ਮੰਤਰੀ ਲਾਲਜੀਤ ਸਿੰਘ ਭੁੱਲਰ ‘ਤੇ ਲੱਗੇ ਰਾਮਗੜੀਆ ਤੇ ਸੁਨਿਆਰਾ ਭਾਈਚਾਰ ਖਿਲਾਫ਼ ਭੱਦੀਆਂ ਟਿੱਪਣੀਆਂ ਕਰਨ ਦੇ ਇਲਜ਼ਾਮ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ‘ਤੇ ਲੋਕ ਸਭਾ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵਿਵਾਦਾ ‘ਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਉਨ੍ਹਾਂ ਉਤੇ ਲੋਕ ਸਭਾ ਚੋਣਾ ਦਾ ਪ੍ਰਚਾਰ ਕਰਦੇ ਸਮੇਂ ਰਾਮਗੜੀਆ ਤੇ ਸੁਨਿਆਰਾ ਭਾਈਚਾਰ ਖਿਲਾਫ਼ ਭੱਦੀਆਂ ਟਿੱਪਣੀਆਂ ਕਰਨ ਦੇ ਇਲਜ਼ਾਮ ਲੱਗੇ ਹਨ। ਵਿਰੋਧੀ ਦਿਰ ਦੇ ਆਗੂਆਂ ਵੱਲੋਂ ਹੁਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ੋਸ਼ਲ ਮੀਡੀਆ ਤੇ ਲਿਖਿਆ ਕਿ ਆਪ ਦੇ ਮੰਤਰੀ ਲਾਲਜੀਤ ਭੁੱਲਰ ਨੇ ਭਾਸ਼ਣ ਦੌਰਾਨ ਰਾਮਗੜੀਆ ਤੇ ਸੁਨਿਆਰਾ ਬਰਾਦਰੀ ਦਾ ਕੀਤਾ ਅਪਮਾਨ। ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖ਼ਾਲਸਾ ਪੰਥ ਦੀ ਸਾਜਨਾ ਕਰ ਸਿੱਖਾਂ ਨੂੰ ਜਾਤ ਪਾਤ ਦੇ ਬੰਧਨ ਤੋਂ ਮੁਕਤ ਕੀਤਾ ਸੀ। ਪਰ ਅੱਜ ਦੇ ਅਖੌਤੀ ਬਦਲਾਵ ਵਾਲੇ ਸ਼ਰੇਆਮ ਸਟੇਜਾਂ ਤੇ ਸਿੱਖਾਂ ਦਾ ਅਪਮਾਨ ਕਰ ਰਹੇ ਹਨ। ਸਮੁੱਚੇ ਪੰਜਾਬੀਆਂ ਨੂੰ ਜਾਤ ਪਾਤ ਤੋਂ ਉੱਪਰ ਉੱਠਕੇ ਇਸਦਾ ਵਿਰੋਧ ਕਰਨਾ ਚਾਹੀਦਾ ਹੈ। ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ! ਘਟੀਆ ਪੱਧਰ ਦੀ ਰਾਜਨੀਤੀ ਛੱਡੋ। ਲਾਲਜੀਤ ਭੁੱਲਰ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ “ਇਹ ਬੇਹੱਦ ਸ਼ਰਮਨਾਕ ਹੈ ਕਿ ਅਜੋਕੇ ਸਮਾਜ ਵਿੱਚ ਵੀ ਲੋਕਾਂ ਦੇ ਵਿਚਾਰ ਇਹੋ ਜਿਹੇ ਹਨ। ਇਹ ਕੋਈ ਆਮ ਵਿਅਕਤੀ ਨਹੀਂ ਬਲਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਹਨ ਜੋ ਵੱਖ-ਵੱਖ ਜਾਤੀਆਂ ਪ੍ਰਤੀ ਭੱਦੀਆਂ ਟਿੱਪਣੀਆਂ ਕਰ ਕੇ ਆਪਣੀ ਸੋਚ ਦਾ ਜਨਾਜ਼ਾ ਕੱਢ ਰਹੇ ਹਨ। ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾਂ ਹਾਂ ਕਿ ਇਸ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੇ ਵੰਡ ਪਾਊ ਭਾਸ਼ਣਾਂ ਨੂੰ ਠੱਲ ਪਾਈ ਜਾ ਸਕੇ।”

Related Post