ਧਰਮਵੀਰ ਗਾਂਧੀ ਦੇ ਚੋਣ ਜਲਸੇ ਇਕੱਠ ਪੱਖੋਂ ਸਭ ਤੋਂ ਅੱਗੇ
ਡਾ: ਗਾਂਧੀ ਨੂੰ ਵੱਡੀ ਜਿੱਤ ਦਾ ਭਰੋਸਾ ਦਵਾ ਰਹੇ ਹਨ ਹਲਕੇ ਦੇ ਲੋਕ
ਅੱਜ ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਨਾਲ਼ ਮਿਲ ਕੇ ਵਿਧਾਨ ਸਭਾ ਸਨੌਰ ਦੇ ਪਿੰਡਾਂ ਵਿੱਚ ਜਨ ਸਭਾਵਾਂ ਕੀਤੀਆਂ ਗਈਆਂ ਜਿਸ ਵਿੱਚ ਸਥਾਨਕ ਲੋਕਾਂ ਵੱਲੋਂ ਗਾਂਧੀ ਨੂੰ ਵੱਡਾ ਹੁੰਗਾਰਾ ਮਿਲਿਆ।
ਡਾ: ਗਾਂਧੀ ਜਿੱਥੇ ਵੀ ਚੋਣ ਜਲਸੇ ਨੂੰ ਸੰਬੋਧਨ ਹੋਣ ਲਈ ਪੁੱਜਦੇ ਹਨ, ਉੱਥੇ ਹੀ ਵੱਡਾ ਇਕੱਠ ਹੋ ਜਾਂਦਾ ਹੈ। ਦੇਖਿਆ ਜਾਵੇ ਤਾਂ ਡਾ: ਗਾਂਧੀ ਚੋਣ ਜਲਸਿਆਂ ਵਿੱਚ ਇਕੱਠ ਕਰਨ ਦੇ ਮਾਮਲੇ ਵਿੱਚ ਅੱਜ ਸਭ ਤੋਂ ਅੱਗੇ ਚੱਲ ਰਹੇ ਹਨ। ਆਪਣੀਆਂ ਚੋਣ ਸਭਾਵਾਂ ਵਿੱਚ ਹੁੰਦੇ ਵੱਡੇ ਇਕੱਠਾਂ ਤੋਂ ਡਾਕਟਰ ਧਰਮਵੀਰ ਗਾਂਧੀ ਬੇਹੱਦ ਖ਼ੁਸ਼ ਹਨ ਕਿਉਂਕਿ ਹਰ ਇਕੱਠ ਵਿੱਚ ਮੌਜੂਦ ਲੋਕ ਦੋਵੇਂ ਹੱਥ ਖੜ੍ਹੇ ਕਰਕੇ ਡਾ: ਗਾਂਧੀ ਨੂੰ ਜਿਤਾਉਣ ਦਾ ਭਰੋਸਾ ਦਿੰਦੇ ਹਨ।
ਡਾ: ਗਾਂਧੀ ਨੇ ਇਸ ਮੌਕੇ ਵੋਟਰਾਂ ਨੂੰ ਮਿਲਦਿਆਂ ਕਿਹਾ ਕਿ ਮੈਨੂੰ ਵੋਟ ਮੇਰੇ ਕੰਮਾਂ ਨੂੰ ਦੇਖਦਿਆਂ ਪਾਓ। ਉਹਨਾਂ ਕਿਹਾ ਕਿ ਸ੍ਰੀਮਤੀ ਪਰਨੀਤ ਕੌਰ ਨੇ ਵੀਹ ਸਾਲ ਸੰਸਦ ਮੈਂਬਰ ਰਹਿ ਕੇ ਵੀ ਓਹ ਕੰਮ ਨਹੀਂ ਕਰਵਾਏ ਜੋ ਮੈਂ ਪੰਜ ਸਾਲਾਂ ਵਿੱਚ ਕਰਵਾਏ ਹਨ। ਐਤਕੀਂ ਜਿੱਤਣ ਤੋਂ ਬਾਅਦ ਉਸਤੋਂ ਵੀ ਦੁੱਗਣੀ – ਚੌਗੁਣੀ ਰਫ਼ਤਾਰ ਨਾਲ਼ ਕੰਮ ਕਰਵਾਏ ਜਾਣਗੇ।
ਓਹਨਾਂ ਪਟਿਆਲਾ ਅੰਦਰ ਪਾਸਪੋਰਟ ਦਫ਼ਤਰ ਲਿਆਉਣ, ਬਠਿੰਡਾ ਰਾਜਪੁਰਾ ਰੇਲਵੇ ਲਾਈਨ ਡਬਲ ਅਤੇ ਬਿਜਲੀਕਰਨ ਕਰਵਾਉਣ ਦਾ ਦੋ ਹਜ਼ਾਰ ਕਰੋੜ ਰੁਪਏ ਦਾ ਪ੍ਰਾਜੈਕਟ, ਰਾਜਪੁਰਾ ਚੰਡੀਗੜ੍ਹ ਰੇਲਵੇ ਲਾਈਨ ਮਨਜ਼ੂਰ ਕਰਵਾਉਣ, ਇੱਕ ਹਜ਼ਾਰ ਤੋਂ ਵਧੇਰੇ ਸਕੂਲਾਂ ‘ਚ ਬੈਂਚ,RO ਫਿਲਟਰ ਅਤੇ ਟਾਇਲਟ ਬਣਾਉਣ, ਡੇਢ ਸੌ ਤੋਂ ਵਧੇਰੇ ਸ਼ਮਸ਼ਾਨ ਘਾਟ ਜਾਤ ਪਾਤ ਤੋੜਕੇ ਇੱਕ ਕਰਵਾਉਣ ਤੋਂ ਲੈਕੇ ਅਜਿਹੇ ਅਨੇਕ ਕਾਰਜ ਹਨ ਜਿਹੜੇ ਓਹਨਾਂ ਵੱਲੋਂ ਸੰਸਦ ਮੈਂਬਰ ਰਹਿੰਦਿਆਂ ਕਰਵਾਏ ਗਏ ਹਨ।