ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ

ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ
-ਕਿਹਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਲਈ ਰਾਜਪੁਰਾ ਦਾ ਉਦਯੋਗਿਕ ਵਿਕਾਸ ਜ਼ਰੂਰੀ
ਪਟਿਆਲਾ, 19 ਮਈ
ਭਾਰਤੀ ਜਨਤਾ ਪਾਰਟੀ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਉਮੀਦਵਾਰ ਪ੍ਰਨੀਤ ਕੌਰ ਨੇ ਸ਼ਨੀਵਾਰ ਨੂੰ ਰਾਜਪੁਰਾ ਵਿੱਚ ਸਿਆਸੀ ਜਨਤਕ ਮੀਟਿੰਗਾਂ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ। ਪਟਿਆਲਾ ਅਤੇ ਪੰਜਾਬ ਦੇ ਉੱਜਵਲ ਭਵਿੱਖ ਦਾ ਹਵਾਲਾ ਦਿੰਦੇ ਹੋਏ ਉਹਨਾਂ ਲੋਕਾਂ ਤੋਂ ਆਪਣੇ ਲਈ ਵੋਟਾਂ ਮੰਗੀਆਂ। ਜਨ ਸਭਾ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ ਕਿ ਭੂਗੋਲਿਕ ਸਥਿਤੀਆਂ ਦੇ ਆਧਾਰ ’ਤੇ ਉਹ ਪੂਰੇ ਭਰੋਸੇ ਨਾਲ ਕਹਿ ਸਕਦੇ ਹਨ ਕਿ ਰਾਜਪੁਰਾ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਲੋਕਾਂ ਦੇ ਭਰੋਸੇ ਦੀ ਤਾਕਤ ਨਾਲ ਉਹ ਮੋਦੀ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਹਨ ਅਤੇ ਉਨ੍ਹਾਂ ਦਾ ਇੱਕ ਅਹਿਮ ਸੁਪਨਾ ਰਾਜਪੁਰਾ ਨੂੰ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਾਉਣਾ ਹੈ। ਰੇਲ, ਸੜਕ ਅਤੇ ਹਵਾਈ ਸੰਪਰਕ ਨਾਲ ਜੁੜਿਆ ਹੋਣ ਕਰਕੇ ਰਾਜਪੁਰਾ ਪੰਜਾਬ ਦੀ ਮੁੱਖ ਉਦਯੋਗਿਕ ਇਕਾਈ ਬਣ ਕੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰ ਸਕੇਗਾ। ਵੱਡੀਆਂ ਸਨਅਤੀ ਇਕਾਈਆਂ ਵਾਲੇ ਰਾਜਪੁਰਾ ਨੂੰ ਕਈ ਵਿਦੇਸ਼ੀ ਕੰਪਨੀਆਂ ਨੇ ਪਹਿਲਾਂ ਹੀ ਆਪਣੀ ਪਹਿਲੀ ਪਸੰਦ ਬਣਾਇਆ ਹੋਇਆ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਜੇਕਰ ਰਾਜਪੁਰਾ ਵਾਸੀਆਂ ਦੇ ਭਰੋਸੇ ਦੀ ਤਾਕਤ ਨਾਲ ਉਹ ਕੇਂਦਰ ਸਰਕਾਰ ਦਾ ਹਿੱਸਾ ਬਣਦੇ ਹਨ ਤਾਂ ਮੇਕ ਇਨ ਇੰਡੀਆ ਤਹਿਤ ਉਹ ਰਾਜਪੁਰਾ ਨੂੰ ਪੰਜਾਬ ਦੇ ਮੁੱਖ ਉਦਯੋਗਿਕ ਖੇਤਰ ਵਜੋਂ ਵਿਕਸਤ ਕਰਨ ਲਈ ਨਰਿੰਦਰ ਮੋਦੀ ਸਰਕਾਰ ਤੋਂ ਵੱਡਾ ਆਰਥਿਕ ਪੈਕੇਜ ਲੈ ਕੇ ਆ ਸਕਣਗੇ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਨੇ ਕਦੇ ਵੀ ਕਿਸੇ ਸੂਬੇ ਨੂੰ ਨਵੇਂ ਉਦਯੋਗ ਵਜੋਂ ਵਿਕਸਿਤ ਕਰਨ ਲਈ ਨਿਰਾਸ਼ ਨਹੀਂ ਕੀਤਾ।
ਭਾਜਪਾ ਆਗੂ ਪ੍ਰਨੀਤ ਕੌਰ ਨੇ 1 ਜੂਨ ਨੂੰ ਕਮਲ ਦੇ ਫੁੱਲ ਦੇ ਬਟਣ ਨੂੰ ਦੱਬ ਕੇ ਰਾਮ ਭਗਤ ਨਰਿੰਦਰ ਭਾਈ ਮੋਦੀ ਦੇ ਹੱਥ ਮਜਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਵੱਡੀ ਸਰਕਾਰੀ ਸਹਾਇਤਾ ਤੋਂ ਅੱਜ ਰਾਜਪੁਰਾ ਦੀ ਆਪਣੀ ਵੱਖਰੀ ਪਛਾਣ ਹੈ। ਗੁਣਵੱਤਾ ਭਰਪੂਰ ਫਰਨੀਚਰ ਵਿੱਚ ਰਾਜਪੁਰਾ ਦੇ ਨਾਲ-ਨਾਲ ਨਾਭਾ ਅਤੇ ਸਨੌਰ ਵਿੱਚ ਬਣੇ ਫਰਨੀਚਰ ਨੂੰ ਵਿਦੇਸ਼ਾਂ ਵਿੱਚ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਾਜਪੁਰਾ ਵਿੱਚ ਕਈ ਮਸ਼ਹੂਰ ਬ੍ਰਾਂਡਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਰਾਜਪੁਰਾ ਪੰਜਾਬ ਦੇ ਵੇਅਰਹਾਊਸ ਅਤੇ ਲੌਜਿਸਟਿਕਸ ਕੇਂਦਰ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ।
