ਪੰਜਾਬ ਦੇ ਇਸ ਜ਼ਿਲ੍ਹੇ ‘ਚ ਲੱਗੀਆਂ ਵੱਡੀਆਂ ਪਾਬੰਦੀਆਂ, 30 ਨਵੰਬਰ ਤੱਕ ਲਾਗੂ ਰਹਿਣਗੇ ਹੁਕਮ

Punjab News : ਜੇ ਤੁਸੀਂ ਮਾਨਸਾ ਜ਼ਿਲ੍ਹੇ ਵਿੱਚ ਰਹਿੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਜਨਤਕ ਥਾਵਾਂ ’ਤੇ ਇਕੱਠ, ਜਲੂਸ, ਨਾਅਰੇਬਾਜ਼ੀ ਅਤੇ ਹਥਿਆਰਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ।ਇੰਨਾ ਹੀ ਨਹੀਂ ਮੈਰਿਜ ਪੈਲੇਸ ਵਿੱਚ ਲਾਇਸੈਂਸੀ ਹਥਿਆਰ ਲੈ ਕੇ ਜਾਣ ’ਤੇ ਵੀ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ। ਤਾਂ ਆਓ ਜਾਣਦੇ ਹਾਂ ਮਾਨਸਾ ਜ਼ਿਲ੍ਹੇ ਵਿੱਚ ਜਾਰੀ ਕੀਤੇ ਗਏ ਇਨ੍ਹਾਂ ਨਵੇਂ ਹੁਕਮਾਂ ਵਿੱਚ ਕੀ ਕੁਝ ਬਦਲਿਆ ਹੈ ਅਤੇ ਕਿਨ੍ਹਾਂ ਲੋਕਾਂ ਨੂੰ ਇਸ ਦਾ ਧਿਆਨ ਰੱਖਣਾ ਹੋਵੇਗਾ। ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ, ਆਈ.ਏ.ਐੱਸ. ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਇਹ ਹੁਕਮ ਜਾਰੀ ਕੀਤੇ ਗਏ ਹਨ।

ਹੁਕਮਾਂ ਮੁਤਾਬਕ ਜਨਤਕ ਥਾਵਾਂ ’ਤੇ ਜਲੂਸ ਕੱਢਣ, ਨਾਅਰੇ ਲਗਾਉਣ, ਭੜਕਾਊ ਪ੍ਰਚਾਰ ਕਰਨ ਅਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਗੰਡਾਸੇ, ਤੇਜ਼ਧਾਰ ਟਕੂਏ, ਕੁਹਾੜੀਆਂ, ਵਿਸਫੋਟਕ ਸਮੱਗਰੀ ਅਤੇ ਹੋਰ ਘਾਤਕ ਹਥਿਆਰ ਜਾਂ ਅਸਲਾ ਲੈ ਕੇ ਚੱਲਣ ’ਤੇ ਵੀ ਰੋਕ ਰਹੇਗੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵੱਖ-ਵੱਖ ਜੱਥੇਬੰਦੀਆਂ ਜਾਂ ਆਮ ਲੋਕਾਂ ਵੱਲੋਂ ਰੋਸ ਪ੍ਰਦਰਸ਼ਨਾਂ ਦੇ ਸੱਦੇ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਅਤੇ ਆਮ ਜਨ-ਜੀਵਨ ਵਿੱਚ ਵਿਘਨ ਪੈਣ ਦਾ ਖ਼ਦਸ਼ਾ ਰਹਿੰਦਾ ਹੈ। ਇਸ ਦੇ ਨਾਲ ਹੀ ਜਨਤਕ ਸ਼ਾਂਤੀ ਭੰਗ ਹੋਣ ਅਤੇ ਸਰਕਾਰੀ ਜਾਂ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਣ ਦਾ ਵੀ ਡਰ ਰਹਿੰਦਾ ਹੈ। ਹਾਲਾਂਕਿ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠ ਸਬੰਧੀ ਇਹ ਹੁਕਮ ਹਰ ਥਾਂ ਲਾਗੂ ਨਹੀਂ ਹੋਵੇਗਾ। ਸੁਰੱਖਿਆ ਅਮਲਾ ਅਤੇ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮ ਇਸ ਤੋਂ ਬਾਹਰ ਰਹਿਣਗੇ। ਇਸ ਤੋਂ ਇਲਾਵਾ ਸਰਕਾਰੀ ਸਮਾਗਮਾਂ, ਵਿਆਹ-ਸ਼ਾਦੀਆਂ, ਧਾਰਮਿਕ ਅਤੇ ਮਾਤਮੀ ਸਮਾਗਮਾਂ ਦੇ ਨਾਲ-ਨਾਲ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਾਈ ਲਈ ਇਕੱਠੇ ਹੋਣ ਵਾਲੇ ਵਿਦਿਆਰਥੀਆਂ ’ਤੇ ਵੀ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ।

 

