ਪਟਿਆਲਾ ਨਿਗਮ ਚੋਣਾਂ ‘ਚ ਹੇਰਾਫੇਰੀ ਦਾ ਹੋਇਆ ਖੁਲਾਸਾ, ਫੈਕਟ ਫਾਈਂਡਿੰਗ ਕਮੇਟੀ ਦੀ ਅੰਤਿਮ ਰਿਪੋਰਟ ਸੁਪਰੀਮ ਕੋਰਟ ‘ਚ ਪੇਸ਼, ਜੈ ਇੰਦਰ ਕੌਰ ਨੇ ਦੱਸਿਆ ਸੱਚਾਈ ਦੀ ਜਿੱਤ
ਮੁਰਦਿਆਂ ਦੇ ਨਾਂ ‘ਤੇ ਵੋਟਾਂ ਪਵਾ ਕੇ ਜਿੱਤੇ ‘ਆਪ’ ਨੇਤਾ, ਜਸਟਿਸ ਨਿਰਮਲਜੀਤ ਕੌਰ ਕਮੇਟੀ ਦੀ ਰਿਪੋਰਟ ‘ਚ ਆਮ ਆਦਮੀ ਪਾਰਟੀ ਦੀ ਹੇਰਾਫੇਰੀ ਦੇ ਹੋਏ ਸਬੂਤ ਜਨਤਕ

ਪਟਿਆਲਾ MC ਚੋਣਾਂ, ‘ਆਪ’ ਦੀ ਗੁੰਡਾਗਰਦੀ ਅਤੇ ਹੇਰਾਫੇਰੀ ਵਿਰੁੱਧ ਜੈ ਇੰਦਰ ਕੌਰ ਦੀ ਵੱਡੀ ਜਿੱਤ, ਅਦਾਲਤ ਤੋਂ ਦੁਬਾਰਾ ਚੋਣਾਂ ਕਰਵਾਉਣ ਦੀ ਮੰਗ”
ਪਟਿਆਲਾ , 17 ਅਗਸਤ 2026 , ਅਨੁਰਾਗ ਸ਼ਰਮਾ,
ਦਸੰਬਰ 2020 ਵਿੱਚ ਹੋਈਆਂ ਪਟਿਆਲਾ ਕਾਰਪੋਰੇਸ਼ਨ ਚੋਣਾਂ ਦੌਰਾਨ ਹੋਈ ਬਹੁਤ ਵੱਡੀ ਧੱਕੇਸ਼ਾਹੀ, ਹੇਰਾਫੇਰੀ ਅਤੇ ਲੋਕਤੰਤਰ ਦੇ ਘਾਣ ਵਿਰੁੱਧ ਪਟਿਆਲਾ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਦੇ ਸੰਘਰਸ਼ ਅਤੇ ਮਿਹਨਤ ਸਦਕਾ ਮਾਣਯੋਗ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ‘ਤੇ ਨੋਟਿਸ ਲੈਂਦਿਆਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਸਟਿਸ ਨਿਰਮਲਜੀਤ ਕੌਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ‘ਫੈਕਟ ਫਾਈਂਡਿੰਗ ਕਮੇਟੀ’ ਦਾ ਗਠਨ ਕੀਤਾ ਗਿਆ ਸੀ।
ਹਰ ਪੱਖ ਤੋਂ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ, ਅੱਜ ਫੈਕਟ ਫਾਈਂਡਿੰਗ ਕਮੇਟੀ ਨੇ ਆਪਣੀ ਅੰਤਿਮ ਰਿਪੋਰਟ ਮਾਣਯੋਗ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਨਾਲ ਇਹ ਪੂਰੀ ਤਰ੍ਹਾਂ ਸਾਫ਼ ਤੇ ਸਪੱਸ਼ਟ ਹੋ ਗਿਆ ਹੈ ਕਿ ਪਟਿਆਲਾ ਕਾਰਪੋਰੇਸ਼ਨ ਚੋਣਾਂ ਵਿੱਚ ਵੱਡੇ ਪੱਧਰ ‘ਤੇ ਧੱਕੇਸ਼ਾਹੀ, ਪ੍ਰਸ਼ਾਸਨਿਕ ਦੁਰਵਰਤੋਂ, ਨਾਮਜ਼ਦਗੀ ਫਾਰਮਾਂ ਵਿੱਚ ਹੇਰਾਫੇਰੀ ਅਤੇ ਜਾਅਲੀ ਵੋਟਿੰਗ ਕੀਤੀ ਗਈ ਸੀ।
ਇਸ ਮਾਮਲੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਕਿਹਾ, “ਅੱਜ ਸੱਚਾਈ ਦੀ ਜਿੱਤ ਹੋਈ ਹੈ ਅਤੇ ਲੋਕਤੰਤਰ ਵਿੱਚ ਆਮ ਲੋਕਾਂ ਦਾ ਵਿਸ਼ਵਾਸ ਬਹਾਲ ਹੋਇਆ ਹੈ, ਨਾਮਜ਼ਦਗੀ ਪ੍ਰਕਿਰਿਆ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਔਰਤਾਂ ਨਾਲ ਧੱਕੇਸ਼ਾਹੀ ਕੀਤੀ ਗਈ, ਫਾਰਮ ਫਾੜੇ ਗਏ ਅਤੇ ਬਦਸਲੂਕੀ ਕਰਦਿਆਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਅਸੀਂ ਸਾਰੇ ਮਾਣਯੋਗ ਸੁਪਰੀਮ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਧੱਕੇਸ਼ਾਹੀ ਵਿਰੁੱਧ ਸਾਡੀ ਆਵਾਜ਼ ਸੁਣੀ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦਿੱਤੇ।”
ਰਿਪੋਰਟ ਵਿੱਚ ਸਾਹਮਣੇ ਆਏ ਮੁੱਖ ਤੱਥ, ਫੈਕਟ ਫਾਈਂਡਿੰਗ ਕਮੇਟੀ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ‘ਆਮ ਆਦਮੀ ਪਾਰਟੀ’ ਦੇ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜਿਤਾਉਣ ਲਈ ਵਾਰਡ ਨੰਬਰ 01, 12, 32, 33, 36, 41, 43, 44, 45, 48, 50, 51 ਅਤੇ 52 ਵਿੱਚ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜ਼ਬਰਦਸਤੀ ਰੋਕੇ ਗਏ ਜਾਂ ਗਲਤ ਤਰੀਕੇ ਨਾਲ ਰੱਦ ਕੀਤੇ ਗਏ। ਇਸ ਤੋਂ ਇਲਾਵਾ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਵਾਰਡ ਨੰਬਰ 04, 06, 14, 16, 22, 26, 28, 37, 38, 40, 46, 53, 55 ਅਤੇ 57 ਵਿੱਚ ਉਮੀਦਵਾਰਾਂ ਨੂੰ ਗੁੰਡਾਗਰਦੀ ਦੇ ਜ਼ੋਰ ‘ਤੇ ਰੋਕ ਕੇ ਨਾਮਜ਼ਦਗੀ ਫਾਰਮ ਭਰਨ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ। ਇੰਨਾ ਹੀ ਨਹੀਂ, ਵਾਰਡ ਨੰਬਰ 34 ਵਿੱਚ 25 ਜਾਅਲੀ ਵੋਟਾਂ ਦੇ ਨਾਲ-ਨਾਲ 7 ਮ੍ਰਿਤਕ ਵਿਅਕਤੀਆਂ ਦੇ ਨਾਂ ‘ਤੇ ਵੋਟਾਂ ਪਵਾਉਣ ਦੀ ਪੁਸ਼ਟੀ ਹੋਈ ਹੈ, ਜਦਕਿ ਵਾਰਡ ਨੰਬਰ 15 ਅਤੇ 58 ਵਿੱਚ ਵੱਡੇ ਪੱਧਰ ‘ਤੇ ਜਾਲੀ ਵੋਟਿੰਗ ਕੀਤੀ ਗਈ, ਜਿੱਥੇ ਇਕੱਲੇ ਵਾਰਡ ਨੰਬਰ 58 ਵਿੱਚ ਹੀ 150 ਤੋਂ ਵੱਧ ਜਾਅਲੀ ਵੋਟਿੰਗ ਦੇ ਮਾਮਲੇ ਪਾਏ ਗਏ ਹਨ।
ਜੈ ਇੰਦਰ ਕੌਰ ਨੇ ਕਿਹਾ ਕਿ ਫੈਕਟ ਫਾਈਂਡਿੰਗ ਕਮੇਟੀ ਦੇ ਇਹਨਾਂ ਹੈਰਾਨਕੁਨ ਤੱਥਾਂ ਤੋਂ ਬਾਅਦ ਹੁਣ ਪੂਰੀ ਉਮੀਦ ਹੈ ਕਿ ਮਾਣਯੋਗ ਅਦਾਲਤ ਵੱਲੋਂ ਇਨ੍ਹਾਂ ਹੇਰਾਫੇਰੀਆਂ ਦਾ ਗੰਭੀਰ ਨੋਟਿਸ ਲਿਆ ਜਾਵੇਗਾ। ਧੱਕੇਸ਼ਾਹੀ, ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਅਤੇ ਹੇਰਾਫੇਰੀ ਕਰਕੇ ਬਣੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਤੁਰੰਤ ਬਰਖਾਸਤ ਕੀਤਾ ਜਾਵੇਗਾ ਅਤੇ ਪਟਿਆਲਾ ਨਿਗਮ ਦੀਆਂ ਚੋਣਾਂ ਨਿਰਪੱਖ ਤਰੀਕੇ ਨਾਲ ਦੁਬਾਰਾ ਕਰਵਾਈਆਂ ਜਾਣਗੀਆਂ।