ਭਾਜਪਾ ਆਗੂ ਪ੍ਰਨੀਤ ਕੌਰ ਨੇ ਆਪਣੇ ਰਾਜਪੁਰਾ ਦੌਰੇ ਦੌਰਾਨ ਪ੍ਰਾਚੀਨ ਪਿੰਡ ਨਲਾਸ ਵਿਖੇ ਪਹੁੰਚਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ। ਮੰਦਿਰ ਵਿੱਚ ਮੱਥਾ ਟੇਕਣ ਮਗਰੋਂ ਪ੍ਰਨੀਤ ਕੌਰ ਨੇ ਕਿਹਾ ਕਿ ਰਾਜਪੁਰਾ ਅਤੇ ਇੱਥੋਂ ਦੇ ਵਸਨੀਕਾਂ ਨੂੰ ਨਲਾਸ ਵਿੱਚ ਸਥਿਤ ਭਗਵਾਨ ਸ਼ਿਵ ਦੀ ਬਖਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਦੇ ਨਲਾਸ ਇਲਾਕੇ ਵਿੱਚ 15ਵੀਂ ਸਦੀ ਤੋਂ ਸੰਤਾਂ ਦਾ ਨਿਵਾਸ ਰਿਹਾ ਹੈ। ਸ਼ਾਇਦ ਇਸੇ ਕਾਰਨ ਰਾਜਪੁਰਾ ਨੇ ਹਮੇਸ਼ਾ ਤਰੱਕੀ ਕੀਤੀ ਹੈ। ਨੈਸ਼ਨਲ ਹਾਈਵੇਅ ਨੰਬਰ 1 ਅਤੇ ਪੰਜਾਬ ਵਿੱਚ ਭਾਰਤੀ ਰੇਲਵੇ ਦਾ ਮੁੱਖ ਐਂਟਰੀ ਗੇਟ ਰਾਜਪੁਰਾ ਵਿੱਚ ਸਥਾਪਿਤ ਹੋਣ ਕਾਰਨ ਇੱਥੇ ਉਦਯੋਗਾਂ ਨੂੰ ਵਿਕਸਿਤ ਕਰਨਾ ਆਸਾਨ ਹੋ ਸਕਿਆ ਹੈ। ਇਤਿਹਾਸ ਨੂੰ ਯਾਦ ਕਰਵਾਉਦਿਆਂ ਉਹਨਾਂ ਕਿਹਾ ਕਿ ਉਹਨਾਂ ਦੇ ਪੂਰਵਜਾਂ ਨੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਹੀ ਰਾਜਪੁਰਾ ਵਿੱਚ ਰੇਲਵੇ ਲਾਇਨ ਸਥਾਪਿਤ ਕਰਵਾਈ ਸੀ ਅਤੇ ਅੱਜ ਰਾਜਪੁਰਾ ਦੇ ਨਾਲ-ਨਾਲ ਪੂਰਾ ਪੰਜਾਬ ਇਸਦਾ ਲਾਭ ਲੈ ਰਿਹਾ ਹੈ।
ਪ੍ਰਨੀਤ ਕੌਰ ਨੇ ਰਾਜਪੁਰਾ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਨੂੰ ਸੰਸਦ ਵਿੱਚ ਲੈ ਕੇ ਜਾਣਾ ਰਾਜਪੁਰਾ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਅਤੇ ਨਰਿੰਦਰ ਭਾਈ ਮੋਦੀ ਤੋਂ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਰਾਜਪੁਰਾ ਲਈ ਵੱਡਾ ਵਿਕਾਸ ਪੈਕੇਜ ਲਿਆਕੇ ਦੇਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ।
ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ, ਘਨੌਰ ਹਲਕਾ ਇੰਚਾਰਜ ਵਿਕਾਸ ਸ਼ਰਮਾ, ਸ਼ੇਖਰ ਚੋਧਰੀ, ਪਰਦੀਪ ਨੰਦਾ, ਨੰਦ ਲਾਲ, ਰੁਪਿੰਦਰ ਸਿੰਘ, ਅਮਰਜੀਤ ਉਕਸੀ, ਅਸ਼ਵਨੀ ਵਰਮਾ,ਦਲਬੀਰ ਸਿੰਘ, ਸ਼ਿਵ ਕੁਮਾਰ, ਕ੍ਰਿਸ਼ਨ ਕੁਮਾਰ, ਕਰਮਪਾਲ ਗਿਰ, ਰਵਿੰਦਰ ਸਿੰਘ, ਸ਼ਾਂਤੀ ਸਪਰਾ, ਮਨੂੰ ਭਰਤਗੜ੍ਹ, ਓਮ ਪ੍ਰਕਾਸ਼ ਭਾਰਤੀ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।

Related Post

Leave a Reply

Your email address will not be published. Required fields are marked *