ਹੁਣ ਗੱਲ ਕਰਦੇ ਹਾਂ ਦੂਜੇ ਵੱਡੇ ਹੁਕਮ ਦੀ…

ਜ਼ਿਲ੍ਹਾ ਮਾਨਸਾ ਦੇ ਮੈਰਿਜ ਪੈਲੇਸਾਂ ਵਿੱਚ ਲਾਇਸੈਂਸੀ ਹਥਿਆਰ ਲੈ ਕੇ ਆਉਣ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਇਸ ਪਿੱਛੇ ਵਿਆਹ ਸਮਾਗਮਾਂ ਦੌਰਾਨ ਵਾਪਰਦੀਆਂ ਹਥਿਆਰਾਂ ਨਾਲ ਜੁੜੀਆਂ ਘਟਨਾਵਾਂ ਨੂੰ ਵੱਡਾ ਕਾਰਨ ਦੱਸਿਆ ਹੈ। ਹੁਕਮਾਂ ਮੁਤਾਬਕ ਕੁਝ ਲੋਕ ਵਿਆਹ ਸਮਾਗਮਾਂ ਵਿੱਚ ਆਪਣਾ ਲਾਇਸੈਂਸੀ ਅਸਲਾ ਨਾਲ ਲੈ ਕੇ ਆਉਂਦੇ ਹਨ ਅਤੇ ਕਈ ਵਾਰ ਸ਼ਰਾਬ ਪੀਣ ਤੋਂ ਬਾਅਦ ਹਥਿਆਰਾਂ ਦੀ ਦੁਰਵਰਤੋਂ ਹੋਣ ਦਾ ਖ਼ਤਰਾ ਬਣ ਜਾਂਦਾ ਹੈ। ਕਈ ਮਾਮਲਿਆਂ ਵਿੱਚ ਹਥਿਆਰ ਖੋਹ ਕੇ ਸਟੇਜ ’ਤੇ ਭੰਗੜਾ ਪਾਉਂਦੇ ਸਮੇਂ ਫਾਇਰਿੰਗ ਕਰਨ ਵਰਗੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ, ਜਿਸ ਨਾਲ ਮੌਜੂਦ ਲੋਕਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੁੰਦਾ ਹੈ। ਇਸੇ ਖ਼ਤਰੇ ਨੂੰ ਦੇਖਦਿਆਂ ਹੁਣ ਮੈਰਿਜ ਪੈਲੇਸਾਂ ਵਿੱਚ ਲਾਇਸੈਂਸੀ ਹਥਿਆਰ ਲਿਜਾਣ ’ਤੇ ਪੂਰੀ ਰੋਕ ਲਗਾਈ ਗਈ ਹੈ। ਇਹ ਹੁਕਮ 30 ਨਵੰਬਰ 2026 ਤੱਕ ਲਾਗੂ ਰਹੇਗਾ।

ਇੱਕ ਹੋਰ ਅਹਿਮ ਹੁਕਮ ਮਕਾਨ ਮਾਲਕਾਂ ਅਤੇ ਮਕਾਨਾਂ ਦੇ ਇੰਚਾਰਜ ਵਿਅਕਤੀਆਂ ਲਈ ਜਾਰੀ ਕੀਤਾ ਗਿਆ ਹੈ। ਹੁਣ ਮਕਾਨ ਮਾਲਕਾਂ ਨੂੰ ਆਪਣੇ ਕਿਰਾਏਦਾਰਾਂ ਦਾ ਨਾਮ ਅਤੇ ਪੂਰਾ ਵੇਰਵਾ ਆਪਣੇ ਇਲਾਕੇ ਦੇ ਥਾਣੇ ਜਾਂ ਪੁਲਸ ਚੌਂਕੀ ਵਿੱਚ ਦਰਜ ਕਰਵਾਉਣਾ ਹੋਵੇਗਾ। ਇਹ ਨਿਯਮ ਉਨ੍ਹਾਂ ਮਕਾਨਾਂ ’ਤੇ ਵੀ ਲਾਗੂ ਹੋਵੇਗਾ ਜੋ ਭਵਿੱਖ ਵਿੱਚ ਕਿਰਾਏ ’ਤੇ ਦਿੱਤੇ ਜਾਣਗੇ। ਪ੍ਰਸ਼ਾਸਨ ਮੁਤਾਬਕ ਸਮਾਜ ਵਿਰੋਧੀ ਅਨਸਰ ਕਿਰਾਏ ’ਤੇ ਮਕਾਨ ਲੈ ਕੇ ਗੈਰ-ਕਾਨੂੰਨੀ ਜਾਂ ਸਮਾਜ ਵਿਰੋਧੀ ਗਤੀਵਿਧੀਆਂ ਕਰ ਸਕਦੇ ਹਨ, ਜਿਸ ਨਾਲ ਲੋਕਾਂ ਦੀ ਜਾਨ-ਮਾਲ ਅਤੇ ਸਰਕਾਰੀ ਤੇ ਨਿੱਜੀ ਸੰਪਤੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਲਈ ਅਮਨ-ਕਾਨੂੰਨ ਨੂੰ ਕਾਇਮ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕਿਰਾਏਦਾਰਾਂ ਦਾ ਵੇਰਵਾ ਪੁਲਸ ਕੋਲ ਦਰਜ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਸੋ ਮਾਨਸਾ ਜ਼ਿਲ੍ਹੇ ਵਿੱਚ ਜਾਰੀ ਇਨ੍ਹਾਂ ਹੁਕਮਾਂ ਤਹਿਤ ਜਨਤਕ ਇਕੱਠ, ਹਥਿਆਰਾਂ ਦੀ ਵਰਤੋਂ, ਮੈਰਿਜ ਪੈਲੇਸਾਂ ਵਿੱਚ ਅਸਲਾ ਲਿਜਾਣ ਅਤੇ ਕਿਰਾਏਦਾਰਾਂ ਦੀ ਜਾਣਕਾਰੀ ਦਰਜ ਕਰਵਾਉਣ ਸਬੰਧੀ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜੇ ਤੁਸੀਂ ਮਾਨਸਾ ਜ਼ਿਲ੍ਹੇ ਵਿੱਚ ਰਹਿੰਦੇ ਹੋ ਤਾਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ।

Related Post