Punjab News : ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਨੂੰ ਲੈ ਕੇ ਚਿੰਤਾ ਲਗਾਤਾਰ ਵੱਧਦੀ ਜਾ ਰਹੀ ਹੈ। ਸੂਬੇ ਦੇ ਕਈ ਪੈਟਰੋਲ ਪੰਪਾਂ ‘ਤੇ ਤੇਲ ਦਾ ਸਟਾਕ ਖ਼ਤਮ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਘਬਰਾਹਟ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਥਿਤੀ ਦੀ ਪੁਸ਼ਟੀ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ, ਯਾਨੀ PPDAP ਵੱਲੋਂ ਕੀਤੀ ਗਈ ਹੈ। ਐਸੋਸੀਏਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਯਕੀਨੀ ਬਣਾਈ ਜਾਵੇ, ਤਾਂ ਜੋ ਹਾਲਾਤ ਹੋਰ ਨਾ ਵਿਗੜਣ।
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਸਮੇਂ ਸਿਰ ਸਪਲਾਈ ਨਹੀਂ ਭੇਜ ਰਹੀਆਂ। ਇਸ ਕਾਰਨ ਕਈ ਪੰਪਾਂ ‘ਤੇ ਸਟਾਕ ਲਗਭਗ ਖ਼ਤਮ ਹੋ ਚੁੱਕਾ ਹੈ। ਡੀਲਰਾਂ ਦਾ ਦੋਸ਼ ਹੈ ਕਿ ਜਦੋਂ ਉਹ ਕੰਪਨੀਆਂ ਨਾਲ ਸੰਪਰਕ ਕਰਦੇ ਹਨ ਤਾਂ ਉਨ੍ਹਾਂ ਨੂੰ ਆਮ ਪੈਟਰੋਲ ਦੀ ਥਾਂ ਪ੍ਰੀਮੀਅਮ ਪੈਟਰੋਲ ਖਰੀਦਣ ਲਈ ਕਿਹਾ ਜਾਂਦਾ ਹੈ, ਜਿਸ ਦੀ ਕੀਮਤ ਆਮ ਪੈਟਰੋਲ ਨਾਲੋਂ ਕਰੀਬ 10 ਰੁਪਏ ਵੱਧ ਹੈ। ਡੀਲਰਾਂ ਮੁਤਾਬਕ ਇਸ ਦਾ ਸਿੱਧਾ ਬੋਝ ਆਮ ਲੋਕਾਂ ਦੀ ਜੇਬ ‘ਤੇ ਪਵੇਗਾ।
ਪੱਤਰ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਸਭ ਤੋਂ ਵੱਧ ਮੁਸ਼ਕਲ ਹਿੰਦੁਸਤਾਨ ਪੈਟਰੋਲੀਅਮ ਅਤੇ ਭਾਰਤ ਪੈਟਰੋਲੀਅਮ ਦੇ ਪੰਪਾਂ ‘ਤੇ ਵੇਖੀ ਜਾ ਰਹੀ ਹੈ। ਉਨ੍ਹਾਂ ਦੇ ਕਈ ਆਉਟਲੈਟਸ ‘ਤੇ ਡ੍ਰਾਈ-ਆਊਟ ਦੀ ਸਥਿਤੀ ਬਣ ਰਹੀ ਹੈ, ਖ਼ਾਸ ਕਰਕੇ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਵੱਡੀ ਦਿਕ਼ਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਇੰਡੀਅਨ ਆਇਲ ਕੁਝ ਹੱਦ ਤੱਕ ਸਥਿਤੀ ਨੂੰ ਸੰਭਾਲਦਾ ਨਜ਼ਰ ਆ ਰਿਹਾ ਹੈ। ਡੀਲਰਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਕੈਸ਼-ਐਂਡ-ਕੈਰੀ ਮਾਡਲ ਅਧੀਨ ਪਹਿਲਾਂ ਹੀ ਐਡਵਾਂਸ ਭੁਗਤਾਨ ਕਰ ਰਹੇ ਹਨ, ਫਿਰ ਵੀ ਸਪਲਾਈ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ। ਹੁਣ ਸਭ ਦੀ ਨਜ਼ਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ‘ਤੇ ਟਿਕੀ ਹੋਈ ਹੈ ਕਿ ਕੀ ਦੋਵੇਂ ਮਿਲ ਕੇ ਇਸ ਸੰਕਟ ਦਾ ਕੋਈ ਪੱਕਾ ਹੱਲ ਕੱਢ ਸਕਣਗੇ ਜਾਂ ਨਹੀਂ।

