ਘਮਰੌਦਾ ਤੇ ਮੰਡੌਰ ’ਚ ਗੰਦੇ ਪਾਣੀ ਦੀ ਸਮੱਸਿਆ ਦਾ ਹੋਵੇਗਾ ਹੱਲ: ਡਾ. ਬਲਬੀਰ ਸਿੰਘ
2.5 ਕਰੋੜ ਦੀ ਲਾਗਤ ਨਾਲ ਮੰਡੌਰ ਅਤੇ 1 ਕਰੋੜ ਨਾਲ ਘਮਰੌਦਾ ’ਚ ਸੈਨੀਟੇਸ਼ਨ ਕਾਰਜ ਸ਼ੁਰੂ
ਘਮਰੌਦਾ ਤੇ ਮੰਡੌਰ ਪਿੰਡਾਂ ‘ਚ ਬਣਾਏ ਜਾਣਗੇ ਮਾਡਲ ਵਾਤਾਵਰਨ ਪਾਰਕ: ਡਾ. ਬਲਬੀਰ ਸਿੰਘ


24 ਘੰਟੇ ਬਿਜਲੀ ਸਪਲਾਈ ਨਾਲ ਹਿਆਣਾ ਕਲਾਂ ਨੂੰ ਵੀ ਮਿਲੀ ਵੱਡੀ ਸਹੂਲਤ
ਪਟਿਆਲਾ, 28 ਸਤੰਬਰ : ਅਨੁਰਾਗ ਸ਼ਰਮਾ
ਪਟਿਆਲਾ ਦਿਹਾਤੀ ਵਿੱਚ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਦਿੰਦਿਆ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡ ਘਮਰੌਦਾ ਅਤੇ ਮੰਡੌਰ ਵਿਖੇ ਸੈਨੀਟੇਸ਼ਨ ਅਤੇ ਛੱਪੜਾਂ ਦੇ ਨਵੀਨੀਕਰਨ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰ. ਦਮਨਜੀਤ ਸਿੰਘ ਮਾਨ ਅਤੇ ਐੱਸ.ਡੀ.ਐੱਮ. ਨਾਭਾ ਸ੍ਰ. ਰਵਿੰਦਰਪਾਲ ਸਿੰਘ ਸੋਮਲ ਵੀ ਮੌਜੂਦ ਸਨ।
ਇਸ ਤੋਂ ਇਲਾਵਾ ਡਾ. ਬਲਬੀਰ ਸਿੰਘ ਨੇ ਪਿੰਡ ਹਿਆਣਾ ਕਲਾਂ ਵਿਖੇ 24 ਘੰਟੇ ਬਿਜਲੀ ਸਪਲਾਈ ਦੀ ਸ਼ੁਰੂਆਤ ਵੀ ਕਰਵਾਈ। ਉਨ੍ਹਾਂ ਦੱਸਿਆ ਕਿ ਮੰਡੌਰ ਵਿਖੇ ਲਗਭਗ 2.5 ਕਰੋੜ ਰੁਪਏ ਅਤੇ ਘਮਰੌਦਾ ਵਿਖੇ 1 ਕਰੋੜ ਰੁਪਏ ਦੀ ਲਾਗਤ ਨਾਲ ਸੈਨੀਟੇਸ਼ਨ ਅਤੇ ਛੱਪੜਾਂ ਦੇ ਨਵੀਨੀਕਰਨ ਦੇ ਕੰਮ ਸ਼ੁਰੂ ਕੀਤੇ ਗਏ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਪਿੰਡਾਂ ਵਿੱਚ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦੇ ਨਾਲ-ਨਾਲ ਪਾਣੀ ਨੂੰ ਸਾਫ਼ ਕਰਕੇ ਇਸ ਦੀ ਸੁਚੱਜੀ ਮੁੜ ਵਰਤੋਂ ਅਤੇ ਪਿੰਡਾਂ ਦੇ ਵਾਤਾਵਰਨ ਨੂੰ ਬਿਹਤਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਘਮਰੌਦਾ ਅਤੇ ਮੰਡੌਰ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਦੋਵਾਂ ਪਿੰਡਾਂ ਵਿੱਚ ਗੰਦੇ ਪਾਣੀ ਦੀ ਸਮੱਸਿਆ ਲੰਮੇ ਸਮੇਂ ਤੋਂ ਲੋਕਾਂ ਲਈ ਮੁਸ਼ਕਲ ਦਾ ਕਾਰਨ ਬਣੀ ਹੋਈ ਸੀ। ਇਸ ਦੇ ਹੱਲ ਲਈ ਆਧੁਨਿਕ ਸੀਵਰੇਜ ਟ੍ਰੀਟਮੈਂਟ ਪ੍ਰਣਾਲੀ ਵਿਕਸਤ ਕੀਤੀ ਜਾ ਰਹੀ ਹੈ, ਜਿਸ ਤਹਿਤ ਗੰਦੇ ਪਾਣੀ ਨੂੰ ਵੱਖ-ਵੱਖ ਪੜਾਵਾਂ ਵਿੱਚੋਂ ਲੰਘਾ ਕੇ ਸਾਫ਼ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਘਮਰੌਦਾ ਪਿੰਡ ਵਿੱਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਕਾਰਨ ਲਗਭਗ ਸਾਢੇ ਚਾਰ ਏਕੜ ਰਕਬੇ ਵਿੱਚ ਗੰਦਗੀ ਅਤੇ ਬਦਬੂ ਦੀ ਸਮੱਸਿਆ ਪੈਦਾ ਹੋ ਰਹੀ ਸੀ। ਹੁਣ ਇੱਥੇ ਆਧੁਨਿਕ ਤਕਨੀਕ ਰਾਹੀਂ ਸੀਵਰੇਜ ਦੇ ਪਾਣੀ ਨੂੰ ਟ੍ਰੀਟ ਕਰਨ ਲਈ ਚੈਂਬਰ ਬਣਾਏ ਜਾ ਰਹੇ ਹਨ। ਇਸ ਪ੍ਰਾਜੈਕਟ ਲਈ ਆਈ.ਆਈ.ਟੀ. ਰੋਪੜ ਦੀ ਤਕਨੀਕੀ ਸਹਾਇਤਾ ਵੀ ਲਈ ਜਾ ਰਹੀ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਟ੍ਰੀਟਮੈਂਟ ਤੋਂ ਬਾਅਦ ਪਾਣੀ ਦੀ ਮੁੜ ਵਰਤੋਂ ਕੀਤੀ ਜਾ ਸਕੇਗੀ ਅਤੇ ਇਸ ਵਿੱਚ ਮੱਛੀ ਪਾਲਣ ਵਰਗੀਆਂ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਮੱਛੀ ਪਾਲਣ ਤੋਂ ਹੋਣ ਵਾਲੀ ਆਮਦਨ ਪੰਚਾਇਤ ਦੇ ਖਾਤੇ ਵਿੱਚ ਜਾਵੇਗੀ, ਜਿਸ ਨਾਲ ਪ੍ਰਾਜੈਕਟ ਦੀ ਦੇਖ-ਰੇਖ ਅਤੇ ਰੱਖ-ਰਖਾਅ ਲਈ ਲੋੜੀਂਦੇ ਮਨੁੱਖੀ ਸਰੋਤਾਂ ਦਾ ਪ੍ਰਬੰਧ ਕੀਤਾ ਜਾ ਸਕੇਗਾ।
ਸਿਹਤ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਸਿਰਫ਼ ਗੰਦੇ ਪਾਣੀ ਦੇ ਨਿਪਟਾਰੇ ਤੱਕ ਸੀਮਤ ਨਹੀਂ ਰੱਖਿਆ ਜਾ ਰਿਹਾ, ਸਗੋਂ ਇਨ੍ਹਾਂ ਨੂੰ ਮਾਡਲ ਵਾਤਾਵਰਨ ਪਾਰਕਾਂ ਵਜੋਂ ਵਿਕਸਤ ਕਰਨ ਦੀ ਯੋਜਨਾ ਹੈ। ਇਨ੍ਹਾਂ ਥਾਵਾਂ ’ਤੇ ਨਾਨਕ ਬਗੀਚੀ, ਪੌਦੇ ਲਗਾਉਣ, ਵਿਰਾਸਤੀ ਰੁੱਖਾਂ ਦੀ ਸੰਭਾਲ ਅਤੇ ਬਟਰਫਲਾਈ ਪਾਰਕ ਵਰਗੀਆਂ ਗਤੀਵਿਧੀਆਂ ਵਿਕਸਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ’ਤੇ ਪੁਰਾਣੀਆਂ ਅਤੇ ਵਿਰਾਸਤੀ ਕਿਸਮਾਂ ਦੇ ਰੁੱਖ ਲਗਾਉਣ ਨੂੰ ਤਰਜੀਹ ਦਿੱਤੀ ਜਾਵੇਗੀ, ਤਾਂ ਜੋ ਪਿੰਡਾਂ ਦੀ ਕੁਦਰਤੀ ਵਿਰਾਸਤ ਨੂੰ ਸੰਭਾਲਿਆ ਜਾ ਸਕੇ। ਇਸ ਦੇ ਨਾਲ ਹੀ ਮਨਰੇਗਾ ਅਤੇ ਹੋਰ ਉਪਲਬਧ ਸਰੋਤਾਂ ਰਾਹੀਂ ਪੌਦੇ ਲਗਾਉਣ ਅਤੇ ਪਾਰਕਾਂ ਦੀ ਸੰਭਾਲ ਲਈ ਪਿੰਡ ਦੇ ਲੋਕਾਂ ਨੂੰ ਜੋੜਿਆ ਜਾਵੇਗਾ, ਜਿਸ ਨਾਲ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡ ਵਾਸੀ ਮੌਜੂਦ ਸਨ।

