Punjab News : ਕੇਂਦਰੀ ਜਾਂਚ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਜੁੜੇ ਮਾਮਲੇ ਵਿੱਚ ਅੱਜ ਦੁਪਹਿਰ 2:30 ਵਜੇ ਸੈਕਟਰ 30 ਸਥਿਤ ਸੀ.ਬੀ.ਆਈ ਦਫ਼ਤਰ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੀ.ਬੀ.ਆਈ. ਵੱਲੋਂ ਰਾਜਬੀਰ ਸਿੰਘ ਘੁੰਮਣ ਅਤੇ ਪੰਜ ਹੋਰਨਾਂ ਖ਼ਿਲਫ਼ ਐੱਫ.ਆਈ.ਆਰ. ਦਰਜ ਕਰਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਸਮੇਤ ਅੱਠ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਅਤੇ ਤਲਾਸ਼ੀ ਅਭਿਆਨ ਚਲਾਉਣ ਤੋਂ ਬਾਅਦ ਸਾਹਮਣੇ ਆਈ ਹੈ। ਐੱਫ.ਆਈ.ਆਰ. ਵਿੱਚ ਨਾਮਜ਼ਦ ਹੋਰ ਵਿਅਕਤੀ ਨਿਤਨ ਗੋਹਲ, ਜਿਤਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦੇਵਿੰਦਰ ਅਤੇ ਆਰ.ਐੱਸ. ਨਾਗਰਾ ਹਨ।
ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਕਿ ਘੁੰਮਣ ਅੱਜ ਸੀ.ਬੀ.ਆਈ. ਅੱਗੇ ਪੇਸ਼ ਹੋਣਗੇ ਜਾਂ ਨਹੀਂ।ਜ਼ਿਕਰਯੋਗ ਹੈ ਕਿ ਸੀਬੀਆਈ ਨੇ ਲੰਘੇ ਦਿਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਠ ਥਾਵਾਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਸੀ। ਇਸ ਵਿੱਚ ਮੁੱਖ ਮੰਤਰੀ ਦਾ ਕੈਂਪ ਦਫ਼ਤਰ, ਸੰਗਰੂਰ ਦੇ ਪਿੰਡ ਘਰਾਚੋਂ ਸਥਿਤ ਘੁੰਮਣ ਦਾ ਘਰ ਅਤੇ ਮੁਹਾਲੀ ਦੇ ਫੇਜ਼ 11 ਵਿੱਚ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਦੀ ਰਿਹਾਇਸ਼ ਸ਼ਾਮਲ ਹੈ। ਇਸ ਤੋਂ ਇਲਾਵਾ ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ ਅਤੇ ਗੁਰਦਾਸਪੁਰ ਵਿੱਚ ਵੀ ਤਲਾਸ਼ੀ ਲਈ ਗਈ। ਇਹ ਛਾਪੇਮਾਰੀ ਸ਼ਾਮ 5:30 ਵਜੇ ਸ਼ੁਰੂ ਹੋ ਕੇ ਰਾਤ 11 ਵਜੇ ਤੱਕ ਜਾਰੀ ਰਹੀ। ਸੀਬੀਆਈ ਅਨੁਸਾਰ ਤਲਾਸ਼ੀ ਦੌਰਾਨ ਲੈਪਟਾਪ, ਮੋਬਾਈਲ ਫ਼ੋਨ ਅਤੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।

