ਪਹਿਲਾਂ ਪੇਪਰ ਲੀਕ, ਫਿਰ ਰੀ-ਟੈਸਟ ਦਾ ਡਰਾਮਾ… ਸਜ਼ਾ ਹਮੇਸ਼ਾ ਮਾਸੂਮ ਬੱਚਿਆਂ ਨੂੰ ਹੀ ਕਿਉਂ? — ਐਡਵੋਕੇਟ ਪ੍ਰਭਜੀਤ ਪਾਲ ਸਿੰਘ
ਦੇਸ਼ ਅਤੇ ਸੂਬੇ ਵਿੱਚ ਅਕਸਰ ਵੱਖ-ਵੱਖ ਭਰਤੀ ਪ੍ਰੀਖਿਆਵਾਂ ਅਤੇ ਵਿੱਦਿਅਕ ਇਮਤਿਹਾਨਾਂ ਦੇ ਪੇਪਰ ਲੀਕ ਹੋਣ ਨਾਲ ਲੱਖਾਂ ਹੋਣਹਾਰ ਅਤੇ ਮਿਹਨਤੀ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੁੰਦਾ ਜਾ ਰਿਹਾ ਹੈ। ਇਸੇ ਗੰਭੀਰ ਮਸਲੇ ‘ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ, ਕਾਨੂੰਨੀ ਮਾਮਲਿਆਂ ਦੇ ਜਾਣੇ-ਪਛਾਣੇ ਮਾਹਰ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਪ੍ਰੀਖਿਆ ਪ੍ਰਬੰਧਕਾਂ ਅਤੇ ਸਬੰਧਤ ਵਿਭਾਗਾਂ ਦੀਆਂ ਅਣਗਹਿਲੀਆਂ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਖਾਮੀਆਂ ਨਾਲ ਭਰੇ ਪ੍ਰਬੰਧਾਂ ਦਾ ਖਮਿਆਜ਼ਾ ਹਮੇਸ਼ਾ ਮਾਸੂਮ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੀ ਭੁਗਤਣਾ ਪੈਂਦਾ ਹੈ ਤੇ ਕਈ ਹੋਰ ਰਾਜਨੀਤੀ ਜਿੰਨਾਂ ਦੇ ਪੱਲੇ ਕੁਝ ਵੀ ਨਹੀ ਹੁੰਦਾ ਉਹ ਪਾਰਟੀਆ ਸਿਰਫ ਤੇ ਸਿਰਫ ਬਿਆਨਾਂ ਰਾਹੀ ਸਿਆਸੀ ਰੋਟੀਆ ਸੇਕਦੀਆ ਨਜ਼ਰ ਆਉਦੀਆ ਹਨ ।
ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਕਿਹਾ ਕਿ ਪੇਪਰ ਲੀਕ ਹੋਣਾ ਅਤੇ ਫਿਰ ਇਮਤਿਹਾਨਾਂ ਦਾ ਰੱਦ ਹੋਣਾ ਇੱਕ ਅਜਿਹਾ ਨਿਰੰਤਰ ਚੱਕਰ ਬਣ ਚੁੱਕਾ ਹੈ, ਗਿਰਜੇ ਪੂਰੀ ਪ੍ਰੀਖਿਆ ਪ੍ਰਣਾਲੀ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ।
‘ਕਿਉਂ ਹਮੇਸ਼ਾ ਸਾਡੇ ਬੱਚਿਆਂ ਨਾਲ ਹੀ ਧੋਖਾ ਹੁੰਦਾ ਹੈ? ਇੱਕ ਪ੍ਰੀਖਿਆਰਥੀ ਸਾਲਾਂਬੱਧੀ ਦਿਨ-ਰਾਤ ਇੱਕ ਕਰਕੇ, ਆਪਣੀਆਂ ਨੀਂਦਾਂ ਕੁਰਬਾਨ ਕਰਕੇ ਤਿਆਰੀ ਕਰਦਾ ਹੈ। ਮਾਪੇ ਆਪਣੀ ਖੂਨ-ਪਸੀਨੇ ਦੀ ਕਮਾਈ ਬੱਚਿਆਂ ਦੀ ਪੜ੍ਹਾਈ, ਕੋਚਿੰਗ ਅਤੇ ਕਿਤਾਬਾਂ ‘ਤੇ ਖਰਚਦੇ ਹਨ। ਪਰ ਜਦੋਂ ਇਮਤਿਹਾਨ ਦਾ ਦਿਨ ਆਉਂਦਾ ਹੈ, ਤਾਂ ਖ਼ਬਰ ਮਿਲਦੀ ਹੈ ਕਿ ਪੇਪਰ ਲੀਕ ਹੋ ਗਿਆ। ਇਸ ਤੋਂ ਬਾਅਦ ਆਪਣੀਆਂ ਗਲਤੀਆਂ ਲੁਕਾਉਣ ਲਈ ਪ੍ਰੀਖਿਆ ਰੱਦ ਕਰਕੇ ਮੁੜ ਰੀ-ਟੈਸਟ (Re-Test) ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਕੀ ਇਨ੍ਹਾਂ ਫੈਸਲਿਆਂ ਨੂੰ ਲਾਗੂ ਕਰਨ ਵਾਲਿਆਂ ਨੂੰ ਅੰਦਾਜ਼ਾ ਵੀ ਹੈ ਕਿ ਇਸ ਨਾਲ ਵਿਦਿਆਰਥੀਆਂ ਦੇ ਮਾਨਸਿਕ ਤਣਾਅ, ਸਮੇਂ ਅਤੇ ਆਰਥਿਕਤਾ ‘ਤੇ ਕਿੰਨਾ ਬੁਰਾ ਅਸਰ ਪੈਂਦਾ ਹੈ?”
