“ਕਾਕਰੋਚ ਜਨਤਾ ਪਾਰਟੀ” ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਮੁਹਿੰਮ

National News : ਭਾਰਤੀ ਸਿਆਸਤ ਵਿੱਚ ਇਸ ਵੇਲੇ ਇੱਕ ਨਵਾਂ ਡਿਜੀਟਲ ਤੂਫ਼ਾਨ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਉਭਰੀ “ਕਾਕਰੋਚ ਜਨਤਾ ਪਾਰਟੀ” ਨੇ ਆਪਣੇ ਪਹਿਲੇ ਵੱਡੇ ਐਲਾਨ ਨਾਲ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ। ਇਸ ਡਿਜੀਟਲ ਮੁਹਿੰਮ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਲੋਕਾਂ ਨੂੰ ਸਿੱਧੀ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਕੋਲ ਭ੍ਰਿਸ਼ਟਾਚਾਰ ਨਾਲ ਜੁੜੇ ਸਬੂਤ ਹਨ, ਤਾਂ ਉਹ ਉਨ੍ਹਾਂ ਨੂੰ ਭੇਜਣ। ਇਸ ਵਿੱਚ ਭ੍ਰਿਸ਼ਟ ਅਧਿਕਾਰੀਆਂ ਦੇ ਨਾਮ, ਦਸਤਾਵੇਜ਼, ਫੋਟੋਆਂ, ਵੀਡੀਓ ਅਤੇ ਸੰਬੰਧਿਤ ਵਿਭਾਗਾਂ ਦੀ ਜਾਣਕਾਰੀ ਸ਼ਾਮਲ ਕਰਨ ਦੀ ਗੱਲ ਕਹੀ ਗਈ ਹੈ। ਇਸ ਅਪੀਲ ਤੋਂ ਬਾਅਦ ਸਿਸਟਮ ਦੇ ਅੰਦਰ ਹਲਚਲ ਤੇਜ਼ ਹੋ ਗਈ ਹੈ ਅਤੇ ਸੋਸ਼ਲ ਮੀਡੀਆ ‘ਤੇ ਇਸ ਮੁਹਿੰਮ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ।

ਇਸ ਸਾਰੀ ਚਰਚਾ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਚੀਫ਼ ਜਸਟਿਸ ਸੂਰਿਆ ਕਾਂਤ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਬਾਰੇ ਕੀਤੀ ਗਈ ਇੱਕ ਟਿੱਪਣੀ ਤੋਂ ਬਾਅਦ ਇਹ ਪਲੇਟਫਾਰਮ ਅਚਾਨਕ ਵਾਇਰਲ ਹੋ ਗਿਆ। ਸਿਰਫ਼ ਕੁਝ ਦਿਨਾਂ ਵਿੱਚ ਹੀ ਇਸਦੇ ਫਾਲੋਅਰਜ਼ ਦੀ ਗਿਣਤੀ ਰਿਕਾਰਡ ਪੱਧਰ ‘ਤੇ ਪਹੁੰਚ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਪਲੇਟਫਾਰਮ ਨੇ ਇੰਸਟਾਗ੍ਰਾਮ ‘ਤੇ ਦੇਸ਼ ਦੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ ਇਸਦਾ ਪੁਰਾਣਾ ਹੈਂਡਲ ਭਾਰਤ ਵਿੱਚ ਬੈਨ ਕੀਤਾ ਗਿਆ ਸੀ, ਪਰ ਵਿਦੇਸ਼ਾਂ ਵਿੱਚ ਇਹ ਅਜੇ ਵੀ ਕਾਫ਼ੀ ਸਰਗਰਮ ਹੈ।

ਇਹ ਡਿਜੀਟਲ ਮੁਹਿੰਮ ਸਿਰਫ਼ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਆਵਾਜ਼ ਨਹੀਂ ਉਠਾ ਰਹੀ, ਸਗੋਂ ਦੇਸ਼ ਦੇ ਮੌਜੂਦਾ ਪੋਲੀਟੀਕਲ ਸਿਸਟਮ ‘ਤੇ ਵੀ ਸਵਾਲ ਖੜ੍ਹੇ ਕਰ ਰਹੀ ਹੈ। ਪਾਰਟੀ ਦਾ ਕਹਿਣਾ ਹੈ ਕਿ ਸਾਲਾਂ ਤੋਂ ਰਾਜਨੀਤੀ ਧਰਮ ਅਤੇ ਧ੍ਰੁਵੀਕਰਨ ਦੇ ਮੁੱਦਿਆਂ ਤੱਕ ਸੀਮਿਤ ਰਹੀ ਹੈ, ਜਦੋਂ ਕਿ ਅਸਲ ਚਰਚਾ ਰੁਜ਼ਗਾਰ, ਕੁਆਲਿਟੀ ਐਜੂਕੇਸ਼ਨ, ਉਦਯੋਗ ਅਤੇ ਕਲੀਨ ਐਨਰਜੀ ਵਰਗੇ ਮੁੱਦਿਆਂ ‘ਤੇ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਪਾਰਟੀ ਨੇ ਨੌਜਵਾਨਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨ, ਸਿਸਟਮ ਦੀ ਜਵਾਬਦੇਹੀ ਤੈਅ ਕਰਨ ਅਤੇ ਨਿਆਂਪਾਲਿਕਾ ਤੇ ਚੋਣ ਕਮਿਸ਼ਨ ਵਰਗੀਆਂ ਲੋਕਤੰਤਰਕ ਸੰਸਥਾਵਾਂ ਦੀ ਆਜ਼ਾਦੀ ਨੂੰ ਬਹਾਲ ਕਰਨ ਨੂੰ ਆਪਣੇ ਮੁੱਖ ਟੀਚਿਆਂ ਵਿੱਚ ਸ਼ਾਮਲ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਡਿਜੀਟਲ ਲਹਿਰ ਸਿਰਫ਼ ਸੋਸ਼ਲ ਮੀਡੀਆ ਤੱਕ ਸੀਮਿਤ ਰਹਿੰਦੀ ਹੈ ਜਾਂ ਭਾਰਤੀ ਸਿਆਸਤ ਵਿੱਚ ਕੋਈ ਵੱਡਾ ਬਦਲਾਅ ਲਿਆਉਂਦੀ ਹੈ।

Related Post