ਰਾਹੁਲ ਗਾਂਧੀ ਆਉਣਗੇ ਪਟਿਆਲਾ, ਡਾਕਟਰ ਗਾਂਧੀ ਦੇ ਹੱਕ ‘ਚ ਕਰਨਗੇ ‘ਨਿਆਂ ਮਹਾਂ ਰੈਲੀ’
ਡਾ: ਗਾਂਧੀ ਦੇ ਕਦਮ ਵੱਡੀ ਜਿੱਤ ਵੱਲ : ਪ੍ਰਿਯੰਕਾ ਗਾਂਧੀ ਮਗਰੋਂ ਰਾਹੁਲ ਗਾਂਧੀ ਵੀ ਪੁੱਜਣਗੇ ਪਟਿਆਲਾ
ਡਾ: ਗਾਂਧੀ ਨੂੰ ਵੱਡੀ ਲੀਡ ਨਾਲ਼ ਜਿਤਾਉਣ ਲਈ ਕਾਂਗਰਸ ਪੱਬਾਂ ਭਾਰ,ਪ੍ਰਿਯੰਕਾ ਗਾਂਧੀ ਮਗਰੋਂ ਰਾਹੁਲ ਗਾਂਧੀ ਵੀ ਕਰਨਗੇ ਪਟਿਆਲਾ ‘ਚ ‘ਨਿਆਂ ਮਹਾਂ ਰੈਲੀ’
ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਸਮਾਣਾ ਵਿਖੇ ਕਈ ਵੱਡੀਆਂ ਚੋਣ ਬੈਠਕਾਂ ਨੂੰ ਸੰਬੋਧਨ ਕੀਤਾ ਜਿੱਥੇ ਉਹਨਾਂ ਨਾਲ਼ ਹਲਕਾ ਇੰਚਾਰਜ ਰਜਿੰਦਰ ਸਿੰਘ ਵੀ ਮੌਜੂਦ ਰਹੇ।
ਇਸ ਮੌਕੇ ਡਾਕਟਰ ਧਰਮਵੀਰ ਗਾਂਧੀ ਨੇ ਬੋਲਦਿਆਂ ਦੱਸਿਆ ਕਿ 29 ਮਈ ਨੂੰ ਦੁਪਹਿਰ ਢਾਈ ਵਜੇ ਸ਼੍ਰੀ ਰਾਹੁਲ ਗਾਂਧੀ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ‘ ਨਿਆਂ ਮਹਾਂ ਰੈਲੀ ‘ ਨੂੰ ਸੰਬੋਧਨ ਕਰਨਗੇ।
ਜ਼ਿਕਰਯੋਗ ਹੈ ਕਿ ਰਾਏਬਰੇਲੀ ਅਤੇ ਅਮੇਠੀ ਤੋਂ ਬਾਅਦ ਪਟਿਆਲਾ ਅਜਿਹੀ ਪਹਿਲੀ ਸੀਟ ਹੈ ਜਿੱਥੇ ਕਾਂਗਰਸ ਦੀ ਸਿਖ਼ਰਲੀ ਲੀਡਰਸ਼ਿਪ ‘ਚੋਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੋਵੇਂ ਪ੍ਰਚਾਰ ਕਰਨ ਲਈ ਪੁੱਜ ਰਹੇ ਹਨ। ਇਸਤੋਂ ਸਾਫ਼ ਜ਼ਾਹਿਰ ਹੈ ਕਿ ਕਾਂਗਰਸ ਪਾਰਟੀ ਇਹ ਸੀਟ ਮਹਿਜ਼ ਜਿੱਤਣਾ ਹੀ ਨਹੀਂ ਚਾਹੁੰਦੀ ਸਗੋਂ ਵੱਡੀ ਲੀਡ ਨਾਲ਼ ਜਿੱਤ ਯਕੀਨੀ ਬਣਾਉਣ ਵੱਲ ਤੁਰ ਪਈ ਹੈ।
ਡਾ: ਗਾਂਧੀ ਨੇ ਕਿਹਾ ਕਿ ਆਉਣ ਵਾਲ਼ੀ ਚਾਰ ਜੂਨ ਨੂੰ ਦੇਸ਼ ‘ਚੋਂ ਭਾਜਪਾ ਸਰਕਾਰ ਜਾ ਰਹੀ ਹੈ ਅਤੇ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਇਸਤੋਂ ਬਾਅਦ ਜੋ ਕਾਂਗਰਸ ਦੀ ਅਗਵਾਈ ਵਾਲ਼ੀ ਸਰਕਾਰ ਬਣੇਗੀ, ਉਹ ਅੰਬਾਨੀ ਅਦਾਨੀ ਦੇ ਨਹੀਂ ਸਗੋਂ ਲੋਕਾਂ ਦੇ ਹੱਕ ਵਿੱਚ ਫ਼ੈਸਲੇ ਕਰੇਗੀ ਜੋਕਿ ਕ੍ਰਾਂਤੀਕਾਰੀ ਫ਼ੈਸਲੇ ਹੋਣਗੇ। ਕਾਂਗਰਸ ਪਾਰਟੀ ਦਾ ਨਿਆਂ ਪੱਤਰ ਸਾਡੇ ਵੱਲੋਂ ਲਏ ਜਾਣ ਵਾਲ਼ੇ ਫ਼ੈਸਲਿਆਂ ਦੀ ਗਵਾਹੀ ਭਰਦਾ ਹੈ।
ਡਾ: ਧਰਮਵੀਰ ਗਾਂਧੀ ਨੇ ਇਸ ਮੌਕੇ ਕਿਹਾ ਕਿ ਮੇਰਾ ਪਿਛਲੇ 50 ਸਾਲ ਦਾ ਸਮਾਜਿਕ ਜੀਵਨ ਇੱਕ ਖੁੱਲ੍ਹੀ ਕਿਤਾਬ ਵਾਂਗ ਲੋਕਾਂ ਦੇ ਸਾਹਮਣੇ ਹੈ। ਮੇਰੇ ਸਾਹਮਣੇ ਵਾਲ਼ੇ ਉਮੀਦਵਾਰ ਬੇਸ਼ੱਕ ਪੈਸੇ ਅਤੇ ਸੱਤਾ ਦੀ ਤਾਕਤ ਪੱਖੋਂ ਬਹੁਤ ਤਾਕਤਵਰ ਹਨ ਪਰ ਮੇਰੇ ਨਾਲ਼ ਮੇਰੇ ਲੋਕ ਖੜ੍ਹੇ ਹਨ ਅਤੇ ਲੋਕਾਂ ਦੀ ਤਾਕਤ ਹੀ ਮੈਨੂੰ ਸੰਸਦ ਵਿੱਚ ਪਹੁੰਚਾਏਗੀ ਅਤੇ ਮੈਂ ਸੰਸਦ ਵਿੱਚ ਪੁੱਜ ਕੇ ਪੰਜਾਬ – ਪੰਜਾਬੀ – ਪੰਜਾਬੀਅਤ ਦੀ ਅਵਾਜ਼ ਬੁਲੰਦ ਕਰਾਂਗਾ।
ਇਸ ਮੌਕੇ ਹਲਕਾ ਇੰਚਾਰਜ ਸਮਾਣਾ ਕਾਕਾ ਰਜਿੰਦਰ ਸਿੰਘ ਅਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਨੇ ਵੀ ਸੰਬੋਧਨ ਕੀਤਾ।