ਪੰਜਾਬ ‘ਚ ਨਹੀਂ ਹੋਵੇਗਾ ਭਾਜਪਾ ‘ਤੇ ਅਕਾਲੀਆਂ ਦਾ ਗੱਠਜੋੜ

ਚੰਡੀਗੜ੍ਹ: ਪੰਜਾਬ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਗਠਜੋੜ ਨਹੀਂ ਹੋਵੇਗਾ। ਪਿਛਲੇ ਕੁਝ ਮਹੀਨਿਆਂ ਤੋਂ ਦੋਨਾਂ ਧਿਰਾਂ ਵਿਚਕਾਰ ਗਠਜੋੜ ਦੀਆਂ ਚੱਲ ਰਹੀਆਂ ਕਿਆਸਅਰਾਈਆਂ ਨੂੰ ਰੱਦ ਕਰਦਿਆਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਪਾਈ ਆਪਣੀ ਵੀਡੀਓ ਦੇ ਵਿੱਚ ਸ੍ਰੀ ਜਾਖੜ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਭਾਜਪਾ ਨੇ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਇਕੱਲਿਆਂ ਮੈਦਾਨ ਵਿੱਚ ਉਤਰਨ ਦਾ ਫੈਸਲਾ ਲਿਆ ਹੈ।

ਹਾਲਾਂਕਿ ਉਹਨਾਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਨਹੀਂ ਲਿਆ ਪ੍ਰੰਤੂ ਦਾਵਾ ਕੀਤਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਦੀ ਬੇਹਤਰੀ ਤੇ ਤਰੱਕੀ ਦੇ ਲਈ ਭਾਜਪਾ ਦਾ ਇੱਥੇ ਮਜਬੂਤ ਹੋਣਾ ਜਰੂਰੀ ਹੈ। ਉਹਨਾਂ ਪੰਜਾਬ ਦੀ ਸਿੱਖ ਅਤੇ ਖਾਸਕਰ ਕਿਸਾਨੀ ਵੋਟ ਬੈਂਕ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦਾ ਸੇਹਰਾ ਵੀ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਹੈ। ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਦੇ ਵਿੱਚ ਕੇਂਦਰ ਸਰਕਾਰ ਨੇ ਐਮਐਸਪੀ ਉੱਪਰ ਫਸਲਾਂ ਦੇ ਇੱਕ-ਇੱਕ ਦਾਣੇ ਦੀ ਖਰੀਦ ਕੀਤੀ ਹੈ ਅਤੇ ਅੱਗੇ ਤੋਂ ਵੀ ਇਹ ਯਕੀਨੀ ਰਹੇਗੀ।

Related Post