ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਵੋਟ ਦੇ ਅਧਿਕਾਰ ਨੂੰ ਹਰ ਹਾਲਤ ਵਿੱਚ ਵਰਤਣ ਦੀ ਅਪੀਲ

 

ਪੰਜਾਬੀ ਯੂਨੀਵਰਸਿਟੀ ਵਿਖੇ ‘ਚੋਣ ਉਤਸਵ’*

*-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਵੋਟ ਦੇ ਅਧਿਕਾਰ ਨੂੰ ਹਰ ਹਾਲਤ ਵਿੱਚ ਵਰਤਣ ਦੀ ਅਪੀਲ *

ਪਟਿਆਲਾ, 21 ਮਈ
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਵੋਟਰਾਂ ਨੂੰ ਸੰਵਿਧਾਨ ਰਾਹੀਂ ਮਿਲੇ ਵੋਟ ਦੇ ਅਧਿਕਾਰ ਨੂੰ ਹਰ ਹਾਲਤ ਵਿੱਚ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਹਰ ਹਾਲ ਵਿੱਚ ਕਰਨੀ ਚਾਹੀਦੀ ਹੈ ਅਤੇ ਲੋਕਤੰਤਰ ਦੇ ਨਿਜ਼ਾਮ ਵਿੱਚ ਮਿਲੇ ਇਸ ਹੱਕ ਨੂੰ ਸੰਭਾਲ਼ ਕੇ ਰੱਖਣਾ ਚਾਹੀਦਾ ਹੈ।
ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਏ ‘ਚੋਣ ਉਤਸਵ’ ਨਾਮਕ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਸਿ਼ਰਕਤ ਕਰਦਿਆਂ ਸ੍ਰੀ ਪਰੇ ਨੇ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਸਮਾਜ ਦਾ ਸਭ ਤੋਂ ਵੱਧ ਪੜ੍ਹਿਆ-ਲਿਖਿਆ ਤਬਕਾ ਰਹਿੰਦਾ ਹੈ। ਇਸ ਵਰਗ ਨੂੰ ਖ਼ੁਦ ਵੋਟ ਕਰਨ ਦੇ ਨਾਲ਼-ਨਾਲ਼ ਹੀ ਹੋਰਾਂ ਨੂੰ ਵੋਟ ਪਾਉਣ ਲਈ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੀਬ ਗੱਲ ਹੈ ਕਿ ਆਮ ਤੌਰ ਉੱਤੇ ਘੱਟ ਪੜ੍ਹੇ ਲਿਖੇ ਅਤੇ ਗਰੀਬ ਲੋਕ ਵੋਟਾਂ ਵਿੱਚ ਵਧੇਰੇ ਸਰਗਰਮੀ ਨਾਲ਼ ਸਿ਼ਰਕਤ ਕਰਦਿਆਂ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਦੂਜੇ ਪਾਸੇ ਪੜ੍ਹੇ ਲਿਖੇ ਲੋਕ ਬਹੁਤੀ ਵਾਰ ਇਸ ਪੱਖੋਂ ਅਵੇਸਲੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਬਲਕਿ ਸਿੱਖਿਅਤ ਲੋਕਾਂ ਨੂੰ ਪੂਰੇ ਸਮਾਜ ਲਈ ਆਦਰਸ਼ ਬਣ ਕੇ ਵਿਚਰਨਾ ਚਾਹੀਦਾ ਹੈ। ਅਜਿਹਾ ਕਰ ਕੇ ਹੀ ਅਸੀਂ ਸਾਡੇ ਉਸ ਮਹਾਨ ਲੋਕਤੰਤਰ ਨੂੰ ਬਚਾ ਸਕਦੇ ਹਾਂ ਜਿਸ ਦੀ ਪ੍ਰਾਪਤੀ ਲਈ ਸਦੀਆਂਬੱਧੀ ਸੰਘਰਸ਼ ਕਰਨੇ ਪਏ ਹਨ।
ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜੇ ਅਸੀਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਨਹੀਂ ਕਰਦੇ ਤਾਂ ਸਾਨੂੰ ਆਪਣੇ ਹੋਰ ਹੱਕਾਂ ਬਾਰੇ ਬੋਲਣ ਦਾ ਵੀ ਕੋਈ ਹੱਕ ਨਹੀਂ। ਉਨ੍ਹਾਂ ਯੂਨੀਵਰਸਿਟੀ ਪਰਿਵਾਰ ਨਾਲ਼ ਜੁੜੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਹਰ ਹਾਲਤ ਵਿੱਚ ਕਰਨ। ਉਨ੍ਹਾਂ ਇਸ ਗੱਲ ਉੱਤੇ ਅਫ਼ਸੋਸ ਜਤਾਇਆ ਕਿ ਪਿਛਲੀਆਂ ਚੋਣਾਂ ਦੌਰਾਨ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਰਹਿੰਦੇ ਮੁਲਾਜ਼ਮਾਂ ਦੀ ਵੋਟ-ਭੁਗਤਾਨ ਦਰ ਬਾਕੀ ਸ਼ਹਿਰ ਨਾਲ਼ੋਂ ਘੱਟ ਰਹੀ ਹੈ, ਜੋ ਇਸ ਵਾਰ ਨਹੀਂ ਰਹਿਣੀ ਚਾਹੀਦੀ।
ਜਿ਼ਲ੍ਹਾ ਸਵੀਪ ਨੋਡਲ ਅਫ਼ਸਰ ਡਾ. ਸਵਿੰਦਰ ਸਿੰਘ ਰੇਖੀ ਨੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਚੋਣਾਂ ਨਾਲ਼ ਜੁੜੀਆਂ ਐਪਸ ਅਤੇ ਵੈੱਬਸਾਈਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵੱਖ-ਵੱਖ ਐਪਸ ਦੀ ਵਰਤੋਂ ਕਰਨ ਦੇ ਢੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਆਮ ਲੋਕ ਘਰ ਬੈਠੇ ਹੀ ਚੋਣ-ਪ੍ਰਕਿਰਿਆ ਨਾਲ਼ ਜੁੜੀਆਂ ਵੱਖ-ਵੱਖ ਸਹੂਲਤਾਂ ਦਾ ਲਾਭ ਉਠਾ ਸਕਦੇ ਹਨ।
ਸਵੀਪ ਨੋਡਲ ਅਫ਼ਸਰ ਪ੍ਰੋ. ਮੁਹੰਮਦ ਇਦਰੀਸ ਵੱਲੋਂ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਵੋਟ ਦੇ ਅਧਿਕਾਰ ਦੇ ਇਤਿਹਾਸਕ ਪੱਖ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਸੰਸਾਰ ਭਰ ਵਿੱਚ ਆਮ ਲੋਕਾਂ ਨੂੰ ਵੋਟ ਦਾ ਅਧਿਕਾਰ ਪ੍ਰਾਪਤ ਕਰਨ ਲਈ ਲੰਬੇ ਸੰਘਰਸ਼ ਲੜਨੇ ਪਏ ਹਨ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਅੰਗਰੇਜ਼ਾ ਦੇ ਰਾਜ ਸਮੇਂ ਸੀਮਿਤ ਲੋਕਾਂ ਨੂੰ ਵੋਟਾਂ ਦਾ ਅਧਿਕਾਰ ਦਿੱਤਾ ਗਿਆ ਸੀ ਪਰ ਅਜ਼ਾਦੀ ਉਪਰੰਤ ਜਦੋਂ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਤਾਂ ਆਮ ਲੋਕਾਂ ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ।
ਪ੍ਰੋਗਰਾਮ ਦੌਰਾਨ ਸਕੂਲ ਆਫ਼ ਬਲਾਈਂਡ ਐਂਡ ਡੈੱਫ਼, ਸੈਫ਼ਦੀਪੁਰ ਦੇ ਵਿਸ਼ੇਸ਼ ਸਮਰਥਾ ਵਾਲ਼ੇ ਵਿਦਿਆਰਥੀਆਂ ਵੱਲੋਂ ਵੋਟਾਂ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਗਾਣ ਪੇਸ਼ ਕੀਤਾ ਗਿਆ।

Related Post

Leave a Reply

Your email address will not be published. Required fields are marked *