਜ਼ਾਦ ਉਮੀਦਵਾਰਾਂ ਨੇ ਵੀ 248 ਸੀਟਾਂ ਜਿੱਤ ਕੇ ਆਪਣੀ ਮਜ਼ਬੂਤ ਮੌਜੂਦਗੀ ਦਰਸਾਈ ਹੈ। ਅਕਾਲੀ ਦਲ 189 ਅਤੇ ਭਾਜਪਾ 167 ਸੀਟਾਂ ਨਾਲ ਪਿੱਛੇ ਰਹੇ ਹਨ।

ਹਾਲਾਂਕਿ ਕਪੂਰਥਲਾ ਨਗਰ ਨਿਗਮ ਵਿੱਚ ਕਾਂਗਰਸ ਨੇ 50 ਵਿੱਚੋਂ 31 ਵਾਰਡ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਿਆ। ਦੂਜੇ ਪਾਸੇ ਮਜੀਠਾ ਨਗਰ ਕੌਂਸਲ ਵਿੱਚ ‘ਆਪ’ ਨੇ 13 ਵਿੱਚੋਂ 7 ਸੀਟਾਂ ਜਿੱਤੀਆਂ, ਜਦਕਿ ਅਕਾਲੀ ਦਲ ਨੇ 6 ਸੀਟਾਂ ਨਾਲ ਸਖ਼ਤ ਟੱਕਰ ਦਿੱਤੀ। ਇੱਥੇ ਕਾਂਗਰਸ ਅਤੇ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ। ਸਿਆਸੀ ਮਾਹਿਰਾਂ ਦੇ ਅਨੁਸਾਰ ਇਹ ਨਤੀਜੇ ਦਰਸਾਉਂਦੇ ਹਨ ਕਿ ‘ਆਪ’ ਨੇ ਜ਼ਮੀਨੀ ਪੱਧਰ ‘ਤੇ ਆਪਣਾ ਕੈਡਰ ਮਜ਼ਬੂਤ ਕੀਤਾ ਹੈ। ਗਿੱਦੜਬਾਹਾ ਅਤੇ ਧਾਰੀਵਾਲ ਵਰਗੇ ਕਾਂਗਰਸ ਦੇ ਮਜ਼ਬੂਤ ਗੜ੍ਹਾਂ ਵਿੱਚ ਵੀ ‘ਆਪ’ ਦੀ ਇੱਕਪਾਸੜ ਜਿੱਤ ਨੇ ਵਿਰੋਧੀ ਧਿਰ ਲਈ ਚਿੰਤਾ ਵਧਾ ਦਿੱਤੀ ਹੈ। ਹਾਲਾਂਕਿ ਮਾਹਿਰ ਇਹ ਵੀ ਮੰਨਦੇ ਹਨ ਕਿ ਸਥਾਨਕ ਚੋਣਾਂ ਦੇ ਮੁੱਦੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੁੱਦੇ ਵੱਖਰੇ ਹੋਣਗੇ, ਜਿੱਥੇ ਰੁਜ਼ਗਾਰ, ਕਾਨੂੰਨ ਵਿਵਸਥਾ, ਨਸ਼ਾ ਅਤੇ ਬੇਅਦਬੀ ਵਰਗੇ ਮੁੱਦੇ ਕੇਂਦਰ ਵਿੱਚ ਰਹਿਣਗੇ।

Related Post