ਐਡਵੋਕੇਟ ਸਿੰਘ ਨੇ ਸਪੱਸ਼ਟ ਕੀਤਾ ਕਿ ਮੁੜ ਪ੍ਰੀਖਿਆ ਲੈ ਲੈਣ ਨਾਲ ਸਮੱਸਿਆ ਖ਼ਤਮ ਨਹੀਂ ਹੁੰਦੀ, ਸਗੋਂ ਇਹ ਪ੍ਰਬੰਧਕੀ ਢਾਂਚੇ ਦੀ ਸਭ ਤੋਂ ਵੱਡੀ ਕਮੀ ਨੂੰ ਦਰਸਾਉਂਦਾ ਹੈ। ਰੀ-ਟੈਸਟ ਕਾਰਨ ਵਿਦਿਆਰਥੀਆਂ ਦੀ ਤਿਆਰੀ ਦਾ ਮਨੋਬਲ ਅਤੇ ਲੈਅ ਟੁੱਟ ਜਾਂਦੀ ਹੈ। ਪੇਪਰ ਲੀਕ ਕਰਨ ਵਾਲੇ ਗਿਰੋਹ ਆਪਣਾ ਮਕਸਦ ਪੂਰਾ ਕਰਕੇ ਨਿਕਲ ਜਾਂਦੇ ਹਨ, ਜਦਕਿ ਮਾਨਸਿਕ ਅਤੇ ਆਰਥਿਕ ਪੰਜਲ-ਖੁਆਰੀ ਸਿਰਫ਼ ਉਨ੍ਹਾਂ ਪ੍ਰੀਖਿਆਰਥੀਆਂ ਦੇ ਹਿੱਸੇ ਆਉਂਦੀ ਹੈ ਜਿਨ੍ਹਾਂ ਨੇ ਇਮਾਨਦਾਰੀ ਨਾਲ ਮਿਹਨਤ ਕੀਤੀ ਹੁੰਦੀ ਹੈ।
ਵਿਦਿਆਰਥੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਿਆਂ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਕਿਹਾ ਕਿ ਕੋਈ ਵੀ ਪੇਪਰ ਸੁਰੱਖਿਆ ਘੇਰਾ ਤੋੜ ਕੇ ਬਾਹਰ ਨਹੀਂ ਆ ਸਕਦਾ ਜਦੋਂ ਤੱਕ ਪ੍ਰੀਖਿਆ ਪ੍ਰਬੰਧਨ ਵਿੱਚ ਵੱਡੀਆਂ ਖਾਮੀਆਂ ਨਾ ਹੋਣ। ਜਿਨ੍ਹਾਂ ਅਧਿਕਾਰੀਆਂ ਅਤੇ ਏਜੰਸੀਆਂ ਕੋਲ ਪ੍ਰਸ਼ਨ-ਪੱਤਰਾਂ ਦੀ ਗੁਪਤਤਾ ਬਣਾਏ ਰੱਖਣ ਦੀ ਜ਼ਿੰਮੇਵਾਰੀ ਹੁੰਦੀ ਹੈ, ਉਨ੍ਹਾਂ ਦੀ ਢਿੱਲ ਕਾਰਨ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਿਰਫ਼ ਬੱਚਿਆਂ ‘ਤੇ ਰੀ- ਟੈਸਟ ਥੋਪਣ ਦੀ ਥਾਂ, ਅਸਲ ਦੋਸ਼ੀਆਂ ਅਤੇ ਅਣਗਹਿਲੀ ਵਰਤਣ ਵਾਲੇ ਪ੍ਰਬੰਧਕਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ ।


