ਅੱਸੂ ਦੇ ਚੌਥੇ ਨਰਾਤੇ ਮੌਕੇ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ‘ਚ ਕਰੀਬ 45 ਹਜ਼ਾਰ ਸ਼ਰਧਾਲੂਆਂ ਵੱਲੋਂ ਦਰਸ਼ਨ
ਮੰਦਿਰ ਦਰਸ਼ਨ ਲਈ ਲਾਇਨਾਂ, ਧਾਰਮਿਕ ਭਜਨ, ਹਵਨ, ਸੁਰੱਖਿਆ, ਲੰਗਰ, ਵੀਲ੍ਹ ਚੇਅਰ, ਹੈਲਪ ਡੈਸਕ, ਸਾਫ਼-ਸਫ਼ਾਈ ਸਮੇਤ ਹੋਰ ਸਾਰੇ ਪ੍ਰਬੰਧ ਪੁਖ਼ਤਾ

ਮੰਦਿਰ ਦਰਸ਼ਨ ਲਈ ਲਾਇਨਾਂ, ਧਾਰਮਿਕ ਭਜਨ, ਹਵਨ, ਸੁਰੱਖਿਆ, ਲੰਗਰ, ਵੀਲ੍ਹ ਚੇਅਰ, ਹੈਲਪ ਡੈਸਕ, ਸਾਫ਼-ਸਫ਼ਾਈ ਸਮੇਤ ਹੋਰ ਸਾਰੇ ਪ੍ਰਬੰਧ ਪੁਖ਼ਤਾ


ਐਡਵਾਇਜਰੀ ਮੈਨੇਜਿੰਗ ਕਮੇਟੀ ਵੱਲੋਂ ਕੀਤੇ ਵਿਆਪਕ ਪ੍ਰਬੰਧਾਂ ਦੀ ਸ਼ਰਧਾਲੂਆਂ ਨੇ ਕੀਤੀ ਸ਼ਲਾਘਾ
ਪਟਿਆਲਾ, 14 ਅਕਤੂਬਰ : ਅਨੁਰਾਗ ਸ਼ਰਮਾ
ਪਟਿਆਲਾ ਦੇ ਇਤਿਹਾਸਕ ਤੇ ਪੁਰਾਤਨ ਮੰਦਿਰ ਮਾਤਾ ਸ੍ਰੀ ਕਾਲੀ ਦੇਵੀ ਵਿਖੇ ਚੱਲ ਰਹੇ ਅੱਸੂ ਦੇ ਚੌਥੇ ਨਰਾਤੇ ਮੌਕੇ ਕਰੀਬ 45000 ਹਜ਼ਾਰ ਸ਼ਰਧਾਲੂ ਪੁੱਜੇ ਤੇ ਸ਼ਰਧਾ ਨਾਲ ਮੰਦਿਰ ਵਿਖੇ ਨਤਮਸਤਕ ਹੋਏ। ਇਸ ਕਰਕੇ ਮੰਦਿਰ ਵਿਖੇ ਵੱਡੀ ਗਿਣਤੀ ਪੁੱਜ ਰਹੇ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਿਰ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ, ਇਨ੍ਹਾਂ ਪ੍ਰਬੰਧਾਂ ਦੀ ਸ਼ਰਧਾਲੂਆਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ।
ਆਪਣੇ ਪਰਿਵਾਰ ਸਮੇਤ ਮੰਦਿਰ ਪੁੱਜੀ ਵਾਸੀ ਇੱਕ ਮਹਿਲਾ ਸ਼ਰਧਾਲੂ ਭਾਵਨਾ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੰਦਿਰ ਆ ਰਹੇ ਹਨ ਪਰੰਤੂ ਇਸ ਵਾਰ ਦੇ ਪ੍ਰਬੰਧਾਂ ਦੀ ਸਚਮੁੱਚ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸੇਵਾਦਾਰ ਤੇ ਸੁਰੱਖਿਆ ਮੁਲਾਜਮ ਵੱਲੋਂ ਸ਼ਰਧਾਲੂਆਂ ਨੂੰ ਪੂਰਾ ਗਾਇਡ ਕੀਤਾ ਜਾਂਦਾ ਹੈ।
ਪਟਿਆਲਾ ਦੀ ਹੀ ਹਰਵਿੰਦਰ ਕੌਰ ਨੇ ਮੰਦਿਰ ‘ਚ ਚੱਲਦੇ ਧਾਰਮਿਕ ਭਜਨਾਂ ਦੀ ਗੱਲ ਕਰਦਿਆਂ ਕਿਹਾ ਕਿ ਅਧਿਆਤਮਕ ਮਾਹੌਲ ਸਿਰਜਿਆ ਗਿਆ ਸਭਨਾ ਨੂੰ ਮਾਤਾ ਦੀ ਭਗਤੀ ‘ਚ ਲੀਨ ਕਰਦਾ ਹੈ। ਪਾਤੜਾਂ ਤੋਂ ਆਏ ਸ਼ਰਧਾਲੂ ਗੋਬਿੰਦ ਸਿੰਘ ਨੇ ਕਿਹਾ ਕਿ ਉਹ ਦਿਵਿਆਂਗ ਹੋਣ ਕਰਕੇ ਚੱਲ ਨਹੀਂ ਸਕਦੇ ਤੇ ਉਨ੍ਹਾਂ ਲਈ ਸੇਵਾਦਾਰਾਂ ਨੇ ਤੁਰੰਤ ਵੀਲ੍ਹਚੇਅਰ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਮਾਤਾ ਦੇ ਦਰਸ਼ਨ ਕਰਵਾਏ।
ਪਿੰਡ ਭਾਦਸੋਂ ਤੋਂ ਪੁੱਜੀ ਗੁਰਪ੍ਰੀਤ ਕੌਰ ਨੇ ਸੁਰੱਖਿਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਸਤੈਦ ਸੁਰੱਖਿਆ ਮੁਲਾਜਮਾਂ ਤੇ ਸੀਸੀਟੀਵੀ ਕੈਮਰਿਆਂ ਕਰਕੇ ਕੋਈ ਮਾੜਾ ਅਨਸਰ ਮੰਦਿਰ ‘ਚ ਕੋਈ ਗ਼ਲਤ ਹਰਕਤ ਕਰਦਾ ਤੁਰੰਤ ਕਾਬੂ ‘ਚ ਆ ਜਾਵੇਗਾ। ਬਿਸ਼ਨ ਨਗਰ ਦੇ ਰਾਮ ਲਾਲ ਨੇ ਮੰਦਿਰ ‘ਚ ਹਵਨ ਕਰਵਾ ਕੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਕੀਤੀ ਪ੍ਰਾਰਥਨਾ ਬਾਰੇ ਦੱਸਦਿਆਂ ਕਿਹਾ ਕਿ ਮੰਦਿਰ ਪ੍ਰਬੰਧਕਾਂ ਤੇ ਪੁਜਾਰੀਆਂ ਵੱਲੋਂ ਹਵਨ ਦੇ ਪ੍ਰਬੰਧਾਂ ਨੂੰ ਦੇਖਕੇ ਉਨ੍ਹਾਂ ਨੂੰ ਬਹੁਤ ਤਸੱਲੀ ਹੋਈ ਹੈ।ਨਾਭਾ ਦੀ ਭਾਨੂੰਵਤੀ ਨੇ ਮੰਦਿਰ ਵਿਖੇ ਤਿੰਨ ਸਮੇਂ ਵਰਤਾਏ ਜਾਂਦੇ ਭੰਡਾਰੇ ‘ਚ ਲੰਗਰ ਛਕਦਿਆਂ ਲੰਗਰ ਦੀ ਗੁਣਵੱਤਾ ਦੀ ਸ਼ਲਾਘਾ ਕੀਤੀ। ਮੰਦਿਰ ਦੇ ਨਵੇਂ ਬਣੇ ਸਵਰੂਪ ਨਾਲ ਲੋਕ ਬਹੁਤ ਖੁਸ਼ ਹੋ ਕੇ ਫੋਟੋਆਂ ਖਿਚਵਾ ਰਹੇ ਹਨ।
ਇਸੇ ਦੌਰਾਨ ਸਲਾਹਕਾਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੀ.ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜ ਕੁਮਾਰ ਗੁਪਤਾ ਨੇ ਦੱਸਿਆ ਕਿ ਮੰਦਿਰ ‘ਚ ਸ਼ਰਧਾਲੂਆਂ ਵੱਲੋਂ ਦਰਸ਼ਨ ਕਰਨ ਲਈ ਲਾਇਨਾਂ, ਧਾਰਮਿਕ ਭਜਨ, ਹਵਨ, ਸੁਰੱਖਿਆ, ਲੰਗਰ, ਵੀਲ੍ਹ ਚੇਅਰ, 2 ਹੈਲਪ ਡੈਸਕ, ਸਾਫ਼-ਸਫ਼ਾਈ, ਸ਼ਰਧਾਲੂਆਂ ਲਈ ਲੋੜੀਂਦੀ ਜਾਣਕਾਰੀ ਦੀ ਅਨਾਊਂਸਮੈਂਟ, ਮੈਡੀਕਲ ਟੀਮ, ਲੋੜਵੰਦ ਸ਼ਰਧਾਲੂਆਂ ਲਈ ਵੀਲ੍ਹਚੇਅਰ ਦੇ ਵੀ ਪ੍ਰਬੰਧ ਹਨ।

